ਆਹ ਦੇਖੋ ਕਿਵੇਂ ਕਰਦੀ ਹੈ Khalsa Aid ਕੰਮ ਅਤੇ ਕਿਵੇਂ ਚੁਣੇ ਜਾਂਦੇ ਹਨ ਵਲੰਟੀਅਰ!

TeamGlobalPunjab
13 Min Read

ਗੁਰੂ ਨਾਨਕ ਦੇਵ ਜੀ ਨੇ ਸਿੱਖ ਪੰਥ ਦੀ ਨੀਹ ਰੱਖੀ ਤੇ ਸਭ ਤੋਂ ਪਹਿਲਾਂ ਕਾਰਜ ਸੇਵਾ ਦਾ ਕੀਤਾ ਭਾਵ ਭੁੱਖੇ ਸਾਧੂਆਂ ਨੂੰ ਲੰਗਰ ਛਕਾਇਆ। ਉਸ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮਾਲਵਾ ਦੇ ਸੋਕਾ ਪ੍ਰਭਾਵਿਤ ਖੇਤਰ ‘ਚ ਰਹਿੰਦੇ ਲੋਕਾਂ ਨੂੰ ਮਾਇਆ ਦੇ ਕੇ ਉਨ੍ਹਾਂ ਦੀ ਸਹਾਇਤਾ ਕੀਤੀ ਤੇ ਗੁਰੂ ਹਰਿ ਰਾਏ ਜੀ ਨੇ ਇੱਕ ਦਵਾਖਾਨਾ ਖੋਲਿਆ ਜਿਸ ‘ਚ ਲੋਕ ਆਪਣਾ ਮੁਫਤ ਇਲਾਜ ਕਰਵਾਉਂਦੇ ਰਹੇ। ਇਸ ਤੋਂ ਬਾਅਦ ਸਿੱਖਾਂ ਨੇ ਗੁਰੂ ਸਾਹਿਬਾਨਾਂ ਦੀ ਇਸ ਪਰੰਪਰਾ ਨੂੰ ਬਾਖੂਬੀ ਸੰਭਾਲਿਆ। ਇੱਥੋਂ ਤੱਕ ਕਿ ਭਾਈ ਕਨ੍ਹੱਈਆ ਜੀ ਇਸ ਪ੍ਰਾਪੰਰਾ ਨੂੰ ਚਾਰ-ਦਿਵਾਰੀ ‘ਚੋਂ ਜੰਗ ਦੇ ਮੈਦਾਨ ਤੱਕ ਲੈ ਕੇ ਗਏ ਤੇ ਉਨ੍ਹਾਂ ਤੀਰਾਂ ਤੇ ਗੋਲੀਆਂ ਦੀ ਬੁਛਾੜ ‘ਚ ਜ਼ਖਮੀ ਸਿਪਾਹੀਆਂ ਦੀ ਸੇਵਾ ਕੀਤੀ। ਇਸ ਤੋਂ ਬਾਅਦ ਭਗਤ ਪੂਰਨ ਸਿੰਘ ਜੀ ਨੇ ਇਸ ਵਿਰਸੇ ਨੂੰ ਪੰਜਾਬ ‘ਚ ਬਾਖੂਬੀ ਸੰਭਾਲਿਆ। ਅੱਜ ਸਾਡੇ ਕੋਲ ਪੰਜਾਬ ‘ਚ ਅਜਿਹੀਆਂ ਸੰਸਥਾਵਾਂ ਸੇਵਾ ਦੇ ਪੱਧਰ ਤੇ ਕਾਰਜਸ਼ੀਲ ਨੇ ਜਿਹੜੀਆਂ ਕਿ ਸਿੱਖ ਵਿਰਸੇ ਨੂੰ ਅਪਣਾ ਕੇ ਸਿੱਖ ਵਿਰਸੇ ਦੀ ਪਹਿਚਾਣ ਨੂੰ ਦੁਨੀਆ ਤੱਕ ਲੈ ਕੇ ਜਾ ਰਹੀਆਂ ਹਨ। ਅਜਿਹੀ ਹੀ ਇੱਕ ਸੰਸਥਾ “ਖਾਲਸਾ ਏਡ” ਹੈ। ਅੱਜ ਅਸੀਂ “ਖਾਲਸਾ ਏਡ” ਦੇ ਏਸ਼ੀਆ ਪੈਸੇਫਿਕ ਦੇ ਐੱਮ.ਡੀ. ਅਮਰਪ੍ਰੀਤ ਸਿੰਘ ਖਾਲਸਾ ਨਾਲ ਗੱਲ ਕਰਾਂਗੇ ਕਿ “ਖਾਲਸਾ ਏਡ” ਕਿਸ ਤਰ੍ਹਾਂ ਕੰਮ ਕਰਦੀ ਹੈ…

ਸਵਾਲ : ਖਾਲਸਾ ਏਡ ਦੇ ਐੱਮਡੀ ਤੇ ਇੱਕ ਵਲੰਟੀਅਰ ਦੇ ਰੂਪ ‘ਚ ਤੁਹਾਡਾ ਕੀ ਅਨੁਭਵ ਰਿਹਾ?

