ਚੰਡੀਗੜ੍ਹ : ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਐਚਐਸ ਫੂਲਕਾ ਦਾ ਅਸਤੀਫਾ ਮਨਜ਼ੂਰ ਹੋਣ ਤੋਂ ਬਾਅਦ ਪੰਜਾਬ ਅੰਦਰ ਸਿਆਸਤ ਪੂਰੀ ਤਰ੍ਹਾਂ ਭਖੀ ਹੋਈ ਹੈ। ਜਿੱਥੇ ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ‘ਆਪ’ ਦੇ ਬਾਕੀ ਵਿਧਾਇਕਾਂ ਵੱਲੋਂ ਦਿੱਤੇ ਗਏ ਅਸਤੀਫਿਆਂ ਨੂੰ ਮਨਜ਼ੂਰ ਕਰਨ ਲਈ ਵਿਧਾਨ ਸਭਾ ਦੇ ਸਪੀਕਰ ‘ਤੇ ਦਬਾਅ ਪਾ ਰਹੇ ਹਨ ਉੱਥੇ ਦੂਜੇ ਪਾਸੇ ਇਹ ਦਬਾਅ ਪਾਉਣ ਵਿੱਚ ‘ਆਪ’ ਦੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾਂ ਵੀ ਪਿੱਛੇ ਨਹੀਂ ਰਹੇ। ਇਸ ਬਾਰੇ ਬੋਲਦਿਆਂ ਹਰਪਾਲ ਚੀਮਾਂ ਨੇ ਮਜੀਠੀਆ ‘ਤੇ ਕਈ ਗੰਭੀਰ ਦੋਸ਼ ਲਾਏ ਹਨ। ਚੀਮਾਂ ਨੇ ‘ਛੱਜ ਤਾਂ ਬੋਲੇ ਛਾਨਣੀ ਕੀ ਬੋਲੇ’ ਵਾਲੀ ਉਦਾਹਰਣ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ‘ਚ ਕੈਪਟਨ ਦੀ ਬਜਾਏ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦੀ ਤਾਂ ਮਜੀਠੀਆ, ਸੁਖਬੀਰ ਬਾਦਲ ਅਤੇ ਕੋਈ ਹੋਰ ਆਗੂ ਜੇਲ੍ਹਾਂ ‘ਚ ਬੈਠੇ ਹੋਣੇ ਸਨ। ਹਰਪਾਲ ਚੀਮਾਂ ਅਨੁਸਾਰ ਸੱਤਾਧਾਰੀ ਕਾਂਗਰਸ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਆਪਸੀ ਸੰਡ-ਗੰਢ ਜੱਗ ਜ਼ਾਹਰ ਹੈ ਤੇ ਚਾਚੇ ਦੀਆਂ ਭਤੀਜੇ ‘ਤੇ ਮਿਹਰਬਾਨੀਆਂ ਤੋਂ ਵੀ ਸਾਰੇ ਵਾਕਿਫ ਹਨ। ਚੀਮਾਂ ਅਨੁਸਾਰ ਮਜੀਠੀਆ ਨੂੰ ਕਿਸੇ ‘ਤੇ ਉਂਗਲੀ ਚੁੱਕਣ ਦਾ ਕੋਈ ਹੱਕ ਨਹੀਂ।
ਹਰਪਾਲ ਚੀਮਾਂ ਨੇ ਦੋਸ਼ ਲਾਉਂਦਿਆਂ ਸਵਾਲ ਕੀਤਾ ਕਿ ਬਿਕਰਮ ਸਿੰਘ ਮਜੀਠੀਆ ਦੱਸਣ ਕਿ ਜੇਕਰ ਇਨ੍ਹਾਂ ‘ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਹੱਥ ਨਾ ਹੋਵੇ ਤਾਂ ਕੀ ਪੰਜਾਬ ਪੁਲਿਸ ਇਨ੍ਹਾਂ ਨੂੰ ਹਰੀਕੇ ਪੱਤਣ ਕੇਸ ‘ਚ ਗ੍ਰਿਫਤਾਰ ਨਾ ਕਰੇ? ਚੀਮਾਂ ਨੇ ਕਿਹਾ ਕਿ ਜੇਕਰ ਆਮ ਆਦਮੀ ਪਾਰਟੀ ‘ਤੇ ਕੋਈ ਛੋਟੇ ਤੋਂ ਛੋਟਾ ਕੇਸ ਵੀ ਹੋਵੇ ਤਾਂ ਪੁਲਿਸ ਵਾਲੇ ਉਨ੍ਹਾਂ ਦਾ ਜਿਉਣਾਂ ਮੁਸ਼ਕਲ ਕਰ ਦਿੰਦੇ ਨੇ, ਪਰ ਅਕਾਲੀ ਵਾਰੀ ਇਹ ਤੇਜੀ ਕਿੱਥੇ ਜਾਂਦੀ ਹੈ? ਚੀਮਾਂ ਨੇ ਸਵਾਲ ਕੀਤਾ ਕਿ ਮਜੀਠੀਆ ਇਹ ਦੱਸਣ ਕਿ ਜਿਸ ਸਮੇਂ ਉਨ੍ਹਾਂ ਖਿਲਾਫ ਨਸ਼ਾ ਤਸਕਰੀ ਮਾਮਲਿਆਂ ‘ਚ ਸੀਬੀਆਈ ਜਾਂਚ ਹੋਣੀ ਸੀ ਤਾਂ ਕੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਨੀਆਂ ਗਾਂਧੀ ਨੂੰ ਕਹਿ ਕੇ ਉਹ ਜਾਂਚ ਨਹੀਂ ਰੁਕਵਾਈ ਸੀ? ਹਰਪਾਲ ਚੀਮਾਂ ਯਾਦ ਦਵਾਉਂਦਿਆਂ ਕਿਹਾ ਕਿ ਉਸ ਵੇਲੇ ਜਗਦੀਸ਼ ਭੋਲਾ ਵੱਲੋਂ ਕੀਤੇ ਗਏ ਖੁਲਾਸਿਆਂ ਦੀ ਬਿਨ੍ਹਾ ‘ਤੇ ਸਮੁੱਚੀ ਪ੍ਰਦੇਸ਼ ਕਾਂਗਰਸ ਅਤੇ ਪ੍ਰਤਾਪ ਸਿੰਘ ਬਾਜਵਾ ਮਜੀਠੀਆ ਖਿਲਾਫ ਸੀਬੀਆਈ ਤੋਂ ਜਾਂਚ ਕਰਾਉਣ ਦੀ ਮੰਗ ਕਰ ਰਹੀ ਸੀ, ਪਰ ਉਹ ਨਹੀਂ ਹੋਈ।