ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰਾਉਣ ਦੀ ਹੋ ਰਹੀ ਹੈ ਸਾਜਿਸ਼? ਦੇਖੋ ਕਿਵੇਂ ਕਿਵੇਂ ਪਾਈਆਂ ਜਾ ਰਹੀਆਂ ਨੇ ਰੁਕਾਵਟਾਂ

TeamGlobalPunjab
9 Min Read

ਕੁਲਵੰਤ ਸਿੰਘ

ਗੁਰਦਾਸਪੁਰ : ਜਿਸ ਦਿਨ ਤੋਂ ਪਾਕਿਸਤਾਨ ਸਥਿਤ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹੇ ਜਾਣ ਦੀ ਗੱਲ ਚਰਚਾ ਵਿੱਚ ਆਈ ਹੈ, ਇੰਝ ਜਾਪਦਾ ਹੈ ਜਿਵੇਂ ਉਸ ਦਿਨ ਤੋਂ ਕੁਝ ਅਜਿਹੀਆਂ ਤਾਕਤਾਂ ਸਰਗਰਮ ਹਨ ਜਿਹੜੀਆਂ ਇਹ ਨਹੀਂ ਚਾਹੁੰਦੀਆਂ ਕਿ ਇਹ ਲਾਂਘਾ ਖੁੱਲ੍ਹੇ। ਇਸ ਦਾ ਕਾਰਨ ਇਹ ਮੰਨਿਆ ਜਾ ਰਿਹਾ ਹੈ ਕਿ ਇਸ ਲਾਂਘੇ ਦੀ ਉਸਾਰੀ ਦਾ ਸਿਹਰਾ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਸਿਰ ਬੱਝਦਾ ਹੈ, ਜੋ ਕਿ ਸਿੱਧੂ ਦੇ ਵਿਰੋਧੀਆਂ ਨੂੰ ਕਿਸੇ ਹਾਲਤ ਵਿੱਚ ਮਨਜੂਰ ਨਹੀਂ। ਸ਼ਾਇਦ ਇਹੋ ਕਾਰਨ ਹੈ ਕਿ ਵੱਡੀ ਤਾਦਾਦ ਵਿੱਚ ਕੁਝ ਲੋਕਾਂ ਨੇ ਪਹਿਲੇ ਦਿਨ ਤੋਂ ਹੀ ਅਜਿਹਾ ਕੁਝ ਕੀਤਾ ਜਿਸ ਦਾ ਸਿੱਧਾ ਅਸਰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ‘ਤੇ ਪੈਂਦਾ ਸੀ। ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਲਾਂਘੇ ਨੂੰ ਖੁੱਲ੍ਹਣ ਤੋਂ ਰੋਕਣ ਵਾਲੇ ਲੋਕ ਇਹ ਕਿਉਂ ਭੁੱਲ ਰਹੇ ਹਨ ਕਿ ਗੁਰੂ ਸਾਹਿਬ ਦਾ ਅੱਜ ਵੀ ਸਾਰੇ ਧਰਮਾਂ ਦੇ ਲੋਕ ਸਤਿਕਾਰ ਕਰਦੇ ਹਨ। ਜਵਾਬ ਮਿਲੇਗਾ ਇਹ ਸਿਆਸਤ ਐ ਜਨਾਬ ਇਸ ਵਿੱਚ ਕੁਝ ਵੀ ਹੋ ਸਕਦੈ। ਤੁਸੀਂ ਪੁੱਛੋਂਗੇ ਉਹ ਕਿਵੇਂ? ਚਲੋ ਅੱਜ ਇੱਕ ਇੱਕ ਕਰਕੇ ਉਨ੍ਹਾਂ ਘਟਨਾਵਾਂ ਵਿੱਚੋਂ ਦੀ ਹੋ ਕੇ ਲੰਘਦੇ ਹਾਂ ਜਿਨ੍ਹਾਂ ਘਟਨਾਵਾਂ ਕਾਰਨ ਕਿਹਾ ਜਾ ਰਿਹਾ ਹੈ ਕਿ ਇਹ ਰਸਤਾ ਖੁੱਲ੍ਹਦੇ ਖੁੱਲ੍ਹਦੇ ਬੰਦ ਹੋ ਜਾਣਾ ਸੀ। ਸ਼ਾਇਦ ਫਿਰ ਤੁਹਾਨੂੰ ਇਹ ਚਾਣਨਾ ਪੈ ਜਾਵੇ ਕਿ ਇਸ ਪਿੱਛੇ ਕਿਤੇ ਨਾ ਕਿਤੇ ਕੋਈ ਸਿਆਸਤ ਜਰੂਰ ਕੰਮ ਕਰ ਰਹੀ ਹੈ।