ਜਵਾਬ : 2012-13 ‘ਚ ਜਦੋਂ ਮੈਂ ਖਾਲਸਾ ਏਡ ਦੇ ਸੰਪਰਕ ‘ਚ ਆਇਆ, ਉਸ ਸਮੇਂ ਖਾਲਸਾ ਏਡ ਦੇ ਪ੍ਰਾਜੈਕਟ ਪੰਜਾਬ ‘ਚ ਸ਼ੁਰੂਆਤੀ ਪੱਧਰ ‘ਤੇ ਸਨ। ਜਦੋਂ ਮੈਂ ਖਾਲਸਾ ਏਡ ਦੇ ਮੁਖੀ ਰਵੀ ਸਿੰਘ ਨਾਲ ਗੱਲਬਾਤ ਕਰਦਾ ਸੀ ਜਾਂ ਫਿਰ ਉਨ੍ਹਾਂ ਦੇ ਕਾਰਵਾਈਆਂ ਨੂੰ ਵੇਖਦਾ ਸੀ ਤਾਂ ਉਸ ਸਮੇਂ ਮੇਰੇ ਮਨ ਅੰਦਰ ਇਹ ਵਿਚਾਰ ਪੈਦਾ ਹੁੰਦੇ ਸੀ ਕਿ ਕਈ ਸਿੱਖਾਂ ਵੱਲੋਂ  ਬਾਹਰਲੇ ਮੁਲਕਾਂ ‘ਚ ਬੈਠ ਕੇ ਵੀ ਪੰਜਾਬ ਦੇ ਭਲੇ ਤੇ ਸੇਵਾ ਲਈ ਕੰਮ ਕੀਤੇ ਜਾ ਰਹੇ ਹਨ। ਉਸ ਸਮੇਂ ਤੋਂ ਪਹਿਲਾਂ ਮੈਨੂੰ ਨਹੀਂ ਪਤਾ ਸੀ ਕਿ ਖਾਲਸਾ ਏਡ ਨਾਂ ਦੀ ਵੀ ਕੋਈ ਜੱਥੇਬੰਦੀ ਹੈ। ਉਸ ਸਮੇਂ ਮੈਂ ਰਵੀ ਸਿੰਘ ਜੀ ਨੂੰ ਕਹਿਣਾ ਕਿ ਆਖਿਰ ਕਿਉਂ ਲੋਕ ਸਿੱਖ ਜੱਥੇਬਦੀਆਂ ‘ਤੇ ਭਰੋਸਾ ਕਰਦੇ। ਪਰ 2012-13 ਤੋਂ ਬਾਅਦ ਅਜਿਹਾ ਦੌਰ ਚੱਲਿਆ ਕਿ ਵਾਹਿਗੁਰੂ ਦੀ ਕ੍ਰਿਪਾ ਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਬੱਚਾ-ਬੱਚਾ ਖਾਲਸਾ ਏਡ ਬਾਰੇ ਜਾਣਦਾ ਹੈ। ਅੱਜ ਸਾਨੂੰ ਸਕੂਲਾਂ ਤੇ ਕਾਲਜਾਂ ‘ਚ ਬੱਚਿਆਂ ਨੂੰ ਜਾਗਰੂਕ ਕਰਨ ਲਈ ਬੁਲਾਇਆ ਜਾਂਦਾ। ਖਾਲਸਾ ਏਡ ਦਾ ਮੌਜੂਦਾ ਸਮੇਂ ਵਧੀਆ ਕੰਮ ਕਰ ਰਹੀ ਹੈ ਤੇ ਉਮੀਦ ਹੈ ਕਿ ਇਹ ਸਫਰ ਇਸ ਤਰ੍ਹਾਂ ਹੀ ਚੱਲਦਾ ਰਹੇਗਾ।

ਸਵਾਲ : ਤੁਹਾਡੇ ਵੱਲੋਂ ਹੁਣ ਤੱਕ ਕਿੰਨੇ ਮਿਸ਼ਨ ਕੀਤੇ ਜਾ ਚੁੱਕੇ ਹਨ?

- Advertisement -

ਜਵਾਬ : ਮੈਂ ਤਕਰੀਬਨ ਦਰਜਨਾਂ ਮਿਸ਼ਨਾਂ ‘ਚ ਭਾਗ ਲੈ ਚੁੱਕਾ ਹਾਂ। ਜਿਸ ‘ਚ ਨੇਪਾਲ, ਸਹਾਰਨਪੁਰ ਦੰਗੇ, ਮੁਜੱਫਰਪੁਰ ਦੰਗੇ, ਬੰਗਲਾਦੇਸ਼, ਬਰਮਾ ਤੇ ਸ੍ਰੀਲੰਕਾ ਆਦਿ ਮਿਸ਼ਨ ਮੁੱਖ ਹਨ। ਇਸ ਤੋਂ ਇਲਾਵਾ ਜੇਕਰ ਇੰਡੀਆ ਪੱਧਰ ‘ਤੇ ਖਾਲਸਾ ਏਡ ਦੀ ਗੱਲ ਕਰੀਏ ਤਾਂ ਸਾਡੇ ਵੱਲੋਂ ਲਗਭਗ 35-40 ਮਿਸ਼ਨ ਮੁਕੰਮਲ ਕੀਤੇ ਜਾ ਚੁੱਕੇ ਹਨ।

