ਐਸਆਈਟੀ ਮੈਂਬਰਾਂ ਦੀ ਬਗਾਵਤ ਬਾਰੇ ਸੁਖਪਾਲ ਖਹਿਰਾ ਨੇ ਕਰਤਾ ਵੱਡਾ ਖੁਲਾਸਾ, ਆਹ ਦੇਖੋ ਖਹਿਰਾ ਕਿਹੜੇ ਤੱਥ ਕੱਢ ਲਿਆਇਆ ਬਾਹਰ?

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਖਹਿਰਾ ਨੇ ਕਿਹਾ ਹੈ ਕਿ ਬੇਅਦਬੀ ਤੇ ਗੋਲੀ ਕਾਂਡ ਘਟਨਾਵਾਂ ਦੀ ਜਾਂਚ ਕਰ ਰਹੀ 5 ਮੈਂਬਰੀ ਐਸਆਈਟੀ ਦੇ 4 ਮੈਂਬਰਾਂ ਵੱਲੋਂ ਕੀਤੀ ਗਈ ਬਗਾਵਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸੂਬੇ ਦੇ ਡੀਜੀਪੀ ਦਿਨਕਰ ਗੁਪਤਾ ਵੱਲੋਂ ਖੁਦ ਕਰਵਾਈ ਗਈ ਹੈ ਤਾਂ ਕਿ ਬਾਦਲ ਇਸ ਬਗਾਵਤ ਦੇ ਅਧਾਰ ‘ਤੇ ਅਦਾਲਤ ਤੋਂ ਬੇਅਦਬੀ ਅਤੇ ਗੋਲੀ ਕਾਂਡ ਮਾਮਲਿਆਂ ਵਿੱਚ ਕਲੀਨ ਚਿੱਟ ਹਾਸਲ ਕਰ ਸਕਣ। ਉਨ੍ਹਾਂ ਦੋਸ਼ ਲਾਇਆ ਕਿ ਕੈਪਟਨ ਨੇ ਲੋਕ ਸਭਾ ਚੋਣਾਂ ਦੌਰਾਨ ਬੇਅਦਬੀ ਤੇ ਗੋਲੀ ਕਾਂਡ ਮਾਮਲਿਆਂ ‘ਤੇ ਸਿਆਸਤ ਕਰਕੇ ਸੂਬੇ ਦੇ ਲੋਕਾਂ ਤੋਂ ਵੋਟਾਂ ਹਾਸਲ ਕਰਨੀਆਂ ਸਨ, ਜੋ ਕਿ ਉਨ੍ਹਾਂ ਨੇ 8 ਸੀਟਾਂ ਦੇ ਰੂਪ ਵਿੱਚ ਵੱਡੇ ਪੱਧਰ ‘ਤੇ ਕਰ ਲਈਆਂ ਹਨ ਤੇ ਹੁਣ ਕੈਪਟਨ ਨੂੰ ਕੋਈ ਮਤਲਬ ਨਹੀਂ ਹੈ ਕਿ ਇਸ ਕੇਸ ਦਾ ਅੱਗੇ ਕੀ ਬਣਨਾ ਹੈ ਕਿਉਂਕਿ ਹੁਣ ਉਨ੍ਹਾਂ ਨੇ ਆਪਣੇ ਪੁਰਾਣੇ ਮਿੱਤਰਾਂ ਨੂੰ ਇਸ ਕੇਸ ਵਿੱਚੋਂ ਬਚਾਉਣਾ ਹੈ।

