ਨਵੀਂ ਦਿੱਲੀ : ਆਮ ਆਦਮੀ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਤੋਂ ਬਾਅਦ ਹੁਣ ਇਸ ਪਾਰਟੀ ਵਿਧਾਇਕਾਂ ‘ਤੇ ਵੀ ਹਮਲੇ ਹੋਣ ਲੱਗ ਪਏ। ਤਾਜਾ ਮਾਮਲਾ ਆਮ ਆਦਮੀ ਪਾਰਟੀ ਦੇ ਤਿਮਾਰਪੁਰ ਤੋਂ ਵਿਧਾਇਕ ਪੰਕਜ ਪੁਸ਼ਕਰ ਨਾਲ ਸਬੰਧਤ ਹੈ ਜਿਨ੍ਹਾਂ ‘ਤੇ ਹਮਲਾ ਹੋਣ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਪੰਕਜ ਪੁਸ਼ਕਰ ਇੱਥੋਂ ਦੇ ਨਹਿਰੂ ਵਿਹਾਰ ਇਲਾਕੇ ਦੀਆਂ 2 ਰਾਸ਼ਨ ਵਾਲੀਆਂ ਦੁਕਾਨਾਂ ‘ਤੇ ਚੈਕਿੰਗ ਲਈ ਗਏ ਸਨ ਤੇ ਦੋਸ਼ ਹੈ ਕਿ ਉਨ੍ਹਾਂ ਦੁਕਾਨਾਂ ਦੇ ਮਾਲਕਾਂ ਨੇ ਹੀ ਉਸ ‘ਤੇ ਹਮਲਾ ਕੀਤਾ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇੱਕ ਰੈਲੀ ਦੌਰਾਨ ਅਰਵਿੰਦ ਕੇਜਰੀਵਾਲ ‘ਤੇ ਵੀ ਜੁੱਤੇ ਨਾਲ ਹਮਲਾ ਕੀਤਾ ਚੁਕਿਆ ਹੈ।
ਤਾਜੀ ਵਾਪਰੀ ਘਟਨਾ ਸਬੰਧੀ ਵਿਧਾਇਕ ਪੰਕਜ ਪੁਸ਼ਕਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੀ ਕੱਲ੍ਹ ਉਹ ਫੂਡ ਐਂਡ ਸਪਲਾਈ ਮੰਤਰੀ ਇਮਰਾਨ ਹੁਸੈਨ ਸਮੇਤ ਇੱਥੇ ਰਾਸ਼ਨ ਦੀਆਂ 2 ਦੁਕਾਨਾਂ ‘ਚ ਜਾਂਚ ਕਰਨ ਗਏ ਸਨ ਅਤੇ ਉਨ੍ਹਾਂ ਦੁਕਾਨਾਂ ‘ਚ ਜਾਂਚ ਦੌਰਾਨ ਕੁਝ ਕਮੀਆਂ ਪਾਈਆਂ ਗਈਆਂ ਸਨ। ਜਿਸ ਦੀ ਸ਼ਿਕਾਇਤ ਪਹਿਲਾਂ ਵੀ ਕਈ ਵਾਰ ਮਿਲ ਚੁਕੀ ਹੈ ਅਤੇ ਇਸ ਜਾਂਚ ਦੌਰਾਨ ਇਹ ਮਾਮਲਾ ਭਖ ਗਿਆ। ਵਿਧਾਇਕ ਅਨੁਸਾਰ ਤੈਸ਼ ‘ਚ ਆ ਕੇ ਦੁਕਾਨ ਮਾਲਕਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਸਮੇਤ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਅਤੇ ਉਨ੍ਹਾਂ ਦੀ ਕੁੱਟਮਾਰ ਕੀਤੀ।
ਇਸ ਸਬੰਧੀ ਵਿਧਾਇਕ ਪੰਕਜ ਪੁਸ਼ਕਰ ਦੇ ਬਿਆਨਾਂ ‘ਤੇ ਤਿਮਾਰਪੁਰ ਦੇ ਥਾਣੇ ‘ਚ ਪਰਚਾ ਦਰਜ ਕਰ ਲਿਆ ਗਿਆ ਹੈ ਅਤੇ ਪੰਕਜ ਅਰੁਣਾ ਆਸਫ ਅਲੀ ਹਸਪਤਾਲ ‘ਚ ਜੇਰੇ ਇਲਾਜ ਹੈ। ਪੰਕਜ ਦਾ ਦੋਸ਼ ਹੈ ਕਿ ਤਿਮਾਰਪੁਰ ਖੇਤਰ ਦਾ ਨਹਿਰੂ ਵਿਹਾਰ ਇਲਾਕਾ ਰਾਸ਼ਨ ਮਾਫੀਆ ਦਾ ਕੇਂਦਰ ਬਣਿਆ ਹੋਇਆ ਹੈ।