ਸਵਾਲ : ਸੋਸ਼ਲ ਮੀਡੀਆ ‘ਤੇ ਲੋਕ ਖਾਲਸਾ ਏਡ ਦੀ ਬਾਹਰੀ ਤਸ਼ਵੀਰ ਨੂੰ ਵੇਖਦੇ ਹਨ। ਅੰਦਰੂਨੀ ਤੌਰ ‘ਤੇ ਇੱਕ ਮਿਸ਼ਨ ਦੌਰਾਨ ਖਾਲਸਾ ਏਡ ਨੂੰ ਕਿਸ ਤਰ੍ਹਾਂ ਦੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਦਾ ਹੈ?

ਜਵਾਬ : ਸਾਡੇ ਕੋਲ ਸੰਗਤਾਂ ਤੱਕ ਪਹੁੰਚਣ ਦਾ ਇੱਕੋ ਇੱਕ ਮਾਧਿਅਮ ਸਿਰਫ ਸੋਸ਼ਲ ਮੀਡੀਆ ਹੈ ਤੇ ਦੂਜਾ ਸਾਡੇ ਕੋਲ ਹੋਰ ਕੋਈ ਮਾਧਿਅਮ ਨਹੀਂ ਹੈ। ਤੁਹਾਡੇ ਜਿਹੇ ਕੁਝ ਚੈਨਲਾਂ ਦੇ ਮਾਧਿਅਮ ਨਾਲ ਹੀ ਅਸੀਂ ਲੋਕਾਂ(ਸੰਗਤਾਂ) ਦੇ ਰੂ-ਬ-ਰੂ ਹੁੰਦੇ ਹਾਂ ਜਦਕਿ ਕਈ ਵੱਡੇ ਚੈਨਲ ਤਾਂ ਖਾਲਸਾ ਏਡ ਨੂੰ ਕੈਮਰੇ ਅੱਗੇ ਹੀ ਨਹੀਂ ਆਉਣ ਦੇਣਾ ਚਾਹੁੰਦੇ। ਸਾਡੇ ਵੱਲੋਂ ਸੋਸ਼ਲ ਮੀਡੀਆ ‘ਤੇ ਸਿਰਫ ਇਹ ਦੱਸਿਆ ਜਾਂਦਾ ਕਿ ਅਸੀਂ ਕਿਸ ਥਾਂ ‘ਤੇ ਕੰਮ(ਮਿਸ਼ਨ) ਕਰ ਰਹੇ ਹਾਂ। ਪਰ ਉਸ ਮਿਸ਼ਨ ਨੂੰ ਪੂਰਾ ਕਰਨ ਸਮੇਂ ਜਾਂ ਕਹਿ ਲਓ ਕਿ ਉਸ ਥਾਂ ‘ਤੇ ਜ਼ਰੂਰੀ ਵਸਤਾਂ ਪਹੁੰਚਾਉਣ ਸਮੇਂ ਬਹੁਤ ਸਾਰੀਆਂ ਕਠਿਨਾਈਆਂ ਦਾ ਖਾਲਸਾ ਏਡ ਨੂੰ ਸਾਹਮਣਾ ਕਰਨਾ ਪੈਂਦਾ ਹੈ। ਖਾਲਸਾ ਏਡ ਵੱਲੋਂ ਹੜ੍ਹ, ਸੁਨਾਮੀ ਤੇ ਦੰਗਿਆਂ ਦੌਰਾਨ ਲੋਕਾਂ ਦੀ ਸਹਾਇਤਾ ਕੀਤੀ ਜਾਂਦੀ ਰਹੀ ਹੈ। ਸਾਡੇ ਲਈ ਹਰ ਇੱਕ ਮਿਸ਼ਨ ਇੱਕ ਟਾਸਕ ਦੀ ਤਰ੍ਹਾਂ ਹੁੰਦਾ ਹੈ ਕਿਉਂਕਿ ਵੱਖਰੀ-ਵੱਖਰੀ ਥਾਂ ਤੇ ਵੱਖਰੇ-ਵੱਖਰੇ ਹਾਲਾਤਾਂ ਕਰਕੇ ਉਥੋਂ ਦੀਆਂ ਸਮੱਸਿਆਵਾਂ ਵੀ ਵੱਖੋ-ਵੱਖਰੀਆਂ ਹੁੰਦੀਆਂ ਹਨ। ਜਿਨ੍ਹਾਂ ਦਾ ਸਾਨੂੰ ਸਾਹਮਣਾ ਕਰਨਾ ਪੈਂਦਾ ਹੈ।