 ਇਹ ਕਹਾਣੀ ਸ਼ੁਰੂ ਹੁੰਦੀ ਹੈ ਪਾਕਿਸਤਾਨ ਅੰਦਰ ਸੱਤਾ ਤਬਦੀਲੀ ਤੋਂ ਬਾਅਦ ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਦੀ ਜਿੱਤ ਨਾਲ। ਉਹ ਇਮਰਾਨ ਖਾਨ ਜੋ ਕ੍ਰਿਕਟ ਖਿਡਾਰੀ ਹੋਣ ਦੇ ਨਾਲ ਨਾਲ ਭਾਰਤੀ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੇ ਜਿਗਰੀ ਦੋਸਤ ਵੀ ਹਨ। ਹੁਣ ਜਿਗਰੀ ਦੋਸਤ ਸਨ ਤਾਂ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਮੌਕੇ ਰੱਖੇ ਗਏ ਸਮਾਗਮ ਵਿੱਚ ਸ਼ਾਮਲ ਹੋਣ ਲਈ ਸਿੱਧੂ ਨੂੰ ਸੱਦਾ ਆਉਣਾ ਵੀ ਲਾਜ਼ਮੀ ਸੀ, ਜੋ ਸੱਦਾ ਆਇਆ ਵੀ, ਪਰ ਜਿਉਂ ਹੀ ਇਹ ਸੱਦਾ ਆਇਆ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਸਿੱਧੂ ਨੂੰ ਇਸ ਸਹੁੰ ਚੁੱਕ ਸਮਾਗਮ ਵਿੱਚ ਸ਼ਾਮਲ ਨਾ ਹੋਣ ਦੀ ਸਲਾਹ ਦਿੱਤੀ। ਜਿਸ ਨੂੰ ਸਿੱਧੂ ਨੇ ਦਰਕਿਨਾਰ ਕਰ ਦਿੱਤਾ ਤੇ ਉਹ ਪਾਕਿਸਤਾਨ ਚਲੇ ਗਏ। ਇਸ ਦੌਰਾਨ ਮੀਡੀਆ ਨੇ ਇਸ ਸਹੁੰ ਚੁੱਕ ਸਮਾਗਮ ਦਾ ਸਿੱਧਾ ਪ੍ਰਸਾਰਨ ਕੀਤਾ ਜਿੱਥੇ ਨਵਜੋਤ ਸਿੰਘ ਸਿੱਧੂ ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੂੰ ਜੱਫੀ ਪਾਉਂਦਿਆਂ ਦਿਖਾਈ ਦਿੱਤੇ। ਬੱਸ ਫਿਰ ਕੀ ਸੀ ਇੱਧਰ ਭਾਰਤ ‘ਚ ਰੌਲਾ ਪੈ ਗਿਆ ਤੇ ਵੱਖ ਵੱਖ ਸਿਆਸਤਦਾਨਾਂ ਨੇ ਇਸ ਜੱਫੀ ਲਈ ਸਿੱਧੂ ਨੂੰ ਆਪੋ ਆਪਣੇ ਅੰਦਾਜ ਵਿੱਚ ਭੰਡਣਾ ਸ਼ੁਰੂ ਕਰ ਦਿੱਤਾ। ਇੱਥੋਂ ਤੱਕ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਗੱਲ ਲਈ ਸਿੱਧੂ ਦੀ ਨਿੰਦਾ ਕੀਤੀ। ਇੱਧਰ ਸਿੱਧੂ ਨੇ ਜਦੋਂ ਇਸ ਗੱਲ ਦਾ ਖੁਲਾਸਾ ਕੀਤਾ ਕਿ ਭਾਈ ਜੱਫੀ ਮੈਂ ਇਸ ਲਈ ਪਾਈ ਸੀ ਕਿਉਂਕਿ  ਜਨਰਲ ਬਾਜਵਾ ਨੇ ਮੈਨੂੰ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਖੁਸ਼ਖਬਰੀ ਸੁਣਾਈ ਸੀ। ਭਾਵੇਂ ਕਿ ਸਿੱਧੂ ਦੇ ਇਸ ਬਿਆਨ ਨਾਲ ਉਨ੍ਹਾਂ ਦੇ ਜਿਆਦਾਤਰ ਵਿਰੋਧੀਆਂ ਦੇ ਵਿਰੋਧ ਦੀ ਫੂਕ ਨਿੱਕਲ ਗਈ, ਪਰ ਕੁਝ ਨੂੰ ਅਜੇ ਵੀ ਇਹ ਗੱਲ ਵੀ ਹਜ਼ਮ ਨਹੀਂ ਹੋਈ ਤੇ ਉਨ੍ਹਾਂ ਨੇ ਸਿੱਧੂ ਕੋਲ ਇਸ ਗੱਲ ਦੇ ਸਬੂਤ ਮੰਗੇ ਕਿ ਸਾਬਤ ਕਰੋ ਕਿ ਜਨਰਲ ਬਾਜਵਾ ਨੇ ਤੁਹਾਨੂੰ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਹੀ ਗੱਲ ਆਖੀ ਸੀ। ਉਨ੍ਹਾਂ ਸਵਾਲ ਕੀਤਾ  ਕਿ ਸਾਨੂੰ ਕੀ ਪਤਾ ਤੁਸੀਂ ਝੂਠ ਬੋਲਦੇ ਹੋਵੋਂ? ਪਰ ਇਹ ਸ਼ੰਕਾ ਵੀ ਜਲਦੀ ਦੂਰ ਹੋ ਗਈ ਤੇ ਪਾਕਿਸਤਾਨੀ ਸੂਚਨਾ ਮੰਤਰੀ ਚੌਧਰੀ ਫਵਾਦ ਅਹਿਮਦ ਨੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਦਾ ਅਧਿਕਾਰਤ ਬਿਆਨ ਵੀ ਦਿੱਤਾ।

