ਐਸਜੀਪੀਸੀ ਖਿਲਾਫ ਮੁਹਿੰਮ ਵੱਜੀ ਹੱਡ ‘ਤੇ, ਫੂਲਕਾ ਦਾ ਸਨਮਾਨ ਨਹੀਂ ਕਰੇਗੀ ਸ਼੍ਰੋਮਣੀ ਕਮੇਟੀ

Prabhjot Kaur
5 Min Read

ਅੰਮ੍ਰਿਤਸਰ : 1984 ਸਿੱਖ ਨਸ਼ਲਕੁਸੀ ਦੇ ਮਾਮਲਿਆਂ ‘ਚ ਪੀੜ੍ਹਤਾਂ ਦੇ ਕੇਸ 34 ਸਾਲ ਤੱਕ ਅਦਾਲਤਾਂ ‘ਚ ਲੜ ਕੇ ਉਨ੍ਹਾਂ ਨੂੰ ਇੰਨਸਾਫ ਦਵਾਉਣ ਅਤੇ ਸੱਜਣ ਕੁਮਾਰ ਵਰਗੇ ਕਾਤਲਾਂ ਨੂੰ ਜੇਲ੍ਹ ਪਹੁੰਚਵਾਉਣ ਵਾਲੇ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਐਚ ਐਸ ਫੂਲਕਾ ਦਾ ਵਿਸ਼ੇਸ਼ ਤੌਰ ਤੇ ਬੁਲਾ ਕੇ ਸਨਮਾਨ ਕਰਨ ਸਬੰਧੀ ਐਲਾਨ ਕੀਤੇ ਜਾਣ ਦੇ ਬਾਵਜੂਦ ਸ਼੍ਰੋਮਣੀ ਕਮੇਟੀ ਆਪਣੇ ਜਬਾਨ ਤੋਂ ਫਿਰਦੀ ਨਜ਼ਰ ਆ ਰਹੀ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਕਿ ਸ਼੍ਰੋਮਣੀ ਕਮੇਟੀ ਵੱਲੋਂ ਪਹਿਲਾਂ ਇਸ ਸਬੰਧੀ 26 ਦਸੰਬਰ ਨੂੰ ਸਮਾਗਮ ਰੱਖ ਕੇ ਉਸ ਦੀ ਮਿਤੀ ਅੱਗੇ ਪਾ ਦਿੱਤੀ ਗਈ, ਤੇ ਹੁਣ ਜਦੋਂ 22 ਜਨਵਰੀ ਨੂੰ ਤੇਜ਼ਾ ਸਿੰਘ ਸਮੁੰਦਰੀ ਹਾਲ ਵਿੱਚ ਇਨ੍ਹਾਂ ਕੇਸਾਂ ਦੇ ਲੋਕਾਂ ਨੂੰ ਸਨਮਾਨਿਤ ਕੀਤੇ ਜਾਣ ਦਾ ਮੁੜ ਐਲਾਨ ਕੀਤਾ ਗਿਆ, ਤਾਂ ਉਸ ਐਲਾਨਨਾਮੇ ਵਿੱਚ ਸਨਮਾਨਿਤ ਕੀਤੇ ਜਾਣ ਵਾਲੇ ਵਿਅਕਤੀਆਂ ਦੇ ਨਾਮਾਂ ਦੀ ਸੂਚੀ ਵਿੱਚ ਫੂਲਕਾ ਦਾ ਨਾਮ ਗ਼ਾਇਬ ਹੈ। ਜਾਣਕਾਰਾਂ ਅਨੁਸਾਰ ਸ਼੍ਰੋਮਣੀ ਕਮੇਟੀ ਆਪਣੇ ਵਾਅਦੇ ਤੋਂ ਤਾਂ ਮੁੱਕਰੀ ਹੈ ਕਿਉਂਕਿ ਫੂਲਕਾ ਨੇ ਸ਼ਰੇਆਮ ਐਲਾਨ ਕਰ ਰੱਖਿਆ ਹੈ ਕਿ ਉਹ ਐਸਜੀਪੀਸੀ ਨੂੰ ਬਾਦਲਾਂ ਦੇ ਕਬਜੇ ਤੋਂ ਮੁਕਤ ਕਰਵਾਉਣ ਲਈ ਹਰ ਹੰਭਲਾ ਮਾਰਨਗੇ।

