ਬੇਅਦਬੀ ਮਾਮਲਿਆਂ ‘ਚ ਸੀਬੀਆਈ ਨੇ ਜਾਣ ਬੁੱਝ ਕੇ ਫਾਇਲ ਕੀਤੀ ਕਲੋਜ਼ਰ ਰਿਪੋਰਟ?

TeamGlobalPunjab
4 Min Read

ਚੰਡੀਗੜ੍ਹ : ਬੀਤੀ ਕੱਲ੍ਹ ਤੋਂ ਪੰਜਾਬ ਦੀ ਸਿਆਸਤ ‘ਤੇ ਜੇਕਰ ਕੋਈ ਮੁੱਦਾ ਸਭ ਤੋਂ ਵੱਧ ਭਾਰੂ ਹੈ, ਤਾਂ ਉਹ ਹੈ ਸਾਲ 2015 ਦੌਰਾਨ ਪੰਜਾਬ ਅੰਦਰ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਸਬੰਧੀ ਸੀਬੀਆਈ ਵੱਲੋਂ ਜਾਂਚ ਕਰਨ ਤੋਂ ਬਾਅਦ ਮੁਹਾਲੀ ਦੀ ਸੀਬੀਆਈ ਅਦਾਲਤ ਵਿੱਚ ਇਨ੍ਹਾਂ ਕੇਸਾਂ ਦੀ ਕਲੋਜ਼ਰ ਰਿਪੋਰਟ ਫਾਇਲ ਕਰਨਾ। ਭਾਵੇਂ ਕਿ ਇਹ ਰਿਪੋਰਟ ਅਦਾਲਤ ਵਿੱਚ ਕਾਫੀ ਦਿਨ ਪਹਿਲਾਂ ਫਾਇਲ ਕਰ ਦਿੱਤੀ ਗਈ ਸੀ, ਪਰ ਹੁਣ ਇਸ ‘ਤੇ ਰੌਲਾ ਪੈਣ ਦਾ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ ਕਿ ਇਸ ਰਿਪੋਰਟ ਅੰਦਰਲੇ ਉਨ੍ਹਾਂ ਤੱਥਾਂ ਨੂੰ, ਜਿਹੜੇ ਰਿਪੋਰਟ ਦੀਆਂ ਤਸਦੀਕਸ਼ੁਦਾ ਕਾਪੀਆਂ ਦੇ ਅਦਾਲਤ ‘ਚੋਂ ਬਾਹਰ ਆਉਣ ਤੋਂ ਬਾਅਦ ਆਮ ਜਨ-ਮਾਨਸ ਤੱਕ ਪਹੁੰਚ ਸਕੇ ਹਨ। ਰਿਪੋਰਟ ਵਿਚਲੇ ਜਿਹੜੇ ਤੱਥਾਂ ਉੱਤੇ ਸਭ ਤੋਂ ਵੱਧ ਰੌਲਾ ਪੈ ਕੇ ਸੀਬੀਆਈ ਜਾਂਚ ‘ਤੇ ਉਂਗਲਾਂ ਚੁੱਕੀਆਂ ਜਾ ਰਹੀਆਂ ਹਨ, ਉਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਤੱਥ ਹੈ ਪੰਜਾਬ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਹ ਨੋਟੀਫਿਕੇਸ਼ਨ, ਜਿਸ ਵਿੱਚ ਸਰਕਾਰ ਨੇ ਸੀਬੀਆਈ ਤੋਂ ਇਸ ਕੇਸ ਨੂੰ ਵਾਪਸ ਲੈਣ ਦਾ ਫੈਸਲਾ ਲਿਆ ਸੀ, ਤੇ ਸੀਬੀਆਈ ਨੇ ਆਪਣੀ ਰਿਪੋਰਟ ਵਿੱਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ। ਇਸ ਤੋਂ ਇਲਾਵਾ ਇਸ ਕੇਸ ਦੇ ਮੁਲਜ਼ਮਾਂ ਦੇ ਅਵਾਜ਼ ਅਤੇ ਹਥਲਿਖਤ ਨਮੂਨਿਆਂ ਤੋਂ ਇਲਾਵਾ ਝੂਠ ਫੜਨ ਵਾਲੇ ਟੈਸਟਾਂ ਦਾ ਜ਼ਿਕਰ ਕਰਕੇ ਵੀ ਇਹ ਕਿਹਾ ਗਿਆ ਹੈ, ਕਿ ਇਸ ਸਭ ਦੇ ਬਾਵਜੂਦ ਮੁਲਜ਼ਮਾਂ ਦੇ ਖਿਲਾਫ ਕੋਈ ਅਜਿਹਾ ਸਬੂਤ ਨਹੀਂ ਮਿਲਿਆ, ਜੋ ਇਹ ਸਾਬਤ ਕਰਦਾ ਹੋਵੇ ਕਿ ਉਹ ਬੇਅਦਬੀ ਦੀਆਂ ਘਟਨਾਵਾਂ ਇਨ੍ਹਾਂ ਮੁਲਜ਼ਮਾਂ ਵੱਲੋਂ ਹੀ ਅੰਜਾਮ ਦਿੱਤੀਆਂ ਗਈਆਂ ਸਨ। ਯਾਨੀਕਿ ਸੀਬੀਆਈ ਨੇ ਕੁੱਲ ਮਿਲਾ ਕਿ ਇਸ ਕੇਸ ਦੇ ਮੁਲਜ਼ਮਾਂ ਨੂੰ ਪੂਰੀ ਤਰ੍ਹਾਂ ਕਲੀਨ ਚਿੱਟ ਦੇ ਦਿੱਤੀ ਹੈ। ਅਜਿਹੇ ਵਿੱਚ ਇਸ ਕੇਸ ਦੇ ਸ਼ਿਕਾਇਤ ਕਰਤਾ ਪੱਖ ਨੇ ਸੀਬੀਆਈ ਦੀ ਇਸ ਜਾਂਚ ਨੂੰ ਹੀ ਝੂਠ ਦਾ ਪੁਲੰਦਾ ਕਰਾਰ ਦੇ ਕੇ ਕਲੋਜ਼ਰ ਰਿਪੋਰਟ ਨੂੰ ਉੱਪਰਲੀ ਅਦਾਲਤ ਵਿੱਚ ਚੁਨੌਤੀ ਦੇਣ ਦਾ ਐਲਾਨ ਕੀਤਾ ਹੈ।