ਇਸ ਤੋਂ ਬਾਅਦ ਦੋਵਾਂ ਸਰਕਾਰਾਂ ਨੇ ਜਦੋਂ ਇਹ ਲਾਂਘਾ ਖੋਲ੍ਹੇ ਜਾਣ ਲਈ ਸਹਿਮਤੀ ਦਿੱਤੀ ਤਾਂ ਪਾਕਿਸਤਾਨ ਵਿੱਚ ਇਹ ਲਾਂਘਾ ਖੋਲ੍ਹਣ ਲਈ ਰੱਖੇ ਗਏ ਉਦਘਾਟਨੀ ਸਮਾਗਮ ਵਿੱਚ ਸਿੱਧੂ ਇੱਕ ਵਾਰ ਫਿਰ ਉੱਥੇ ਗਏ ਜਿੱਥੇ ਉੱਥੋਂ ਦੇ ਵਿਵਾਦਿਤ ਸਿੱਖ ਆਗੂ ਅਤੇ ਲਸ਼ਕਰ-ਏ-ਤੇਈਬਾ ਦੇ ਮੁਖੀ ਹਾਫਿਜ਼ ਸਈਦ ਦੇ ਕਰੀਬੀ ਗੁਪਾਲ ਸਿੰਘ ਚਾਵਲਾ ਨਾਲ ਖਿਚਵਾਈ ਗਈ ਉਨ੍ਹਾਂ ਦੀ ਇੱਕ ਉਸ ਤਸਵੀਰ ਨੂੰ ਲੈ ਕੇ ਸਿੱਧੂ ਦੇ ਵਿਰੋਧੀਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ਸਿੱਧੂ ਤਾਂ ਦੇਸ਼ ਦੇ ਦੁਸ਼ਮਣਾਂ ਨਾਲ ਸਾਂਝ ਪਾਈ ਫਿਰਦੇ ਹਨ। ਜਿਸ ਦੇ ਨਾਲ ਦੀ ਤਸਵੀਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਖਿਚਵਾ ਕੇ ਆਏ ਸਨ।