ਇਸ ਸਬੰਧੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਇੱਕ ਬਿਆਨ ਜ਼ਾਰੀ ਕਰਕੇ ਕਿਹਾ ਹੈ ਕਿ 84 ਸਿੱਖ ਨਸ਼ਲਕੁਸ਼ੀ ਦੇ ਦੋਸ਼ੀਆਂ ਨੂੰ ਜਿਨ੍ਹਾਂ ਗਵਾਹਾਂ ਦੀ ਦਲੇਰੀ ਨਾਲ ਅਦਾਲਤਾਂ ਵਿੱਚ ਸਖਤ ਸਜ਼ਾਵਾਂ ਮਿਲੀਆਂ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਨ੍ਹਾਂ ਗਵਾਹਾਂ ਦੇ ਹੌਂਸਲੇ ਦੀ ਪ੍ਰਸ਼ੰਸਾ ਕਰਦੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਅਜਿਹੀ ਘਟਨਾ ਸੀ ਜਿਸ ਨੂੰ ਪੰਥ ਕਦੇ ਵੀ ਵਿਸਾਰ ਨਹੀਂ ਸਕਦਾ। ਭਾਈ ਲੌਂਗੋਵਾਲ ਅਨੁਸਾਰ ਇਨ੍ਹਾਂ ਕੇਸਾਂ ਦੇ ਸਾਰੇ ਦੋਸ਼ੀਆਂ ਨੂੰ ਸਜ਼ਾਵਾਂ ਮਿਲ ਜਾਣ ਤੱਕ ਸ਼੍ਰੋਮਣੀ ਕਮੇਟੀ ਵੱਲੋਂ ਸੰਘਰਸ਼ ਜ਼ਾਰੀ ਰੱਖਿਆ ਜਾਵੇਗਾ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਐਲਾਨ ਕੀਤਾ ਕਿ ਪੀੜ੍ਹਤਾਂ ਨੂੰ ਇੰਨਸਾਫ ਦਵਾਉਣ ਲਈ ਐਸਜੀਪੀਸੀ ਪੂਰੀ ਤਰ੍ਹਾਂ ਵਚਨਬੰਧ ਹੈ।

ਇਹ ਤਾਂ ਸੀ ਉਹ ਬਿਆਨ ਜੋ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਦਿੱਤਾ ਤੇ ਅਸੀਂ ਤੁਹਾਡੇ ਸਾਹਮਣੇ ਰੱਖ ਦਿੱਤਾ, ਪਰ ਸਿਆਸੀ ਮਾਹਿਰਾਂ ਅਨੁਸਾਰ ਇਸ ਦੇ ਪਿੱਛੇ ਦੀ ਕਹਾਣੀ ਕੁਝ ਹੋਰ ਹੈ। ਮਾਹਿਰ ਤਰਕ ਦਿੰਦੇ ਹਨ ਕਿ ਸ਼੍ਰੋਮਣੀ ਕਮੇਟੀ ਨੇ ਇਸ ਸਨਮਾਨ ਸਮਾਗਮ ਮੌਕੇ ਫੂਲਕਾ ਨੂੰ ਇਸ ਲਈ ਵਿਸਾਰਿਆ ਹੈ ਕਿਉਂਕਿ ਇਨ੍ਹੀ ਦਿਨੀਂ ਫੂਲਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੇ ਕਬਜ਼ੇ ਵਿੱਚੋਂ ਮੁਕਤ ਕਰਵਾਉਣ ਲਈ ਪੰਬਾਂ ਭਾਰ ਹਨ ਤੇ ਇਸ ਸਬੰਧੀ ਜਿੱਥੇ ਉਨ੍ਹਾਂ ਨੇ ਬੁੱਧੀਜੀਵੀਆਂ ਨੂੰ ਮਿਲਾਕੇ ਬਣਾਏ ਗਏ ‘ਸਿੱਖ ਸੇਵਕ ਸੰਗਠਨ’ ਦਾ ਐਲਾਨ ਕੀਤਾ ਹੈ ਉੱਥੇ ਇਸ ਲੜਾਈ ਨੂੰ ਜ਼ਮੀਨੀ ਪੱਧਰ ਤੱਕ ਲਿਜਾਣ ਲਈ ਸਿੱਖ ਸੇਵਕ ਆਰਮੀ ਦੀ ਭਰਤੀ ਵੀ ਸ਼ੁਰੂ ਕਰ ਦਿੱਤੀ ਹੈ। ਸ਼੍ਰੋਮਣੀ ਕਮੇਟ ਫੂਲਕਾ ਦੇ ਇਸ ਕਦਮ ਨਾਲ ਬਹੁਤ ਤੜਫੀ ਹੋਈ ਦਿਖਾਈ ਦਿੰਦੀ ਹੈ ਤੇ ਇਹੋ ਕਾਰਨ ਹੈ ਕਿ ਬੀਤੇ ਦਿਨੀਂ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਉਸ ਫੂਲਕਾ ਨੂੰ ਬੌਖਲਾਇਆ ਹੋਇਆ ਬੰਦਾ ਕਰਾਰ ਦੇ ਦਿੱਤਾ ਸੀ ਜਿਸ ਫੂਲਕਾ ਨੂੰ ਉਹ 26 ਦਸੰਬਰ ਵਾਲੇ ਦਿਨ ਸਨਮਾਨਿਤ ਕਰਨ ਜਾ ਰਹੇ ਸਨ।