ਬੇਅਦਬੀ ਮਾਮਲਿਆਂ ਦੇ ਇਨ੍ਹਾਂ ਕੇਸਾਂ ਦੀ ਵਕਾਲਤ ਕਰ ਰਹੇ ਵਕੀਲ ਗਗਨ ਪ੍ਰਤਾਪ ਬੱਲ ਇਹ ਤਰਕ ਦਿੰਦੇ ਹਨ ਕਿ ਜੇਕਰ ਪੰਜਾਬ ਸਰਕਾਰ ਨੇ ਇਨ੍ਹਾਂ ਕੇਸਾਂ ਦੀ ਜਾਂਚ ਸੀਬੀਆਈ ਤੋਂ ਵਾਪਸ  ਲੈਣ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਸੀ ਤਾਂ ਫਿਰ ਇਸ ਜਾਂਚ ਏਜੰਸੀ ਦੀ ਉਹ ਕਿਹੜੀ ਮਜਬੂਰੀ ਸੀ ਜਿਸ ਕਾਰਨ ਏਜੰਸੀ ਨੇ ਜਾਂਚ ਜਾਰੀ ਰੱਖੀ ਤੇ ਅਦਾਲਤ ਵਿੱਚ ਇਸ ਕੇਸ ਦੀ ਕਲੋਜ਼ਰ ਰਿਪੋਰਟ ਦਾਖਲ ਕਰਕੇ ਹੀ ਦਮ ਲਿਆ? ਬੱਲ ਇਹ ਵੀ ਸਵਾਲ ਕਰਦੇ ਹਨ ਕਿ ਜੇਕਰ ਸੀਬੀਆਈ ਇਹ ਕਹਿੰਦੀ ਹੈ ਕਿ ਜਿਸ ਗੁਰਦੁਆਰਾ ਸਾਹਿਬ ‘ਚੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਕੇ ਉਨ੍ਹਾਂ ਦੀ ਬੇਅਦਬੀ ਹੋਈ ਉੱਥੇ ਕੋਈ ਸੀਸੀਟੀਵੀ ਕੈਮਰਾ ਨਹੀਂ ਸੀ ਜਿਸ ਕਾਰਨ ਜਾਂਚ ਏਜੰਸੀ ਨੂੰ ਕੋਈ ਸਬੂਤ ਨਹੀਂ ਮਿਲੇ ਤਾਂ ਫਿਰ ਜੋ ਬਿਆਨ ਮੁਲਜ਼ਮ ਮਹਿੰਦਰਪਾਲ ਬਿੱਟੂ ਨੇ ਦਿੱਤਾ, ਤੇ ਉਸ ਤੋਂ ਬਾਅਦ ਬਾਕੀ ਮੁਲਜ਼ਮਾਂ ਨੇ ਇਸ ਕੇਸ ਦੇ ਭੇਦ ਖੋਲ੍ਹੇ ਤੇ ਫਿਰ ਇਸ ਮਾਮਲੇ ‘ਚ ਬਰਾਮਦਗੀਆਂ ਹੋਈਆਂ ਉਸ ਬਾਰੇ ਸੀਬੀਆਈ ਕੋਲ ਕੀ ਜਵਾਬ ਹੈ?