ਰੱਬ ਰੱਬ ਕਰਦਿਆਂ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਲਈ ਦੋਵੇਂ ਸਰਕਾਰਾਂ ਮੰਨ ਗਈਆਂ ਤੇ ਚਾਰ ਮਹੀਨਿਆਂ ਅੰਦਰ ਇਸ ਲਾਂਘੇ ਦੀ ਉਸਾਰੀ ਦਾ ਕੰਮ ਮੁਕੰਮਲ ਕਰਨ ਦੇ ਸਟੇਜ਼ਾਂ ਤੋਂ ਦਾਅਵੇ ਕੀਤੇ ਗਏ। ਪਰ ਪਹਿਲਾਂ ਤਾਂ ਜਦੋਂ ਇਸ ਲਾਂਘੇ ਦੀ ਉਸਾਰੀ ਲਈ ਭਾਰਤ ਵਾਲੇ ਪਾਸੇ ਉਦਾਘਾਟਨੀ ਸਮਾਗਮ ਰੱਖਿਆ ਗਿਆ ਤਾਂ ਉਦੋਂ ਨੀਂਹ ਪੱਥਰ ‘ਤੇ ਲਿਖੇ ਜਾਣ ਵਾਲੇ ਨਾਵਾਂ ਨੂੰ ਲੈ ਕੇ ਸਿਆਸਤਦਾਨ ਅਜਿਹੇ ਉਲਝੇ ਕਿ ਪਾਕਿਸਤਾਨ ਵਾਲੇ ਪਾਸੇ ਬੈਠੇ ਲੋਕਾਂ ਨੇ ਤਾੜੀਆਂ ਤਾੜੀਆਂ ਮਾਰ ਮਾਰ ਕੇ ਇਸ ਗੱਲ ਦਾ ਸਵਾਦ ਲਿਆ।

- Advertisement -

ਇਹ ਮਾਮਲਾ ਸ਼ਾਂਤ ਹੋਇਆ ਤੇ ਮੁੱਦਾ ਭਾਰਤ ਵਾਲੇ ਪਾਸੇ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹੇ ਜਾਣ ਲਈ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਨੂੰ ਲੈ ਕੇ ਭਖ ਗਿਆ। ਇਸ ਵਾਰ ਰੌਲਾ ਉਹ ਕਿਸਾਨ ਪਾ ਕੇ ਬੈਠ ਗਏ ਜਿਹੜੇ ਕਿ ਅਕਵਾਇਰ ਕੀਤੀਆਂ ਜਾਣ ਵਾਲੀਆਂ ਆਪਣੀਆਂ ਜ਼ਮੀਨਾਂ ਦਾ ਮੁੱਲ ਵੱਧ ਮੰਗ ਰਹੇ ਸਨ। ਇਸ ਦੌਰਾਨ ਜਦੋਂ ਇੱਕ ਗੱਲ ਨਿੱਕਲ ਕੇ ਸਾਹਮਣੇ ਆਈ ਕਿ ਉੱਥੇ ਹੀ ਕੁਝ ਜ਼ਮੀਨ ਸ਼੍ਰੋਮਣੀ ਕਮੇਟੀ ਦੀ ਪਈ ਹੈ ਜਿਸ ਬਦਲੇ ਕਿਸਾਨਾਂ ਨਾਲ ਜਮੀਨ ਵਟਾ ਕੇ ਮਸਲਾ ਹੱਲ ਕੀਤਾ ਜਾ ਸਕਦਾ ਹੈ ਤਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਹ ਕਹਿ ਕੇ ਗੱਲ ਸਿਰੇ ਹੀ ਲਾ ਦਿੱਤੀ ਕਿ, “ਅਸੀਂ ਕਿਉਂ ਦੇਈਏ ਜ਼ਮੀਨ। ਇਹ ਕੰਮ ਸਰਕਾਰਾਂ ਦਾ ਹੈ।” ਖੈਰ ਕਿਸੇ ਤਰੀਕੇ ਇਹ ਮਸਲਾ ਵੀ ਹੱਲ ਹੋਇਆ ਤੇ ਲੱਗਣ ਲੱਗਾ ਕਿ ਚਲੋ ਹੁਣ ਸਭ ਕੁਝ ਠੀਕ ਹੋ ਜਾਵੇਗਾ।