ਪਹਿਲੇ ਦਿਨ ਤੋਂ ਹੀ ਸਮਾਜ ‘ਚ ਇਹ ਚਰਚਾ ਚੱਲਦੀ ਰਹਿੰਦੀ ਸੀ ਕਿ ਜਿਹੜੀਆਂ ਐੱਨਜੀਓ ਤੇ ਜੱਥੇਬੰਦੀਆਂ ਨੇ ਉਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਪੈਸੇ ਇਕੱਠੇ ਕਰਨਾ ਹੈ ਤੇ ਇਹ ਸੰਸਥਾਵਾਂ ਜ਼ਮੀਨੀ ਪੱਧਰ ‘ਤੇ ਕੰਮ ਨਹੀਂ ਕਰਦੀਆਂ। ਭਾਵ ਲੋਕਾਂ ਨੂੰ ਇਨ੍ਹਾਂ ਸੰਸਥਾਵਾਂ ‘ਤੇ ਬਹੁਤ ਘੱਟ ਭਰੋਸਾ ਸੀ। ਜਦੋਂ ਅਸੀਂ ਜ਼ਮੀਨੀ ਪੱਧਰ ‘ਤੇ ਜਾ ਕੇ ਲੋਕਾਂ ਤੋਂ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਸਾਨੂੰ ਅਣ-ਦੇਖਿਆ ਕਰ ਦਿੱਤਾ। ਇਸ ਤਰ੍ਹਾਂ ਦੀ ਹੀ ਘਟਨਾ 2013 ‘ਚ ਸਹਾਰਨਪੁਰ ਦੰਗਿਆਂ ਸਮੇਂ ਮੇਰੇ ਨਾਲ ਹੋਈ। ਦੰਗਿਆਂ ‘ਚ ਸਿੱਖ, ਮੁਸਲਮਾਨ ਤੇ ਹਿੰਦੂਆਂ ਦੀਆਂ ਦੁਕਾਨਾਂ ਨੂੰ ਟਾਰਗੇਟ ਕਰਕੇ ਸਾੜਿਆ ਗਿਆ ਸੀ। ਜਦੋਂ ਅਸੀਂ ਉਨ੍ਹਾਂ ਦੀ ਮਦਦ ਕਰਨ ਲਈ ਉਨ੍ਹਾਂ ਤੱਕ ਪਹੁੰਚ ਕੀਤੀ ਤਾਂ ਉਨ੍ਹਾਂ ਉਲਟਾ ਸਾਨੂੰ ਹੀ ਸਵਾਲ ਕੀਤਾ ਕਿ ਉਹ ਕਿਸ ਤਰ੍ਹਾਂ ਸਾਡਾ ਘਾਟਾ ਪੂਰਾ ਕਰ ਸਕਦੇ ਹਨ। ਦੱਸ ਦੇਈਏ ਕਿ ਸਾਡਾ ਕੰਮ ਕਰਨ ਦਾ ਤਰੀਕਾ ਬਿਲਕੁਲ ਵੱਖਰਾ ਹੈ। ਅਸੀਂ ਉਨ੍ਹਾਂ ਨੂੰ ਕਿਹਾ ਕਿ ਅਸੀਂ ਉਨ੍ਹਾਂ ਦੇ ਦੁੱਖ ‘ਚ ਭਾਈਵਾਲ ਬਣਾਗੇ ਤੇ ਜੋ ਸਾਡੇ ਤੋਂ ਬਣੇਗਾ ਉਹ ਕਰਾਂਗੇ। ਉਸ ਤੋਂ ਬਾਅਦ ਅਸੀਂ ਇਕੱਠੇ ਹੋ ਕੇ ਦੁਕਾਨਾਂ ਦੀ ਸਫਾਈ ਸ਼ੁਰੂ ਕੀਤੀ। ਜਿਸ ਨਾਲ ਉਨ੍ਹਾਂ ਦਾ ਹੌਸਲਾ ਵਧਿਆ। ਅਸੀਂ ਦੁਕਾਨਾਂ ਦੀ ਰਿਪੇਅਰ, ਰੰਗ ਤੇ ਹੋਰ ਵੀ ਬਹੁਤ ਸਾਰੇ ਕੰਮ ਕੀਤੇ ਤੇ ਉਹ ਪਰਿਵਾਰ ਪੂਰੀ ਜ਼ਿੰਦਗੀ ਸਾਡੇ ਵੱਲੋਂ ਕੀਤੀ ਸਹਾਇਤਾ ਨੂੰ ਨਹੀਂ ਭੁੱਲ ਸਕਦੇ।

ਸਵਾਲ : ਤੁਹਾਨੂੰ ਸਾਡੀਆਂ ਸਰਕਾਰਾਂ ਤੇ ਐੱਸ.ਜੀ.ਪੀ.ਸੀ. ਵਰਗੀਆਂ ਵੱਡੀਆਂ ਸੰਸਥਾਵਾਂ ਤੋਂ ਕੀ ਸਹਿਯੋਗ ਮਿਲਦਾ ਹੈ?

