ਫ਼ਰੀਦਕੋਟ : ਨਾਭਾ ਜੇਲ੍ਹ ‘ਚ ਹਵਾਲਾਤੀ ਮਹਿੰਦਰਪਾਲ ਬਿੱਟੂ ਦੇ ਕਤਲ ਕੇਸ ਨੇ ਉਸ ਵੇਲੇ ਨਵਾਂ ਮੋੜ ਲੈ ਲਿਆ ਜਦੋਂ ਬੀਤੀ ਕੱਲ੍ਹ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਬਿੱਟੂ ਦੇ ਸੰਸਕਾਰ ਤੋਂ ਇਨਕਾਰ ਕਰ ਦਿੱਤਾ ਹੈ। ਨਾਭਾ ਜੇਲ੍ਹ ‘ਚ ਕਤਲ ਕੀਤੇ ਗਏ ਮਹਿੰਦਰਪਾਲ ਬਿੱਟੂ ਦੇ ਸੰਸਕਾਰ ਨੂੰ ਲੈ ਕੇ ਡੇਰਾ ਪ੍ਰੇਮੀਆਂ ਨੇ ਕੈਪਟਨ ਸਰਕਾਰ ਅੱਗੇ ਵੱਡੀ ਮੰਗ ਰੱਖਦੇ ਹੋਏ ਮ੍ਰਿਤਕ ਦਾ ਸੰਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੋਟਕਪੁਰਾ ਦੇ ਨਾਮਚਰਚਾ ਘਰ ਦੇ ਮੰਚ ਤੋਂ ਡੇਰਾ ਸਿਰਸਾ ਦੇ ਪੈਰੋਕਾਰਾਂ ਨੇ ਕੈਪਟਨ ਸਰਕਾਰ ਸਾਹਮਣੇ ਆਪਣੀ ਮੰਗ ਰੱਖੀ ਹੈ ਕਿ ਮਹਿੰਦਰਪਾਲ ਬਿੱਟੂ ਖ਼ਿਲਾਫ਼ ਦਰਜ ਬੇਅਦਬੀ ਦੇ ਕੇਸ ਵਾਪਸ ਲਏ ਜਾਣ। ਉਨ੍ਹਾਂ ਕਿਹਾ ਕਿ ਜਿੰਨਾ ਸਮਾਂ ਸਰਕਾਰ ਇਹ ਮੰਗ ਨਹੀਂ ਮੰਨਦੀ, ਓਨਾ ਸਮਾਂ ਮਹਿੰਦਰਪਾਲ ਦਾ ਸੰਸਕਾਰ ਨਹੀਂ ਕੀਤਾ ਜਾਵੇਗਾ। ਡੇਰਾ ਸਿਰਸਾ ਦੇ ਬੁਲਾਰੇ ਹਰਚਰਨ ਸਿੰਘ ਅਤੇ 45 ਮੈਂਬਰੀ ਕਮੇਟੀ ਨੇ ਮੰਗ ਕੀਤੀ ਹੈ ਕਿ ਜਿਨ੍ਹਾਂ ਮਾਮਲਿਆਂ ਕਰਕੇ ਬਿੱਟੂ ਨੂੰ ਜੇਲ੍ਹ ਭੇਜਿਆ ਗਿਆਂ ਉਨ੍ਹਾਂ ਨੂੰ ਖਾਰਜ ਕੀਤਾ ਜਾਵੇ ਅਤੇ ਘਟਨਾ ‘ਚ ਸ਼ਾਮਲ ਦੋ ਮੁਲਜ਼ਮਾਂ ਤੋਂ ਇਲਾਵਾ ਉਨ੍ਹਾਂ ਦੇ ਪਿੱਛੇ ਕਿਸ ਦੀ ਸ਼ੈਅ ਹੈ ਇਸਨੂੰ ਵੀ ਸਾਹਮਣੇ ਲਿਆਂਦਾ ਜਾਵੇ। ਉਨ੍ਹਾਂ ਇਹ ਵੀ ਮੰਗ ਕੀਤੀ ਕਿ ਪੰਜਾਬ ਅਤੇ ਹਰਿਆਣਾ ਵਿੱਚ ਡੇਰਾ ਸਿਰਸਾ ਦੇ ਪੈਰੋਕਾਰਾਂ ਖ਼ਿਲਾਫ਼ ਦਰਜ ਹੋਏ ਕੇਸ ਵਾਪਸ ਲਏ ਜਾਣ। ਹਰਚਰਨ ਸਿੰਘ ਨੇ ਇਹ ਵੀ ਕਿਹਾ ਕਿ ਜਿਸ ਸੈੱਲ ‘ਕਿਸੇ ਨੂੰ ਵੀ ਹੋਰ ਜਾਣ ਨਹੀਂ ਦਿੱਤਾ ਜਾਂਦਾ ਸੀ ਉੱਥੇ ਬਿੱਟੂ ਦਾ ਕਤਲ ਕਿਵੇਂ ਹੋਇਆ ਇਸ ਦੀ ਨਿਆਇਕ ਜਾਂਚ ਕੀਤੀ ਜਾਵੇ। ਹਰਚਰਨ ਸਿੰਘ ਨੇ ਦੋਸ਼ ਲਾਇਆ ਕਿ ਇਹ ਕੋਈ ਝੜੱਪ ਨਹੀਂ ਸੀ ਬਲਕਿ ਇਕ ਸੋਚੀ ਸਮਝੀ ਸਾਜ਼ਿਸ਼ ਤਹਿਤ ਕੀਤਾ ਗਿਆ ਕਤਲ ਹੈ।
