ਮੋਗਾ : ਸੂਬੇ ਅੰਦਰ ਲਗਾਤਾਰ ਵਗਦਾ ਨਸ਼ਿਆਂ ਦਾ ਛੇਵਾਂ ਦਰਿਆ ਰੁਕਣ ਦੀ ਬਜਾਏ ਵਧਦਾ ਜਾ ਰਿਹਾ ਹੈ। ਹਾਲਾਤ ਇਹ ਹਨ ਕਿ ਹੁਣ ਇਸ ‘ਚ ਵਹਿਣ ਤੋਂ ਮੁੰਡਿਆਂ ਤੋਂ ਇਲਾਵਾ ਕੁੜੀਆਂ ਵੀ ਬਚ ਨਹੀਂ ਸਕੀਆਂ। ਇਸ ਸਬੰਧੀ ਇੱਕ ਤਾਜਾ ਮਾਮਲਾ ਪੰਜਾਬ ਦੇ ਜਿਲ੍ਹਾ ਮੋਗਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਕੁੜੀ ਨੇ 12 ਸਾਲ ਦੀ ਉਮਰ ਤੋਂ ਹੀ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ ਸੀ। ਪਰ ਚੰਗੀ ਗੱਲ ਇਹ ਰਹੀ ਹੈ ਕਿ ਇਹ ਕੁੜੀ ਖੁਦ ਸਤਿਕਾਰ ਕਮੇਟੀ ਵਾਲਿਆਂ ਨਾਲ ਮਿਲ ਕੇ ਜਿਲ੍ਹੇ ਦੇ ਐਸਐਸਪੀ ਦਫਤਰ ‘ਚ ਪਹੁੰਚ ਗਈ ਤੇ ਉੱਥੇ ਇਸ ਨੇ ਪੁਲਿਸ ਅਧਿਕਾਰੀਆਂ ਨੂੰ ਆਪਣੀ ਅਜਿਹੀ ਦਾਸਤਾਨ ਸੁਣਾਈ ਕਿ ਪੱਥਰ ਵੀ ਰੋਣ ਲਾ ਦਿੱਤੇ। ਐਸ ਐਸਪੀ ਨੇ ਕੁੜੀ ਦੀ ਗੱਲ ਸੁਣਨ ਤੋਂ ਬਾਅਦ ਉਸ ਨੂੰ ਇਲਾਜ਼ ਲਈ ਤੁਰੰਤ ਨੇੜਲੇ ਹਸਪਤਾਲ ‘ਚ ਦਾਖਲ ਕਰਾਉਣ ਦੇ ਹੁਕਮ ਦਿੱਤੇ ਜਿੱਥੇ ਦਾਖਲ ਕਰਵਾਉਣ ਤੋਂ ਬਾਅਦ ਉਮੀਦ ਕੀਤੀ ਜਾ ਰਹੀ ਹੈ ਕਿ ਕੁਝ ਮਹੀਨੇ ਦੇ ਇਲਾਜ਼ ਤੋਂ ਬਾਅਦ ਇਹ ਲੜਕੀ ਆਮ ਵਾਂਗ ਜਿੰਦਗੀ ਬਤੀਤ ਕਰ ਪਾਵੇਗੀ।
ਇਸ ਕੁੜੀ ਨੇ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਉਸ ਨੂੰ ਨਸ਼ਿਆਂ ਦੀ ਆਦਤ ਉਸ ਵੇਲੇ ਪਈ ਜਦੋਂ 12 ਸਾਲ ਦੀ ਉਮਰ ਵਿੱਚ ਉਸ ਦੀ ਮਾਂ ਦੀ ਮੌਤ ਹੋ ਗਈ ਤੇ ਉਸ ਦੇ ਪਿਤਾ ਨੇ ਦੂਜਾ ਵਿਆਹ ਕਰਵਾ ਲਿਆ। ਲੜਕੀ ਅਨੁਸਾਰ ਇਸ ਦੌਰਾਨ ਉਸ ਨੇ ਮੋਗਾ ਦੇ ਇੱਕ ਬਿਊਟੀਪਾਰਲਰ ‘ਚ ਨੌਕਰੀ ਕਰ ਲਈ ਜਿੱਥੇ ਸਾਥੀਆਂ ਨੇ ਉਸ ਨੂੰ ਚਿੱਟੇ ਦੀ ਆਦਤ ਪਾ ਦਿੱਤੀ। ਲੜਕੀ ਨੇ ਦੱਸਿਆ ਕਿ ਉਹ ਪਿਛਲੇ 5 ਸਾਲ ਤੋਂ ਨਸ਼ਾ ਲੈ ਰਹੀ ਹੈ ਤੇ ਹੁਣ ਉਹ ਇਸ ਹਾਲਤ ਤੋਂ ਤੰਗ ਆ ਗਈ ਹੈ ਤੇ ਨਸ਼ਾ ਛੱਡਣਾ ਚਾਹੁੰਦੀ ਹੈ ਇਸੇ ਲਈ ਉਸ ਨੇ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਨੁਮਾਇੰਦਿਆਂ ਨੂੰ ਬੇਨਤੀ ਕੀਤੀ ਕਿ ਉਹ ਉਸ ਦੀ ਸਹਾਇਤਾ ਕਰਨ।
ਇਸ ਸਬੰਧ ਵਿੱਚ ਮੋਗਾ ਦੇ ਡੀਐਸਪੀ ਪਰਮਜੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੜਕੀ ਨੂੰ ਇੱਥੋਂ ਦੇ ਸਿਵਲ ਹਸਪਤਾਲ ਵਿੱਚ ਸਿਹਤ ਜਾਂਚ ਲਈ ਭੇਜਿਆ ਗਿਆ ਸੀ ਜਿੱਥੇ ਉਸ ਦੇ ਟੈਸਟ ਕਰਵਾਏ ਗਏ ਹਨ, ਤੇ ਉਸ ਦਾ ਅਗਲਾ ਇਲਾਜ਼ ਫਰੀਦਕੋਟ ਦੇ ਮੈਡੀਕਲ ਕਾਲਜ ‘ਚ ਕਰਵਾਇਆ ਜਾਵੇਗਾ। ਡੀਐਸਪੀ ਅਨੁਸਾਰ ਜੇਕਰ ਲੜਕੀ ਨੇ ਪੁਲਿਸ ਨੂੰ ਚਿੱਟਾ ਵੇਚਣ ਵਾਲਿਆਂ ਦੇ ਨਾਮ ਦੱਸੇ ਤਾਂ ਉਹ ਉਨ੍ਹਾਂ ਲੋਕਾਂ ਦੇ ਖਿਲਾਫ ਪਰਚਾ ਦਰਜ ਕਰਕੇ ਉਨ੍ਹਾਂ ਨੂੰ ਜਰੂਰ ਗ੍ਰਿਫਤਾਰ ਕਰੇਗੀ। ਡੀਐਸਪੀ ਅਨੁਸਾਰ ਲੜਕੀ ਨੇ ਉਨ੍ਹਾਂ ਨੂੰ ਦੱਸਿਆ ਹੈ ਕਿ ਜਿਸ ਪਾਰਲਰ ਵਿੱਚ ਉਹ ਕੰਮ ਕਰਦੀ ਰਹੀ ਹੈ ਉੱਥੇ ਨਸ਼ੇ ਆਮ ਤੌਰ ‘ਤੇ ਮੁਹੱਈਆ ਹੋ ਜਾਂਦੇ ਸਨ ਤੇ ਇਸ ਗੱਲ ਦੀ ਪੁਲਿਸ ਡੂੰਘਾਈ ਨਾਲ ਜਾਂਚ ਕਰੇਗੀ ਤੇ ਜੋ ਵੀ ਕਸੂਰਵਾਰ ਪਾਇਆ ਗਿਆ, ਉਸ ਦੇ ਖਿਲਾਫ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
ਕੀ ਹੈ ਇਹ ਪੂਰਾ ਮਾਮਲਾ ਇਹ ਜਾਣਨ ਲਈ ਹੇਠ ਦਿੱਤੇ ਵੀਡੀਓ ਲਿੰਕ ‘ਤੇ ਕਲਿੱਕ ਕਰੋ।
https://youtu.be/-qkHwnfpl2E