- Advertisement -

ਜਵਾਬ : ਜੇਕਰ ਸਰਕਾਰਾਂ ਤੇ ਸੰਸਥਾਵਾਂ ਦੇ ਸਹਿਯੋਗ ਦੀ ਗੱਲ ਕਰੀਏ ਤਾਂ ਬੰਗਲਾਦੇਸ਼ ‘ਚ ਰੋਹੰਗਿਆ ਰਫਿਊਜ਼ੀ ਦੀ ਸੇਵਾ ਸਮੇਂ ਸਿੱਖ ਪੰਥ ਦੀਆਂ ਦੋ ਵੱਡੀਆਂ ਸੰਸਥਾਵਾਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐੱਸ.ਜੀ.ਪੀ.ਸੀ ਵੱਲੋਂ ਦੋ ਲੱਖ ਤੇ ਢਾਈ ਲੱਖ ਰੁਪਏ ਦੇ ਕੇ ਸਹਾਇਤਾ ਕੀਤੀ ਗਈ। ਇਸ ਤੋਂ ਇਲਾਵਾ ਕੋਈ ਖਾਸ ਸਮਰਥਨ ਅਜੇ ਤੱਕ ਨਹੀਂ ਮਿਲਿਆ।

ਸਰਕਾਰ ਤੇ ਸਰਕਾਰੀ ਅਦਾਰਿਆਂ ਦੇ ਮੁਖੀਆਂ ਵੱਲੋਂ ਸਾਨੂੰ ਹੁਣ ਤੱਕ ਤਾਲਮੇਲ ਦੇ ਰੂਪ ‘ਚ ਮਦਦ ਮਿਲਦੀ ਰਹੀ ਹੈ। ਕਿਉਂਕਿ ਜਦੋਂ ਸਾਨੂੰ ਘਟਨਾ ਵਾਲੀ ਥਾਂ ਦਾ ਡਾਟਾ ਤੇ ਰੋਡ ਮੈਪ ਦੀ ਲੋੜ ਪੈਂਦੀ ਹੈ ਤਾਂ ਸਰਕਾਰੀ ਅਦਾਰੇ ਸਾਨੂੰ ਜ਼ਰੂਰੀ ਰਿਕਾਰਡ ਮੁਹੱਇਆ ਕਰਵਾਉਂਦੇ ਹਨ। ਪਰ ਇਸ ਤੋਂ ਇਲਾਵਾ ਹੁਣ ਤੱਕ ਸਾਨੂੰ ਸਰਕਾਰ ਵੱਲੋਂ ਕੋਈ ਵਿੱਤੀ ਤੇ ਸਰੀਰਕ ਮਦਦ ਨਹੀਂ ਮਿਲੀ ਹੈ।

ਸਵਾਲ : ਬਚਾਓ ਕਾਰਜਾਂ ਦੌਰਾਨ ਤੁਹਾਡਾ ਕੋਈ ਚੰਗਾ ਅਨੁਭਵ ਜੋ ਤੁਸੀਂ ਆਪਣੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੋਗੇ?

ਜਵਾਬ : ਜਦੋਂ ਅਸੀਂ ਪਹਿਲੇ ਦਿਨ ਕਿਸੇ ਮਿਸ਼ਨ ‘ਤੇ ਜਾਂਦੇ ਹਾਂ ਤਾਂ ਉੱਥੋਂ ਦੇ ਲੋਕ ਸਾਨੂੰ ਵੇਖ ਕੇ ਬਹੁਤ ਹੈਰਾਨ ਹੁੰਦੇ ਹਨ। ਉਦਾਹਰਨ ਵਜੋਂ ਜਦੋਂ ਅਸੀਂ ਕੇਰਲਾ ਗਏ ਤਾਂ ਉੱਥੋਂ ਦੇ ਲੋਕ ਸਾਨੂੰ ਵੇਖ ਕੇ ਹੈਰਾਨ ਹੋਏ ਕਿ ਇਹ ਦਸਤਾਰਾਂ ਵਾਲੇ ਪੰਜਾਬੀ ਕੌਣ ਹਨ। ਫਿਰ ਜਦੋਂ ਅਸੀਂ ਉਨ੍ਹਾਂ ਦੀ ਸਹਾਇਤਾ ਕੀਤੀ ਤੇ ਨਾਲ ਹੀ ਉਨ੍ਹਾਂ ਨੂੰ ਸਾਡੇ ‘ਤੇ ਵਿਸ਼ਵਾਸ ਹੋਇਆ। ਸੋਸ਼ਲ ਮੀਡੀਆ ‘ਤੇ ਕੇਰਲਾ ਦੇ ਲੋਕਾਂ ਨੇ ਪੰਜਾਬ ਦੇ ਨਾਅਰੇ ਲਗਾਏ ਤੇ ਕਿਹਾ ਕਿ ਸਾਨੂੰ ਪੰਜਾਬੀਆਂ ਨੇ ਬਚਾਇਆ ਹੈ। ਪਿੱਛਲੇ ਇੱਕ ਸਾਲ ਤੋਂ ਅਸੀਂ ਕੇਰਲਾ ‘ਚ ਕੰਮ ਕਰ ਰਹੇ ਹਾਂ। ਦੂਜੀ ਗੱਲ ਜਦੋਂ ਤੁਸੀਂ ਕਿਸੇ ਕੌਮ ਜਾਂ ਭਾਈਚਾਰੇ ਦੀ ਸੋਚ ਬਦਲ ਰਹੇ ਹੋ ਤੇ ਉਨ੍ਹਾਂ ਨੂੰ ਮਹਿਸੂਸ ਕਰਵਾ ਰਹੇ ਹੋ ਕਿ ਇਨਸਾਨੀਅਤ ਅਜੇ ਜ਼ਿੰਦਾ ਹੈ ਤੇ ਨਾਲ ਹੀ ਸਰਬੱਤ ਦੇ ਭਲੇ ਦਾ ਸੁਨੇਹਾ ਉਨ੍ਹਾਂ ਦੇ ਦਿਮਾਗ ਤੱਕ ਪਹੁੰਚਾ ਦਿੰਦੇ ਹੋ। ਕੇਰਲਾ ਤੋਂ ਬਾਅਦ ਅਸੀਂ ਜਿਹੜੇ ਮਿਸ਼ਨ ਕੀਤੇ ਹਨ ਉਨ੍ਹਾਂ ਦੌਰਾਨ ਸਾਨੂੰ ਕੇਰਲਾ ਦੇ ਲੋਕਾਂ ਦੀਆਂ ਈਮੇਲ ਵੀ ਆਈਆਂ। ਜਿਸ ‘ਚ ਉਨ੍ਹਾਂ ਕਿਹਾ ਕਿ ਅਸੀਂ ਕਿਸ ਤਰ੍ਹਾਂ ਨਾਲ ਤੁਹਾਡੀ ਮਦਦ ਕਰ ਸਕਦੇ ਹਾਂ। ਇਸ ਤਰ੍ਹਾਂ ਦੀ ਪ੍ਰਾਪਤੀ ਮੇਰੇ ਲਈ ਇੱਕ ਚੰਗਾ ਅਨੁਭਵ ਸੀ।

