ਫਰੀਦਕੋਟ : ਸਾਲ 2015 ਦੌਰਾਨ ਵਾਪਰੇ ਬੇਅਦਬੀ ਅਤੇ ਗੋਲੀ ਕਾਂਡਾਂ ਦੀ ਜਾਂਚ ਕਰ ਰਹੀ ਵਿਸ਼ੇਸ ਜਾਂਚ ਟੀਮ (ਐਸਆਈਟੀ) ਵੱਲੋਂ ਪੰਜਾਬ ਦੇ ਸਾਬਕਾ ਪੁਲਿਸ ਮਹਾਂਨਿਦੇਸ਼ਕ ਸੁਮੇਧ ਸਿੰਘ ਸੈਣੀ ਨੂੰ ਦਰਜ਼ ਕੀਤੇ ਗਏ ਕੇਸਾਂ ਦੀ ਜਾਂਚ ਵਿੱਚ ਸ਼ਾਮਲ ਹੋਣ ਸਬੰਧੀ ਭੇਜੇ ਗਏ ਸੰਮਨ, ਵਿਵਾਦਾਂ ਵਿੱਚ ਘਿਰ ਗਏ ਹਨ। ਸੂਤਰਾਂ ਅਨੁਸਾਰ ਸੈਣੀ ਨੇ ਇਨ੍ਹਾਂ ਸੰਮਨਾਂ ਨੂੰ ਇਹ ਕਹਿੰਦਿਆਂ ਵਾਪਸ ਮੋੜ ਦਿੱਤਾ ਹੈ, ਕਿ ਇਹ ਸੰਮਨ, ਅਜਿਹੇ ਮਾਮਲਿਆਂ ਸਬੰਧੀ ਤਹਿ ਕੀਤੀ ਗਈ ਪ੍ਰਕਿਰਿਆ ਨੂੰ ਅੱਖੋਂ ਪਰੋਖੇ ਕਰਕੇ ਭੇਜੇ ਗਏ ਹਨ। ਸੂਤਰ ਦੱਸਦੇ ਹਨ ਕਿ ਸੁਮੇਧ ਸੈਣੀ ਵੱਲੋਂ ਫੜ੍ਹੇ ਗਏ ਇਸ ਕਾਨੂੰਨੀ ਨੁਕਤੇ ਨੇ ਐਸਆਈਟੀ ਨੂੰ ਚੱਕਰਾਂ ਵਿੱਚ ਪਾ ਦਿੱਤਾ ਹੈ, ਤੇ ਪਤਾ ਲੱਗਾ ਹੈ ਕਿ ਹੁਣ ਇਹ ਜਾਂਚ ਏਜੰਸੀ ਸੈਣੀ ਨੂੰ ਤਲਬ ਕਰਨ ਲਈ ਇੱਕ ਦੋ ਦਿਨਾਂ ਵਿੱਚ ਮੁੜ ਨਵੇਂ ਸੰਮਨ ਭੇਜੇਗੀ।
ਦੱਸ ਦਈਏ ਕਿ ਸੁਮੇਧ ਸਿੰਘ ਸੈਣੀ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਡੀਜੀਪੀ ਦੇ ਅਹੁਦੇ‘ਤੇ ਤੈਨਾਤ ਰਹਿ ਚੁੱਕੇ ਹਨ ਤੇ ਉਨ੍ਹਾਂ ਨੂੰ ਐਸਆਈਟੀ ਨੇ ਗੋਲੀ ਕਾਂਡ ਦੇ ਮਾਮਲਿਆਂ ਦੀ ਜਾਂਚ ਵਿੱਚ ਸ਼ਾਮਲ ਹੋਣ ਲਈ ਆਉਂਦੀ 25 ਫਰਵਰੀ ਵਾਲੇ ਦਿਨ ਪੁਲਿਸ ਹੈੱਡਕੁਆਟਰ ਚੰਡੀਗੜ੍ਹ ਵਿਖੇ ਹਾਜ਼ਰ ਹੋਣ ਲਈ ਸੰਮਨ ਭੇਜੇ ਸਨ। ਐਸ ਆਈਟੀ ਸੈਣੀ ਤੋਂ ਇਹ ਜਾਣਨਾ ਚਾਹੁੰਦੀ ਹੈ ਕਿ ਬੇਅਦਬੀ ਕਾਂਡ ਦੀਆਂ ਘਟਨਾਵਾਂ ਤੋਂ ਬਾਅਦ ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ‘ਤੇ ਚਲਾਈ ਗਈ ਗੋਲੀ ਦੇ ਪਿੱਛੇ ਕੀ ਕਾਰਨ ਸਨ। ਇਸ ਤੋਂ ਪਹਿਲਾਂ ਐਸਆਈਟੀ ਇਹੋ ਜਿਹੇ ਹੀ ਸਵਾਲ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾਂ ਅਤੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਵੀ ਕਰ ਚੁੱਕੀ ਹੈ ਪਰ ਤਸੱਲੀ ਨਾ ਹੋਣ‘ਤੇ ਉਨ੍ਹਾਂ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ।