ਲਾਂਘੇ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਗਿਆ ਤੇ ਅਜੇ ਕੁਝ ਥਾਂ ‘ਤੇ ਮਿੱਟੀ ਪਾ ਕੇ ਸੜਕ ਬਣਾਉਣ ਲਈ ਪੁੱਟ ਪੁਟਾਈ ਦਾ ਕੰਮ ਹੀ  ਚੱਲ ਰਿਹਾ ਸੀ ਕਿ ਰਸਤੇ ‘ਚ ਇੱਕ ਜਗ੍ਹਾ ਮੰਦਰ ਆ ਗਿਆ ਤੇ ਦੋ ਥਾਵਾਂ ਅਜਿਹੀਆਂ ਆਈਆਂ ਜਿੱਥੇ ਪੀਰ ਦੀਆਂ ਮਜ਼ਾਰਾਂ ਬਣੀਆਂ ਹੋਈਆਂ ਸਨ। ਕੰਮ ਫਿਰ ਰੁਕ ਗਿਆ। ਜਿਵੇਂ ਕਿਵੇ ਹਿੰਮਤ ਕਰਕੇ ਕੰਪਨੀ ਅਤੇ ਸਰਕਾਰੀ ਅਧਿਕਾਰੀਆਂ ਨੇ ਪੀਰ ਦੀਆਂ ਮਜ਼ਾਰਾਂ ਉਸਾਰੀ ਦੇ ਕੰਮ ਵਿੱਚ ਹੀ ਲੈਣ ਦਾ ਫੈਸਲਾ ਕੀਤਾ ਗਿਆ, ਪਰ ਡਰਦੇ ਮਾਰੇ ਉਨ੍ਹਾਂ ਮਜ਼ਾਰਾਂ ਨੂੰ ਕੋਈ ਤਿਆਰ ਹੀ ਨਹੀਂ ਹੋਇਆ। ਫਿਰ ਥੋੜੀ ਸਖਤੀ ਤੋਂ ਬਾਅਦ ਇਹ ਮਜ਼ਾਰਾਂ ਤਾਂ ਹਟਾ ਦਿੱਤੀਆਂ ਗਈਆਂ, ਪਰ ਮੰਦਰ ਦਾ ਮਸਲਾ ਅਜੇ ਵੀ ਅੜਿਆ ਹੋਇਆ ਹੈ। ਉੱਤੋਂ ਟਰੱਕ ਅਤੇ ਜੇਸੀਬੀ ਮਸ਼ੀਨਾਂ ਦੇ ਡਰਾਇਵਰਾਂ ਨੇ ਕੰਮ ਬੰਦ ਕਰਕੇ ਧਰਨਾ ਵੱਖਰਾ ਲਾ ਦਿੱਤਾ ਹੈ ਕਿ ਸਾਨੂੰ ਕੰਪਨੀ ਨੇ 2 ਮਹੀਨੇ ਤੋਂ ਤਨਖਾਹਾਂ ਨਹੀਂ ਦਿੱਤੀਆਂ।