ਸਵਾਲ : ਜਦੋਂ ਤੁਸੀਂ ਇੱਕ ਸਿੱਖ ਪ੍ਰਚਾਰਕ ਦੇ ਰੂਪ ‘ਚ ਕੰਮ ਕਰਦੇ ਹੋ ਤਾਂ ਤੁਹਾਨੂੰ ਕਿਸ ਤਰ੍ਹਾਂ ਲੱਗਦਾ ਹੈ?

ਜਵਾਬ : ਸਾਨੂੰ ਸਾਡੇ ਗੁਰੂ ਸਾਹਿਬਾਨਾਂ ਤੇ ਇਤਿਹਾਸ ਤੋਂ ਸਰਬੱਤ ਦਾ ਭਲਾ ਮੰਗਣ ਤੇ ਸੇਵਾ ਕਰਨ ਦੀ ਸਿੱਖਿਆ ਮਿਲੀ ਸੀ ਤੇ ਅਸੀਂ ਇਸ ਇਤਿਹਾਸ ਤੇ ਸਿੱਖਿਆ ਨੂੰ ਚਾਰ-ਦਿਵਾਰੀ ਤੱਕ ਹੀ ਸੀਮਿਤ ਰੱਖਿਆ। ਅਸੀਂ ਉਸ ਸਿੱਖਿਆ ਨੂੰ ਚਾਰ-ਦਿਵਾਰੀ ਤੋਂ ਬਾਹਰ ਕੱਢਿਆ ਹੈ। ਜਦੋਂ ਸਾਡੇ ਦਸਤਾਰ ਵਾਲੇ ਵੀਰ ਤੇ ਭੈਣਾਂ ਦੀ ਟੀਮ ਕਿਸੇ ਵੀ ਮਿਸ਼ਨ ‘ਤੇ ਜਾਂਦੀ ਹੈ ਤਾਂ ਉੱਥੋਂ ਦੇ ਲੋਕ ਵੇਖਦੇ ਹਨ ਕਿ ਇਹ ਸਿੱਖ ਹਨ, ਇਨ੍ਹਾਂ ਦੀ ਕੌਮ ਕਿਹੜੀ ਹੈ ਤੇ ਇਨ੍ਹਾਂ ਦਾ ਪੁਰਾਤਨ ਇਤਿਹਾਸ ਕੀ ਹੈ ਜਿਸ ਨਾਲ ਆਪਣੇ-ਆਪ ਹੀ ਸਿੱਖੀ ਦਾ ਪ੍ਰਚਾਰ ਹੋ ਰਿਹਾ ਹੈ ਨਾਲ ਹੀ ਸਾਨੂੰ ਦੱਸਣ ਦੀ ਲੋੜ ਨਹੀਂ ਹੁੰਦੀ ਕਿ ਅਸੀਂ ਕੌਣ ਹਾਂ, ਕਿੱਥੋਂ ਆਏ ਹਾਂ ਤੇ ਸਾਡਾ ਸੁਨੇਹਾ ਕੀ ਹੈ ਤੁਹਾਡੇ ਲਈ।

ਸਵਾਲ : ਕੀ ਤੁਹਾਡੇ ਕੋਲ ਵਲੰਟੀਅਰ ਸੋਸ਼ਲ ਮੀਡੀਆ ਦੇ ਜ਼ਰੀਏ ਹੀ ਆਉਂਦੇ ਹਨ?