ਇੱਧਰ ਦੂਜੇ ਪਾਸੇ 22 ਜਨਵਰੀ ਵਾਲੇ ਦਿਨ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਨਸ਼ਲਕੁਸ਼ੀ ਮਾਮਲਿਆਂ ਦੇ ਗਵਾਹਾਂ ਨੂੰ ਬੁਲਾ ਕੇ ਸਨਮਾਨਿਤ ਕੀਤੇ ਜਾਣ ਸਬੰਧੀ ਵਕੀਲ ਫੂਲਕਾ ਨੇ ਜਾਣਕਾਰੀ  ਹੋਣ ਤੋਂ ਇਨਕਾਰ ਕੀਤਾ ਹੈ ਉਨ੍ਹਾਂ ਕਿਹਾ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਦਿੱਤਾ ਗਿਆ। ਫੂਲਕਾ ਅਨੁਸਾਰ ਸੱਜਣ ਕੁਮਾਰ ਨੂੰ ਸਜ਼ਾ ਸੁਣਾਏ ਜਾਣ ਤੋਂ ਬਾਅਦ ਜਦੋਂ ਉਹ ਦਰਬਾਰ ਸਾਹਿਬ ਮੱਥਾ ਟੇਕਣ ਪਹੁੰਚੇ ਸਨ ਤਾਂ ਉਸ ਵੇਲੇ ਸ਼੍ਰੋਮਣੀ ਕਮੇਟੀ ਨੇ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਸੀ ਤੇ ਇਹ ਹੀ ਉਨ੍ਹਾਂ ਲਈ ਵੱਡਾ ਸਨਮਾਨ ਸੀ। ਫੂਲਕਾ ਅਨੁਸਾਰ ਇਹ ਜਿੱਤ ਪੂਰੀ ਸਿੱਖ ਕੌਮ ਦੀ ਜਿੱਤ ਹੈ ਤੇ ਜੇਕਰ ਇਸ ਦੀ ਖੁਸ਼ੀ ਮਨਾਉਣ ਲਈ ਜੇਕਰ ਕੋਈ ਉਨ੍ਹਾਂ ਨੂੰ ਸੱਦਾ ਦਿੰਦਾ ਹੈ ਤਾਂ ਉਹ ਜ਼ਰੂਰ ਜਾਣਗੇ। ਇਸ ਤੋਂ ਇਲਾਵਾ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਇਨ੍ਹਾਂ ਜਰੂਰ ਕਿਹਾ ਹੈ ਕਿ ਇਹ ਸਮਾਗਮ ਸਿਰਫ ਨਸ਼ਲਕੁਸੀ ਦੇ ਗਵਾਹਾਂ ਨੂੰ ਸਨਮਾਨਿਤ ਕਰਨ ਲਈ ਰੱਖਿਆ ਗਿਆ ਹੈ ਜਦ ਕਿ ਐਚ ਐਸ ਫੂਲਕਾ ਦਾ ਸਨਮਾਨ ਵੱਖਰੇ ਤੌਰ ਤੇ ਕੀਤਾ ਜਾਵੇਗਾ। ਇਨ੍ਹਾਂ ਦੋਵਾਂ ਦਾ ਸਨਮਾਨ ਕਿਉਂ ਨਹੀਂ ਕੀਤਾ ਜਾ ਰਿਹਾ? ਸਨਮਾਨ ਇਕੱਠਿਆਂ ਕੀਤੇ ਜਾਣ ਲਈ ਕੀ ਦਿੱਕਤਾਂ ਹਨ ਇਸ ਬਾਰੇ ਅਜੇ ਸ਼੍ਰੋਮਣੀ ਕਮਟੀ ਨੇ ਚੁੱਪੀ ਧਾਰੀ ਹੋਈ ਹੈ।

- Advertisement -

Share this Article
Leave a comment