ਇਸ ਸਬੰਧ ਵਿੱਚ ਸਾਡੇ ਪੱਤਰਕਾਰ ਦਰਸ਼ਨ ਸਿੰਘ ਖੋਖਰ ਨਾਲ ਗੱਲਬਾਤ ਕਰਦਿਆਂ ਸੁਖਪਾਲ ਖਹਿਰਾ ਨੇ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਮਾਨਦਾਰੀ ਨਾਲ ਇਨ੍ਹਾਂ ਕੇਸਾਂ ਦੀ ਜਾਂਚ ਕਰ ਰਿਹਾ ਸੀ। ਉਸ ਨੇ ਤਾਂ ਕਹਿ ਤਾ ਸੀ ਕਿ ਬੇਅਦਬੀਆਂ ਦੀ ਸਾਜ਼ਿਸ਼ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ ਤੇ ਸੁਮੇਧ ਸੈਣੀ ਵਰਗੇ 3 ਵੱਡੇ ਬੰਦਿਆਂ ਨੇ ਰਚੀ ਸੀ, ਜਿਸ ਤੋਂ ਬਾਅਦ ਗੱਲ ਹੁਣ ਉਸ ਤੋਂ ਉਪਰਲੇ ਪਾਸੇ ਵੱਲ ਵਧ ਰਹੀ ਸੀ। ਖਹਿਰਾ ਨੇ ਦੋਸ਼ ਲਾਇਆ ਕਿ ਚੋਣਾਂ ਖਤਮ ਹੁੰਦਿਆਂ ਹੀ ਕੈਪਟਨ ਨੇ ਐਸਆਈਟੀ ‘ਚ ਸ਼ਾਮਲ ਆਪਣੇ 4 ਪੁਲਿਸ ਅਧਿਕਾਰੀ ਮੈਂਬਰਾਂ ਤੋਂ ਬਗਾਵਤ ਕਰਵਾ ਦਿੱਤੀ। ਉਨ੍ਹਾਂ ਸਵਾਲ ਕੀਤਾ ਕਿ, ਕੀ ਇਹ ਸੰਭਵ ਹੈ ਕਿ ਪੁਲਿਸ ਦਾ ਕੋਈ ਅਧਿਕਾਰੀ ਡੀਜੀਪੀ ਜਾਂ ਮੁੱਖ ਮੰਤਰੀ ਤੋਂ ਬਗੈਰ ਬਗਾਵਤ ਕਰ ਦੇਵੇ? ਖਹਿਰਾ ਅਨੁਸਾਰ ਜਿਹੜੇ ਅਧਿਕਾਰੀਆਂ ਨੇ ਬਗਾਵਤ ਕੀਤੀ ਹੈ, ਉਨ੍ਹਾਂ ਨੇ ਆਪ ਤਾਂ ਕੋਈ ਜਾਂਚ ਕੀਤੀ ਨਹੀਂ, ਪਰ ਹੁਣ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ‘ਤੇ ਸਵਾਲ ਖੜ੍ਹੇ ਕਰ ਰਹੇ ਹਨ। ਜਿਸ ਗੱਲ ਦਾ ਸਿੱਧਾ ਫਾਇਦਾ ਬਾਦਲਾਂ ਨੇ ਲੈਣਾ ਹੈ। ਜਦਕਿ ਸਾਰਾ ਕਸੂਰ ਸਾਬਤ ਹੋ ਗਿਆ ਹੈ।

ਉਨ੍ਹਾਂ ਕਿਹਾ ਕਿ ਸੁਖਬੀਰ ਤੇ ਹਰਸਿਮਰਤ ਨੇ ਇੱਕ ਨਵਾਂ ਨਾਅਰਾ ਕੱਢਿਆ ਹੈ ਕਿ ਜਿਨ੍ਹਾਂ ਨੇ ਬੇਅਦਬੀ ਕੀਤੀ, ਜਿਨ੍ਹਾਂ ਨੇ ਕਰਵਾਈ ਤੇ ਜਿਹੜੇ ਇਸ ‘ਤੇ ਰਾਜਨੀਤੀ ਕਰ ਰਹੇ ਹਨ ਉਨ੍ਹਾਂ ਦਾ ਕੱਖ ਨਾ ਰਹੇ। ਖਹਿਰਾ ਨੇ ਕਿਹਾ  ਕਿ ਉਹ ਸੁਖਬੀਰ ਨੂੰ ਚੁਣੌਤੀ ਦਿੰਦੇ ਹਨ ਕਿ, ਕੀ ਸੁਖਬੀਰ ਇਹ ਕਹਿ ਸਕਦੇ ਹਨ ਕਿ ਜਿਨ੍ਹਾਂ ਨੇ ਅਕਾਲ ਤਖਤ ਸਾਹਿਬ ਤੋਂ ਡੇਰਾ ਮੁਖੀ ਨੂੰ ਮਾਫੀ ਦਵਾਈ ਸੀ, ਉਨ੍ਹਾਂ ਦਾ ਵੀ ਕੱਖ ਨਾ ਰਹੇ? ਸੁਖਪਾਲ ਖਹਿਰਾ ਨੇ ਦਾਅਵਾ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਸੱਚ ਦੇ ਅਧਾਰ ‘ਤੇ ਜਾਂਚ ਕਰਨਾ ਚਾਹੁੰਦਾ ਹੈ ਪਰ ਮੁੱਖ ਮੰਤਰੀ ਤੇ ਡੀਜੀਪੀ ਉਸ ਦੀ ਜਾਂਚ ਨੂੰ ਲੀਹੋਂ ਲਾਅ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਇਸ ਬਗਾਵਤ ਦੇ ਅਧਾਰ ‘ਤੇ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਅਦਾਲਤ ਵਿੱਚੋਂ ਕਲੀਨ ਚਿੱਟ ਲੈਣ ‘ਚ ਕਾਮਯਾਬ ਹੋ ਜਾਣਗੇ ਤੇ ਇਸ ਮਾਮਲੇ ਵਿੱਚ ਲੋਕਾਂ ਨੂੰ ਕੋਈ ਇਨਸਾਫ ਨਹੀਂ ਮਿਲੇਗਾ।

Share this Article
Leave a comment