ਜਵਾਬ : ਕਈ ਭਾਵੁਕ ਸੱਜਣ ਤੇ ਭੈਣ-ਭਰਾ ਅਜਿਹੇ ਹੁੰਦੇ ਹਨ ਜਿਹੜੇ ਖੁਦ ਚੰਗਾ ਕੰਮ ਕਰਨਾ ਚਾਹੁੰਦੇ ਹਨ ਪਰ ਇਸ ਲਈ ਉਨ੍ਹਾਂ ਕੋਲ ਕੋਈ ਵਧੀਆ ਪਲੇਟਫਾਰਮ ਨਹੀਂ ਹੁੰਦਾ। ਇਸ ਕਾਰਜ ਲਈ ਸਾਨੂੰ ਇਮਾਨਦਾਰ ਤੇ ਭਾਵੁਕ ਸੱਜਣਾਂ ਦੀ ਲੋੜ ਹੁੰਦੀ ਹੈ ਜਿਹੜੇ ਸੇਵਾ ਲਈ ਹਰ ਸਮੇਂ ਤਤਪਰ ਰਹਿਣ ਦੂਜੇ ਪਾਸੇ ਜੇਕਰ ਅਸੀਂ ਖੁਦ ਲੋਕਾਂ ‘ਚ ਜਾ ਕੇ ਉਨ੍ਹਾਂ ਨੂੰ ਵਲੰਟੀਅਰ ਬਣਾਉਂਦੇ ਹਾਂ ਤਾਂ ਉਹ ਲੋਕ ਆਪਣੇ ਕੰਮ ਪ੍ਰਤੀ ਜ਼ਿਆਦਾ ਭਾਵੁਕ ਨਹੀਂ ਹੁੰਦੇ। ਇਸ ਲਈ ਸੋਸ਼ਲ ਮੀਡੀਆ ਦੀ ਖਾਲਸਾ ਏਡ ਨਾਲ ਬਹੁਤ ਡੂੰਘੀ ਸਾਂਝ ਹੈ। ਇਸ ਲਈ ਖਾਲਸਾ ਏਡ ਨਾਲ ਜਿਹੜੇ ਲੋਕ ਜੁੜ ਰਹੇ ਹਨ ਉਸ ‘ਚ ਸੋਸ਼ਲ ਮੀਡੀਆ ਦਾ ਇੱਕ ਵੱਡਾ ਰੌਲ ਹੈ।

ਸਵਾਲ : ਕੀ ਤੁਹਾਡੇ ਵਲੰਟੀਅਰਾਂ ਨੂੰ ਵੀ ਸਰਕਾਰ ਦੀ ਡਿਜਾਸਟਰ ਟੀਮ ਵਾਗ ਟ੍ਰੇਨਿੰਗ ਦਿੱਤੀ ਜਾਂਦੀ ਹੈ?

ਜਵਾਬ : ਫਸਟ ਏਡ ਟ੍ਰੇਨਿੰਗ, ਸੀਪੀਆਰ ਤੇ ਡਿਜਾਸਟਰ ਮੈਨੇਜਮੈਂਟ ਟ੍ਰੇਨਿੰਗ ਉਨ੍ਹਾਂ ਵਲੰਟੀਅਰਾਂ ਨੂੰ ਦਿੱਤੀ ਜਾਂਦੀ ਹੈ ਜਿਹੜੇ ਮਿਸ਼ਨ ਨੂੰ ਲੀਡ ਕਰਦੇ ਹਨ। ਸਾਡੇ ਵੱਲੋਂ ਵਲੰਟੀਅਰਾਂ ਦੀਆਂ ਕੈਟਾਗਿਰੀਆਂ ਬਣਾਈਆਂ ਗਈਆਂ ਹਨ। ਜਿਹੜੇ ਵਲੰਟੀਅਰ ਕਿਸੇ ਵੀ ਤਰ੍ਹਾਂ ਦੀ ਕੁਦਰਤੀ ਆਫਤ ਮੌਕੇ ਸੇਵਾ ਕਰਨ ਲਈ ਹਰ ਸਮੇਂ ਤਤਪਰ ਰਹਿੰਦੇ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ ਤੇ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕੁਝ ਏਜੰਸੀਆਂ ਹਨ ਜਿਹੜੀਆਂ ਇਸ ਖੇਤਰ ‘ਚ ਸਿਰਫ ਟ੍ਰੇਨਿੰਗ ਹੀ ਦਿੰਦੀਆਂ ਹਨ। ਅਸੀਂ ਇਨ੍ਹਾਂ ਏਜੰਸੀਆਂ ਨੂੰ ਹਾਇਰ ਕਰਦੇ ਹਾਂ। ਅਗਲੇ ਹਫਤੇ ਅਸੀਂ ਪਟਿਆਲਾ ‘ਚ ਆਪਣੇ 25 ਵਲੰਟੀਅਰਾਂ ਨੂੰ ਡਿਜਾਸਟਰ ਮੈਨੇਜਮੈਂਟ ਦੀ ਟ੍ਰੇਨਿੰਗ ਦੇਣ ਜਾ ਰਹੇ ਹਾਂ। ਇਸ ਤੋਂ ਇਲਾਵਾ ਬੈਕ ਐਂਡ ਆਫਿਸ ਵਾਲਿਆਂ ਨੂੰ ਵੀ ਅਲੱਗ ਤੋਂ ਟ੍ਰੇਨਿੰਗ ਦਿੱਤੀ ਜਾਂਦੀ ਹੈ। ਐਮਰਜੈਂਸੀ ਹੈਲਪਲਾਇਨ ਨੰਬਰ 24 ਘੰਟੇ ਚੱਲਦਾ ਹੈ। ਸਾਡੇ ਵੱਲੋਂ ਹੁਣ ਤੱਕ 35-40 ਮਿਸ਼ਨ ਲੀਡ ਕੀਤੇ ਜਾ ਚੁੱਕੇ ਹਨ। ਇਸ ਦੇ ਨਾਲ-ਨਾਲ ਹੀ ਅਸੀਂ ਆਪਣੀ ਟੀਮਾਂ ਨੂੰ ਵੀ ਉਸੇ ਤਰ੍ਹਾਂ ਤਿਆਰ ਕਰ ਰਹੇ ਹਾਂ।