ਉੱਧਰ ਕੁਝ ਡੇਰਾ ਪ੍ਰੇਮੀਆਂ ਨੇ ਇੱਥੋਂ ਤਕ ਕਿਹਾ ਕਿ ਜੇਕਰ ਉਨ੍ਹਾਂ ਨੂੰ ਮਹਿੰਦਰਪਾਲ ਦੀ ਲਾਸ਼ ਚਾਰ-ਪੰਜ ਦਿਨ ਵੀ ਰੱਖਣੀ ਪਈ ਤਾਂ ਉਹ ਰੱਖਣਗੇ, ਪਰ ਸਰਕਾਰ ਤੋਂ ਆਪਣੀਆਂ ਮੰਗਾਂ ਮੰਨਵਾ ਕੇ ਰਹਿਣਗੇ। ਇਸ ਬਾਰੇ ਹਰਚਰਨ ਸਿੰਘ ਵੱਲੋਂ ਵੀ ਹਾਮੀ ਭਰੀ ਗਈ ਹੈ। ਇੱਧਰ ਸਰਕਾਰ ਨੂੰ ਜਿਸ ਗੱਲ ਦਾ ਡਰ ਸੀ ਉਹੀ ਸਥਿਤੀ ਬਣਦੀ ਜਾਪ ਰਹੀ ਹੈ ਕਿਉਂਕਿ ਇਹ ਮਾਮਲਾ ਹੁਣ ਟਕਰਾਅ ਦੀ ਸਥਿਤੀ ਵਲ ਵਧਦਾ ਨਜ਼ਰ ਆ ਰਿਹਾ ਹੈ, ਪਰ ਫਿਰ ਵੀ ਸਰਕਾਰ ਵੱਲੋਂ ਇਸ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਪੁਲਿਸ ਅਤੇ ਨੀਮ ਫੌਜੀ ਦਲ ਤੈਨਾਤ ਕੀਤੇ ਗਏ ਹਨ।
ਦੱਸ ਦਈਏ ਕਿ ਸਨਿੱਚਰਵਾਰ ਨੂੰ ਬੇਅਦਬੀ ਮਾਮਲਿਆਂ ਦਾ ਸਾਹਮਣਾ ਕਰ ਰਹੇ ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੁੱਖ ਮੈਂਬਰ ਮਹਿੰਦਰਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿੱਚ ਸਾਥੀ ਕੈਦੀਆਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ। ਜਿਸ ਤੋਂ ਬਾਅਦ ਹਰਕਤ ‘ਚ ਆਈ ਕੈਪਟਨ ਸਰਕਾਰ ਨੇ ਦੋ ਜੇਲ੍ਹ ਅਧਿਕਾਰੀਆਂ ਨੂੰ ਮੁਅੱਤਲ ਕਰ ਕੇ ਮਾਮਲੇ ਦੀ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ ਅਤੇ ਮੁਲਜ਼ਮ ਮਨਿੰਦਰ ਸਿੰਘ ਤੇ ਗੁਰਸੇਵਕ ਸਿੰਘ ‘ਤੇ ਕੇਸ ਵੀ ਦਰਜ ਕਰ ਲਿਆ ਗਿਆ ਹੈ। ਅਜਿਹੇ ਵਿੱਚ ਸਿੱਖ ਜਥੇਬੰਦੀਆਂ ਨਾਲ ਉਨ੍ਹਾਂ ਦਾ ਟਕਰਾਅ ਵੱਧ ਸਕਦਾ ਹੈ।