ਇਸ ਤੋਂ ਇਲਾਵਾ ਵਕੀਲ ਗਗਨ ਪ੍ਰਤਾਪ ਬੱਲ ਇਹ ਵੀ ਤਰਕ ਦਿੰਦੇ ਹਨ ਕਿ ਸੀਬੀਆਈ ਨੇ ਆਪਣੀ ਕਲੋਜ਼ਰ ਰਿਪੋਰਟ ਵਿੱਚ ਅਵਾਜ਼ ਅਤੇ ਹੱਥ ਲਿਖਤਾਂ ਦੇ ਨਮੂਨੇ ਮੁਲਜ਼ਮਾਂ ਨਾਲ ਮੇਲ ਨਾ ਖਾਂਦੇ ਹੋਣ ਬਾਰੇ ਇੰਦਰਾਜ ਕੀਤਾ ਹੈ, ਜਦਕਿ ਬੱਲ ਦਾ ਦਾਅਵਾ ਹੈ ਕਿ ਇਸ ਜਾਂਚ ਏਜੰਸੀ ਨੇ ਰਿਪੋਰਟ ‘ਚ ਕਿਤੇ ਵੀ ਅਵਾਜ਼ ਦੇ ਨਮੂਨਿਆਂ ਸਬੰਧੀ ਮਾਪ-ਦੰਡਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਲਿਹਾਜ਼ਾ ਇਹ ਰਿਪੋਰਟ ਇੰਨੀ ਸਹੀ ਨਹੀਂ ਹੈ, ਤੇ ਇਸੇ ਲਈ ਉਹ ਆਉਂਦੀ 23 ਅਗਸਤ ਨੂੰ ਅਦਾਲਤ ਵਿੱਚ ਇਸ ਕਲੋਜ਼ਰ ਰਿਪੋਰਟ ਦਾ ਵਿਰੋਧ ਕਰਦੀ ਹੋਈ ਇੱਕ ਪ੍ਰੋਟੀਸ਼ਨ ਪਾਉਣ ਜਾ ਰਹੇ ਹਨ। ਉਸੇ ਦਿਨ ਅਦਾਲਤ ਇਸ ਕਲੋਜ਼ਰ ਰਿਪੋਰਟ ‘ਤੇ ਸੁਣਵਾਈ ਵੀ ਕਰੇਗੀ।

ਦੱਸ ਦਈਏ ਕਿ ਲੰਘੀ 23 ਜੁਲਾਈ ਨੂੰ ਅਦਾਲਤ ਨੇ ਸ਼ਿਕਾਇਤਕਰਤਾ ਤੇ ਦੋਵੇਂ ਮੁਲਜ਼ਮਾਂ ਨੂੰ ਇਹ  ਰਿਪੋਰਟ ਦੀਆਂ ਤਸਦੀਕਸੁਦਾ ਕਾਪੀਆਂ ਸੌਂਪਣ ਦੇ ਹੁਕਮ ਦਿੱਤੇ ਸਨ, ਜਦਕਿ ਪੰਜਾਬ ਸਰਕਾਰ ਨੂੰ ਇਹ ਕਲੋਜ਼ਰ ਰਿਪੋਰਟ ਦੇਣ ਤੋਂ ਨਾ ਕਰ ਦਿੱਤੀ ਸੀ।

- Advertisement -

Share this Article
Leave a comment