ਸਵਾਲ : ਖਾਲਸਾ ਏਡ ਦਾ ਅੰਦਰੂਨੀ ਢਾਂਚੇ ਕਿਸ ਤਰ੍ਹਾਂ ਦਾ ਹੈ?

ਜਵਾਬ : ਜਿਹੜੇ-ਜਿਹੜੇ ਮੁਲਕਾਂ ‘ਚ ਸਾਡੀਆਂ ਬ੍ਰਾਚਾਂ ਹਨ ਉੱਥੇ ਹੀ ਖਾਲਸਾ ਏਡ ਦਾ ਢਾਂਚਾ ਨਿਯਮਿਤ ਕੀਤਾ ਜਾਂਦਾ ਹੈ। ਪਰ ਇੰਡੀਆ ‘ਚ ਸਾਡੇ ਕੁਝ ਟ੍ਰਸਟੀ ਨੇ ਜਿਹੜੇ ਪੂਰਾ ਬੋਰਡ ਆਫ ਟ੍ਰਸਟ ਚਲਾਉਂਦੇ ਹਨ। ਸਾਡੀਆਂ ਕੁਝ ਪਾਲਿਸੀਆਂ ਸਾਡੇ ਹੈੱਡਕੁਆਰਟਰ ਲੰਡਨ ਤੋਂ ਆਉਂਦੀਆਂ ਹਨ ਤੇ ਕੁਝ ਪਾਲਿਸੀਆਂ ਅਸੀਂ ਆਪ ਬਣਾਉਂਦੇ ਹਾਂ। ਮੈਡੀਕਲ, ਸਿੱਖਿਆ, ਵੈਲਫੇਅਰ ਤੇ ਅਕਾਊਂਟਸ ਅਦਾਰਿਆਂ ਦੇ ਆਪਣਾ-ਆਪਣਾ ਹੈੱਡ ਤੇ ਸਟਾਫ ਹੈ। ਕੁਲ ਮਿਲਾ ਕੇ ਇੱਕ ਸਾਰੇ ਇੱਕ ਢਾਂਚੇ ਦੇ ਰੂਪ ‘ਚ ਕੰਮ ਕਰਦੇ ਹਨ। ਇਸ ਤੋਂ ਇਲਾਵਾ ਇੱਕ ਐੱਨਜੀਓ ਲਈ ਜਿਹੜੀਆਂ ਪਾਲਿਸੀਆਂ ਸਰਕਾਰ ਨਿਰਧਾਰਿਤ ਕਰਦੀ ਹੈ ਉਸ ਨੂੰ ਬੈਕ ਐਂਡ ਆਫਿਸ ਵੇਖਦਾ ਹੈ।

ਸਵਾਲ : ਤੁਸੀਂ ਖਾਲਸਾ ਏਡ ਦਾ ਅਗਲਾ ਭਵਿੱਖ ਕੀ ਵੇਖਦੇ ਹੋ?

ਜਵਾਬ : ਜਲਦ ਹੀ ਅਜਿਹਾ ਦਿਨ ਆਵੇਗਾ ਜਦੋਂ ਖਾਲਸਾ ਏਡ ਕਿਸੇ ਵੀ ਕੁਦਰਤੀ ਆਫਤ ਨਾਲ ਨਜਿੱਠਣ ਲਈ ਆਪਣੇ ਪੱਧਰ ‘ਤੇ ਸਮਰਥ ਹੋਵੇਗਾ। ਜਿਸ ਤਰ੍ਹਾਂ ਯੂ.ਐੱਨ.ਓ. ਨੂੰ ਆਪਣੇ ਸੋਸ਼ਲ ਕੰਮਾਂ ਲਈ ਪੂਰੀ ਦੁਨੀਆ ‘ਚ ਜਾਣਿਆ ਜਾਂਦਾ ਹੈ। ਪਰ ਉਹ ਸਮਾਂ ਜ਼ਿਆਦਾ ਦੂਰ ਨਹੀਂ ਕਿ ਸਾਡਾ ਢਾਂਚਾ ਇੰਨਾ ਵੱਡਾ ਹੋਵੇ ਕਿ ਅਸੀਂ ਪੂਰੀ ਦੁਨੀਆ ਨੂੰ ਸਰਬੱਤ ਦਾ ਭਲਾ ਤੇ ਵੰਡ ਛੱਕੋ ਦਾ ਸੁਨੇਹਾ ਦੇ ਸਕਦੇ ਹਾਂ।

Share this Article
Leave a comment