ਆਹ ਚੱਕੋ ਲੱਗ ਗਿਆ ਪਤਾ ਕਾਂਗਰਸੀਆਂ ਨੂੰ ਕੌਣ ਉਕਸਾ ਰਿਹਾ ਸੀ ਚੋਣਾਂ ‘ਚ ਧੱਕਾ ਕਰਨ ਲਈ?

TeamGlobalPunjab
4 Min Read

ਸੁਣ ਕੇ ਵਿਰੋਧੀਆਂ ਨੇ ਕਰ ਲਈਆਂ ਅੱਖਾਂ ਲਾਲ

ਲੁਧਿਆਣਾ : ਚੋਣਾਂ ਦੇ ਇਸ ਮਾਹੌਲ ‘ਚ ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁਝ ਵਿਅਕਤੀ ਇੱਕ ਬੰਦ ਕਮਰੇ ‘ਚ ਬੈਠ ਕੇ ਮੀਟਿੰਗ ਕਰ ਰਹੇ ਸਨ। ਵੀਡੀਓ ‘ਚ ਉਸ ਮੀਟਿੰਗ ਦੌਰਾਨ ਉਹ ਵਿਅਕਤੀ ਲੋਕ ਸਭਾ ਚੋਣਾਂ ‘ਚ ਨਸ਼ੇ ਅਤੇ ਪੈਸੇ ਵੰਡਣ ਦੀ ਗੱਲ ਸਾਫ ਤੌਰ ‘ਤੇ ਕਰਦੇ ਦਿਖਾਈ ਦਿੰਦੇ ਹਨ।  ਇਸ ਵੀਡੀਓ ਨੂੰ ਦੇਖਣ ਵਾਲਿਆਂ ਨੇ ਦਾਅਵਾ ਇਹ ਕੀਤਾ ਸੀ ਕਿ ਇਹ ਵੀਡੀਓ ਕਾਂਗਰਸੀਆਂ ਦੀ ਇੱਕ ਚੋਣ ਮੀਟਿੰਗ ਦੀ ਤਿਆਰੀ ਕਰਨ ਦੀ ਹੈ। ਜਿਉਂ ਹੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਤਾਂ ਡੂੰਗੀ ਸੋਚ ‘ਚ ਬੈਠੇ ਸਿਆਸੀ ਮਾਹਰਾਂ ਨੂੰ ਇੰਝ ਲੱਗਿਆ ਜਿਵੇਂ ਚੋਣਾਂ ਦੇ ਇਸ ਮਾਹੌਲ ਵਿੱਚ ਕਾਂਗਰਸੀ ਆਗੂਆਂ ਦਾ ਵਾਇਰਲ ਵੀਡੀਓਜ਼ ਨਾਲ ਗੂੜਾ ਰਿਸ਼ਤਾ ਪੈ ਗਿਆ ਹੈ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਹਰ ਦਿਨ ਕਿਸੇ ਨਾ ਕਿਸੇ ਛੋਟੇ ਜਾਂ ਵੱਡੇ ਕਾਂਗਰਸੀ ਆਗੂ ਦੀ ਕੋਈ ਨਾ ਕੋਈ ਵੀਡੀਓ ਵਾਇਰਲ ਹੁੰਦੀ ਹੀ ਰਹਿੰਦੀ ਹੈ। ਪਰ ਕਾਂਗਰਸੀਆਂ ਦੀ ਇਸ ਵੀਡੀਓ ਨੇ ਤਾਂ ਪੰਜਾਬ ਦੀ ਸਿਆਸਤ ‘ਚ ਬੜਾ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇਹ ਵਾਇਰਲ ਵੀਡੀਓ ਹਲਕਾ ਦਾਖਾਂ ਤੋਂ ਕਾਂਗਰਸੀ ਸਰਪੰਚਾ ਵੱਲੋਂ ਰਵਨੀਤ ਬਿੱਟੂ ਦੇ ਹੱਕ ਵਿੱਚ ਰੱਖੀ ਗਈ ਚੋਣ ਤਿਆਰੀਆਂ ਦੀ ਮੀਟਿੰਗ ਨਾਲ ਸਬੰਧਤ ਦੱਸੀ ਜਾ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕਾਂਗਰਸੀ ਸਰਪੰਚਾਂ ਦੇ ਨਾਲ ਨਾਲ ਲੁਧਿਆਣਾ ਤੋਂ ਕਾਂਗਰਸੀ ਉਮੀਦਵਾਰ ਰਵਨੀਤ ਬਿੱਟੂ ਦੇ ਜੀਜਾ ਬਿਕਰਮ ਸਿੰਘ ਮੋਫਰ ਵੀ ਦਿਖਾਈ ਦੇ ਰਹੇ ਹਨ।