ਹੁਣ ਇਨ੍ਹਾਂ ਘਟਨਾਵਾਂ ਦੀ ਰੌਸ਼ਨੀ ਵਿੱਚ ਤੁਸੀਂ ਸਾਰੇ ਆਪ ਹੀ ਅੰਦਾਜਾ ਲਾਓ ਕਿ ਦਾਲ ‘ਚ ਕੁਝ ਕਾਲਾ ਹੈ ਜਾਂ ਸਾਰੀ ਦਾਲ ਹੀ ਕਾਲੀ ਹੈ? ਕੀ ਇਸ ਸਭ ਵਿੱਚੋਂ ਕਿਸੇ ਸਾਜ਼ਿਸ਼ ਦੀ ਬੋਅ ਨਹੀਂ ਆਉਂਦੀ? ਕੀ ਇੰਝ ਨਹੀਂ ਜਾਪਦਾ ਜਿਵੇਂ ਇਹ ਸਭ ਇਸ ਲਾਂਘੇ ਨੂੰ ਖੁੱਲ੍ਹਣ ਤੋਂ ਰੋਕੇ ਜਾਣ ਲਈ ਕੀਤਾ ਜਾ ਰਿਹਾ ਹੈ? ਚਲੋ ਮੰਨ ਲਿਆ ਕਿ ਇਸ ਵਾਰ ਇਸ ਲਾਂਘੇ ਦੀ ਉਸਾਰੀ ਵਿੱਚ ਰੁਕਾਵਟ ਟਰੱਕ ਡਰਾਇਵਰਾਂ ਦੀ ਨੌਕਰੀ ਦੇ ਕਾਗਜ ਸਮੇਂ ਸਿਰ ਪੂਰੇ ਨਹੀਂ ਹੋਏ ਇਸ ਲਈ ਆ ਗਈ। ਪਰ ਉੱਪਰ ਦਿੱਤੀਆਂ ਘਟਨਾਵਾਂ ਨੂੰ ਜਰਾ ਗੌਰ ਨਾਲ ਪੜ੍ਹੋ ਤੇ ਫਿਰ ਦੱਸੋ ਕਿ, ਕੀ ਇਹ ਰੁਕਾਵਟ ਪਹਿਲੀ ਵਾਰ ਆਈ ਹੈ? ਕੀ ਇਸ ਤੋਂ ਪਹਿਲਾਂ ਬਾਬੇ ਨਾਨਕ ਦੇ ਘਰ ਨੂੰ ਜਾਣ ਵਾਲੇ ਇਸ ਲਾਂਘੇ ਨੂੰ ਨਾ ਬਣਨ ਦੇਣ ਜਾਂ ਬਣਦੇ ਬਣਦੇ ਨੂੰ ਰੋਕ ਦੇਣ ਵਿੱਚ ਪਹਿਲਾਂ ਕਦੀ ਕੋਈ ਰੁਕਾਵਟ ਨਹੀਂ ਆਈ? ਜਵਾਬ ਮਿਲੇਗਾ ਆਈ ਹੈ, ਬਹੁਤ ਵਾਰ ਆਈ ਹੈ। ਫਿਰ ਖ਼ਬਰਦਾਰ ਜੇ ਇਸ ਦਾ ਹੱਲ ਕਿਸੇ ਹੋਰ ਪਾਸੋਂ ਤਲਾਸ਼ਣ ਜਾਣ ਲਈ ਕੋਸ਼ਿਸ਼ ਕੀਤੀ। ਆਪਣਾ ਦਿਮਾਗ ਆਪ ਵਰਤੋ, ਤੇ ਫੈਸਲਾ ਕਰੋ ਕਿ, ਕੀ ਸਹੀ ਹੈ ਤੇ ਕੀ ਗਲਤ। ਦੂਜੇ ਕੋਲੋਂ ਫੈਸਲਾ ਕਰਵਾ ਕੇ ਇਲਜ਼ਾਮ ਉਸ ਦੇ ਸਿਰ ‘ਤੇ ਲਗਵਾ ਦੇਣਾ ਕੋਈ ਚੰਗੀ ਗੱਲ ਨਹੀਂ ਹੁੰਦੀ।

 

Share this Article
Leave a comment