ਔਰਤ ਦਾ ਗਹਿਣਿਆਂ ਨਾਲ ਪਿਆਰ ਦੇਖੋ, ਹਥਿਆਰਬੰਦ ਲੁਟੇਰਿਆਂ ਨੂੰ ਦੰਦੀਆਂ ਵੱਢ ਵੱਢ ਖਾ ਗਈ, ਗੁੱਸੇ ‘ਚ ਲੁਟੇਰਿਆਂ ਨੇ ਮਾਰੀ ਗੋਲੀ, ਮੌਤ

TeamGlobalPunjab
3 Min Read

ਖੰਨਾਂ : ਕਹਿੰਦੇ ਨੇ ਔਰਤਾਂ ਨੂੰ ਸੋਨੇ ਨਾਲ ਬਹੁਤ ਪਿਆਰ ਹੁੰਦਾ ਹੈ। ਪਰ ਉਹ ਸੋਨੇ ਲਈ ਆਪਣੀ ਜਾਨ ਵੀ ਦੇ ਸਕਦੀ ਹੈ ਇਹ ਸੋਚਣ ਦਾ ਵਿਸ਼ਾ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਤਾਜਾ ਮਾਮਲਾ ਖੰਨਾ ਦੇ ਮੋਹਨਪੁਰ ਪਿੰਡ ਦਾ ਹੈ ਜਿੱਥੇ ਔਰਤ ਨੇ ਗਹਿਣਿਆਂ ਲਈ ਆਪਣੀ ਜਾਨ ਦੇ ਦਿੱਤੀ। ਦਰਅਸਲ ਬੀਤੀ ਰਾਤ ਸਥਾਨਕ ਜਿਲ੍ਹੇ ਦੇ ਪਿੰਡ ਮੋਹਨਪੁਰ ਨੇੜੇ ਇੱਕ ਕਾਰ ਸਵਾਰ ਜੋੜੇ ‘ਤੇ ਲੁਟੇਰਿਆਂ ਵੱਲੋਂ ਹਮਲਾ ਕੀਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਘਟਨਾ ਦੌਰਾਨ ਜਦੋਂ ਲੁਟੇਰਿਆਂ ਨੇ ਕਾਰ ਸਵਾਰ ਔਰਤ ਤੋਂ ਗਹਿਣੇ ਲੁੱਟਣ ਦੀ ਕੋਸ਼ਿਸ਼ ਕੀਤੀ ਤਾਂ ਔਰਤ ਨੇ ਦਲੇਰੀ ਦਿਖਾਉਂਦਿਆਂ ਇੱਕ ਲੁਟੇਰੇ ਦੇ ਇੰਨੀ ਜੋਰ ਦੀ ਦੰਦੀ ਵੱਢੀ ਕਿ ਉਸ ਨੇ ਚੀਕ ਮਾਰਨ ਦੇ ਨਾਲ ਨਾਲ ਔਰਤ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ।