ਦੱਸ ਦਈਏ ਕਿ ਜਿਉਂ ਹੀ ਇਹ ਵੀਡੀਓ ਸ਼ੁਰੂ ਹੁੰਦੀ ਹੈ ਤਾਂ ਆਪਣੇ ਆਪ ਨੂੰ ਸਰਪੰਚ ਦੱਸਣ ਵਾਲਾ ਇੱਕ ਵਿਅਕਤੀ ਵੋਟਾਂ ਦੌਰਾਨ ਸ਼ਰੇਆਮ ਸ਼ਰਾਬ ਅਤੇ ਪੈਸੇ ਵੰਡਣ ਦੀ ਗੱਲ ਕਰਦਾ ਹੈ। ਇਸ ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਅੱਗੇ ਪਤਾ ਲਗਦਾ ਹੈ ਕਿ ਬਿਕਰਮ ਸਿੰਘ ਮੋਫਰ ਦੱਸੇ ਜਾਂਦੇ ਬੰਦੇ ਵੱਲੋਂ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਇਹ ਕਿਹਾ ਜਾ ਰਿਹਾ ਹੈ ਕਿ, “ਤੁਹਾਨੂੰ ਪਤਾ ਹੈ, ਕਿ ਤੁਹਾਡਾ ਆਪਣਾ ਪਿੰਡ ਹੈ ਕਿ ਕਿੱਥੇਂ ਲੋਕਾਂ ਅੱਗੇ ਹੱਥ ਬੰਨ੍ਹਣੇ ਹਨ, ਕਿੱਥੇ ਪੁਲਿਸ ਦਾ ਦਬਾਅ ਬਣਾਉਣਾ ਹੈ ਤੇ ਕਿੱਥੇ ਸ਼ਰਾਬ ਪਿਆਉਣੀ ਹੈ? ਤੁਹਾਨੂੰ ਸਾਰੀ ਖੇਡ ਦਾ ਪਤਾ ਹੈ।” ਮੋਫਰ ਦੱਸਿਆ ਜਾ ਰਿਹਾ ਵਿਅਕਤੀ ਕਹਿ ਰਿਹਾ ਹੈ ਕਿ ਜਿਸ ਤਰ੍ਹਾਂ ਦੀ ਵੀ ਲੋੜ ਹੈ, ਉਹ ਉਨ੍ਹਾਂ ਦੇ  ਨਾਲ ਖੜ੍ਹੇ ਹਨ।।ਇਸ ਤੋਂ ਬਾਅਦ ਉਹ ਆਪਣੇ ਆਪ ਨੂੰ ਸਰਪੰਚ ਦੱਸਣ ਵਾਲਾ ਵਿਅਕਤੀ ਕਹਿੰਦਾ ਹੈ ਕਿ, “ਇਸ ਵਾਰ ਲੋਕ ਸਿਆਣੇ ਹੋ ਗਏ ਹਨ ਤੇ ਇਸ ਵਾਰ ਲੋਕਾਂ ਨੂੰ ਸ਼ਰਾਬ ਵੀ ਚਾਹੀਦੀ ਹੈ, ਭੁੱਕੀ ਵੀ ਚਾਹੀਦੀ ਹੈ, ਹੁਣ ਵੋਟਾਂ ਸੁੱਕੀਆਂ ਨਹੀਂ ਮਿਲਣੀਆਂ।”

ਹੁਣ ਚਰਚਾ ਇਹ ਹੈ ਕਿ ਜਿਹੜੀ ਕਾਂਗਰਸ ਪਾਰਟੀ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਉਨ੍ਹਾਂ ਨੇ ਸੂਬੇ ‘ਚ ਨਸ਼ੇ ਦਾ ਲੱਕ ਤੋੜ ਦਿੱਤਾ ਹੈ ਉਸੇ ਪਾਰਟੀ ਦੇ ਕੁਝ ਵਰਕਰਾਂ ਅਤੇ ਕਿਸੇ ਸਾਬਕਾ ਵਿਧਾਇਕ ਦੇ ਪੁੱਤਰ ਦੀ ਦੱਸੀ ਜਾ ਰਹੀ ਅਜਿਹੀ ਵੀਡੀਓ ਵਾਇਰਲ ਹੋਣਾ ਆਪਣੇ ਆਪ ‘ਚ ਵੱਡੇ ਵਿਵਾਦ ਨੂੰ ਜਨਮ ਦੇਣ ਵਾਲੀ ਗੱਲ ਹੈ। ਸਵਾਲ ਇਹ ਹੈ ਕਿ ਜੇਕਰ ਇਹ ਵੀਡੀਓ ਵਾਕਿਆ ਹੀ ਕਾਂਗਰਸ ਪਾਰਟੀ ਵਾਲੀਆਂ ਦੀ ਹੈ ਜਿਹੜੇ ਕਿ ਸ਼ਰੇਆਮ ਨਸ਼ੇ ਵੰਡਣ ਦੀਆਂ ਗੱਲਾਂ ਕਰ ਰਹੇ ਹਨ ਕੀ ਉਨ੍ਹਾਂ ਲਈ ਸੂਬੇ ‘ਚੋਂ ਨਸ਼ਾ ਖਤਮ ਕਰਨਾ ਸਿਰਫ ਇੱਕ ਚੋਣ ਮੁੱਦਾ ਸੀ? ਕਿਉਂਕਿ ਇਸ ਵੀਡੀਓ ਨੂੰ ਦੇਖ ਕੇ ਤਾਂ ਘੱਟੋ ਘੱਟ ਇਹ ਮਹਿਸੂਸ ਨਹੀਂ ਹੁੰਦਾ।

- Advertisement -

 

Share this Article
Leave a comment