ਦੋਸ਼ ਇਹ ਹਨ ਕਿ ਗੋਲੀ ਕਾਂਡ ਵੇਲੇ ਡੀਜੀਪੀ ਸੁਮੇਧ ਸੈਣੀ ਨੇ ਆਪਣੇ ਉਸ ਵਿਸ਼ਵਾਸਪਾਤਰ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਕੋਟਕਪੂਰਾ ਵਿਖੇ ਹਾਲਾਤ ਨਾਲ ਨਿਬੜਣ ਲਈ ਮੌਕੇ ਤੇ ਤਾਇਨਾਤ ਕੀਤਾ ਸੀ, ਜਿਹੜਾ ਉਸ ਸਮੇਂ ਲੁਧਿਆਣੇ ਦਾ ਪੁਲਿਸ ਕਮਿਸ਼ਨਰ ਸੀ। ਐਸਆਈਟੀ ਦਾ ਦਾਅਵਾ ਹੈ ਕਿ ਉਮਰਾਨੰਗਲ ਕੋਟਕਪੁਰਾ ਤੇ ਬਹਿਬਲ ਕਲਾਂ ਵਿੱਚ ਪੁਲਿਸ ਵੱਲੋਂ ਕੀਤੀ ਗਈ ਕਾਰਵਾਈ ਤੋਂ ਪਹਿਲਾਂ ਸੈਣੀ ਨਾਲ ਲਗਾਤਾਰ ਫੋਨ‘ਤੇ ਸੰਪਰਕ ਵਿੱਚ ਸੀ। ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਿੱਚ ਵੀ ਇਹ ਤੱਥ ਦਰਜ਼ ਹਨ ਕਿ ਸੈਣੀ ਨੇ ਇਹ ਖੁਦ ਮੰਨਿਆ ਹੈ ਕਿ ਉਹ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੋਟਕਪੁਰਾ ਫਾਇਰਿੰਗ ਤੋਂ ਪਹਿਲਾਂ 14 ਅਕਤੂਬਰ 2015 ਨੂੰ ਸਵੇਰੇ 2 ਵਜੇ ਗੱਲ ਕੀਤੀ ਸੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਸੈਣੀ ਇਹ ਕਹਿ ਚੁੱਕਿਆ ਹੈ ਕਿ ਬਹਿਬਲ ਕਲਾਂ ਗੋਲੀ ਕਾਂਡ ਨਾਲ ਉਮਰਾਨੰਗਲ ਦਾ ਕੋਈ ਸਬੰਧ ਨਹੀਂ। ਇਸ ਤੋਂ ਇਲਾਵਾ ਐਸਆਈਟੀ ਇਨ੍ਹਾਂ ਮਾਮਲਿਆਂ ਸਬੰਧੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਉੱਪ ਮੁੰਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛਗਿੱਛ ਕਰ ਚੁੱਕੀ ਹੈ। ਸੁਖਬੀਰ ਕੋਲ ਪਿਛਲੀ ਸਰਕਾਰ ਮੌਕੇ ਪੰਜਾਬ ਦੇ ਗ੍ਰਹਿ ਮੰਤਰਾਲੇ ਦਾ ਚਾਰਜ਼ ਸੀ। ਦੱਸ ਦਈਏ ਕਿ ਅਕਤੂਬਰ 2015 ਵਿੱਚ ਹੋਈਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਅਕਾਲੀ ਭਾਜਪਾ ਸਰਕਾਰ ਨੇ ਸੈਣੀ ਨੂੰ ਡੀਜੀਪੀ ਦੇ ਅਹੁਦੇ ਤੋਂ ਹਟਾ ਕੇ ਸੁਰੇਸ਼ ਅਰੋੜਾ ਨੂੰ ਨਵਾਂ ਪੁਲਿਸ ਮੁਖੀ ਲਾ ਦਿੱਤਾ ਸੀ। ਜਿਸ ਤੋਂ ਕੁਝ ਸਮੇਂ ਬਾਅਦ ਜੂਨ 2018 ਦੌਰਾਨ ਸੁਮੇਧ ਸਿੰਘ ਸੈਣੀ ਪੰਜਾਬ ਪੁਲਿਸ ਵਿੱਚੋਂ ਸੇਵਾ ਮੁਕਤ ਹੋ ਗਏ ਸਨ।