ਪ੍ਰਾਪਤ ਜਾਣਕਾਰੀ ਮੁਤਾਬਿਕ ਖੰਨਾਂ ਤੋਂ ਥੋੜੀ ਦੂਰੀ ‘ਤੇ ਜਦੋਂ ਰਾਕੇਸ਼ ਕੁਮਾਰ ਨੇ ਪੇਸ਼ਾਬ ਕਰਨ ਲਈ ਗੱਡੀ ਰੋਕੀ ਤਾਂ ਦੋ ਮੋਟਰ ਸਾਇਕਲ ਸਵਾਰ ਹਥਿਆਰਬੰਦ ਲੁਟੇਰਿਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਦੀ ਪਤਨੀ ਰਾਧੀਕਾ ਤੋਂ ਜਦੋਂ ਉਸ ਦੇ ਸਾਰੇ ਗਹਿਣੇ ਮੰਗੇ ਤਾਂ ਰਾਧੀਕਾ ਨੇ ਡਰਦੇ ਮਾਰੇ ਬਾਕੀ ਗਹਿਣੇ ਤਾਂ ਦੇ ਦਿੱਤੇ ਪਰ ਇੱਕ ਅੰਗੂਠੀ ਦੇਣ ਤੋਂ ਇਸ ਲਈ ਇਨਕਾਰ ਕਰ ਦਿੱਤਾ ਕਿਉਂਕਿ ਉਹ ਅੰਗੂਠੀ ਉਸ ਨੂੰ ਬਹੁਤ ਪਿਆਰੀ ਸੀ। ਇੱਧਰ ਲੁਟੇਰੇ ਹਰ ਹਾਲਤ ਵਿੱਚ ਰਾਧੀਕਾ ਤੋਂ ਉਹ ਅੰਗੂਠੀ ਖੋਹਨਾਂ ਚਾਹੁੰਦੇ ਹਨ ਤੇ ਇਸ ਖੋਹ ਘੜੀਸ ਦੌਰਾਨ ਰਾਧੀਕਾ ਨੂੰ ਲੁਟੇਰੇ ‘ਤੇ ਗੁੱਸਾ ਆ ਗਿਆ ਤੇ ਉਸ ਨੇ ਲੁਟੇਰੇ ਦੇ ਹੱਥ ‘ਤੇ ਦੰਦੀ ਵੱਢ ਲਈ। ਇੱਕ ਤਾਂ ਹੱਥ ‘ਤੇ ਵੱਢੀ ਗਈ ਦੰਦੀ ਦਾ ਦਰਦ ਤੇ ਦੂਜਾ ਰਾਧੀਕਾ ਵੱਲੋਂ ਕੀਤੇ ਗਏ ਜਵਾਬੀ ਹਮਲੇ ਨੇ ਲੁਟੇਰਿਆਂ ਨੂੰ ਬੌ਼ਦਲਾ ਦਿੱਤਾ ਤੇ ਉਨ੍ਹਾਂ ਨੇ ਗੁੱਸੇ ‘ਚ ਆ ਕੇ ਰਾਧੀਕਾ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ, ਤੇ ਲੁੱਟ ਦਾ ਮਾਲ ਲੈ ਕੇ ਫਰਾਰ ਹੋ ਗਏ। ਰਾਕੇਸ਼ ਅਨੁਸਾਰ ਬਾਅਦ ਵਿੱਚ ਲਹੂ ਲਹਾਨ ਰਾਧੀਕਾ ਨੂੰ ਲੈ ਕੇ ਉਹ ਹਸਪਤਾਲ ਪਹੁੰਚਿਆ ਜਿੱਥੇ 7 ਘੰਟੇ ਦੀ ਜੱਦੋ ਜਹਿਦ ਤੋਂ ਬਾਅਦ ਰਾਧੀਕਾ ਨੇ ਆਪਣੇ ਪ੍ਰਾਣ ਤਿਆਗ ਦਿੱਤੇ।

ਉੱਧਰ ਦੂਜੇ ਪਾਸੇ ਜਦੋਂ ਪੁਲਿਸ ਨੇ ਜਾਂਚ ਕਰਨ ਲਈ ਰਾਕੇਸ਼ ਕੁਮਾਰ ਤੋਂ ਵਾਰਦਾਤ ਵਾਲੀ ਥਾਂ ਬਾਰੇ ਪੁੱਛਿਆ ਤਾਂ ਰਾਕੇਸ਼ ਕੁਮਾਰ ਨੇ ਦੱਸਿਆ ਕਿ ਉਸ ਨੂੰ ਜਗ੍ਹਾ ਬਾਰੇ ਨਹੀਂ ਪਤਾ ਕਿਉਂਕਿ ਹਨੇਰਾ ਹੋਣ ਕਾਰਨ ਉਸ ਨੂੰ ਕੁਝ ਵੀ ਦਿਖਾਈ ਨਹੀਂ ਦਿੱਤਾ। ਫਿਲਹਾਲ ਰਾਕੇਸ਼ ਦੁਆਰਾ ਦੱਸੇ ਗਏ ਚਿੰਨਾਂ ਨੂੰ ਦੇਖਦਿਆਂ ਪੁਲਿਸ ਨੇ ਜਦੋਂ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਇਹ ਘਟਨਾ ਮੋਹਨਪੁਰ ਦੀ ਹੈ ਅਤੇ ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਇੱਕ ਕਾਰਤੂਸ ਵੀ ਬਰਾਮਦ ਹੋਇਆ ਹੈ।

Share this Article
Leave a comment