ਸੁਖਪਾਲ ਖਹਿਰਾ ਗੁਰੂਆਂ, ਤੇ ਸੰਤਾਂ ਦਾ ਸਰਾਪਿਆ ਹੋਇਐ, ਜੋ ਥਾਂ-ਥਾਂ ਧੱਕੇ ਖਾਂਦਾ ਫਿਰਦੈ : ਬੀਬੀ ਜਗੀਰ ਕੌਰ

TeamGlobalPunjab
6 Min Read

ਕਿਹਾ ਬੀਬੀ ਖਾਲੜਾ ਕਾਂਗਰਸ ਦੇ ਖਹਿਰਾ ਧੜ੍ਹੇ ਦੇ ਹੱਥਾਂ ਵਿੱਚ ਖੇਡ ਰਹੀ ਹੈ ਜਿਸ ਨੇ ਖਾਲੜਾ ਨੂੰ ਪੈਸੇ ਇਕੱਠੇ ਕਰਨ ਲਈ ਅੱਗੇ ਕੀਤਾ ਹੋਇਐ

ਖਡੂਰ ਸਾਹਿਬ : ਸ਼੍ਰੋਮਣੀ ਅਕਾਲੀ ਦਲ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਹੈ ਕਿ ਹਲਕਾ ਖਡੂਰ ਸਾਹਿਬ ਤੋਂ ਪੀਡੀਏ ਅਤੇ ਪੰਜਾਬ ਏਕਤਾ ਪਾਰਟੀ ਦੀ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ ਦੇ ਪਤੀ ਭਾਈ ਜਸਵੰਤ ਸਿੰਘ ਖਾਲੜਾ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਨ, ਜਿਨ੍ਹਾਂ ਨੂੰ ਪਾਰਟੀ ਨੇ ਮਨੁੱਖੀ ਅਧਿਕਾਰ ਵਿੰਗ ਦੀ ਡਿਊਟੀ ‘ਤੇ ਲਾਇਆ ਸੀ, ਤੇ ਇਸ ਡਿਊਟੀ ‘ਤੇ ਰਹਿੰਦਿਆਂ ਉਨ੍ਹਾਂ ਸਿੱਖ ਕੌਮ ਲਈ ਆਪਣੀ ਸ਼ਹਾਦਤ ਦਿੱਤੀ। ਲਿਹਾਜਾ ਉਹ ਜਸਵੰਤ ਸਿੰਘ ਖਾਲੜਾ ਨੂੰ ਸਿੱਖ ਕੌਮ ਦਾ ਸ਼ਹੀਦ ਮੰਨਦੇ ਹਨ। ਇਸ ਦੇ ਨਾਲ ਹੀ ਬੀਬੀ ਜਗੀਰ ਕੌਰ ਨੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਇਹ ਕਹਿ ਕੇ ਨਿੰਦਾ ਵੀ ਕੀਤੀ, ਕਿ ਬੀਬੀ ਖਾਲੜਾ ਉਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਖੇਡਦਿਆਂ ਹੀ ਸ਼੍ਰੋਮਣੀ ਅਕਾਲੀ ਦਲ ਵਿਰੁੱਧ ਚੋਣ ਲੜ ਰਹੀ ਹੈ, ਜਿਨ੍ਹਾਂ ਲੋਕਾਂ ਨੇ ਜਸਵੰਤ ਸਿੰਘ ਖਾਲੜਾ ਨੂੰ ਮਾਰਿਆ ਤੇ ਮਰਵਾਇਆ ਸੀ। ਇਸ ਤੋਂ ਇਲਾਵਾ ਬੀਬੀ ਜਗੀਰ ਕੌਰ ਨੇ ਕਿਹਾ, ਕਿ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਸਿੱਖਾਂ ਦੀ ਨੁਮਾਇੰਦਾ ਜਮਾਤ ਹੈ ਤੇ ਲੋਕ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਸਿੱਖ ਮੰਨਦੇ ਹਨ, ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ। ਇੱਥੇ ਬੋਲਦਿਆ ਬੀਬੀ ਜਗੀਰ ਕੌਰ ਨੇ ਸੁਖਪਾਲ ਖਹਿਰਾ ਨੂੰ ਵੀ ਨਹੀਂ ਬਖ਼ਸ਼ਿਆ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਸੁਖਪਾਲ ਖਹਿਰਾ ਗੁਰੂਆਂ, ਤੇ ਸੰਤਾਂ ਦਾ ਸਰਾਪਿਆ ਹੋਇਐ, ਜੋ ਥਾਂ-ਥਾਂ ਧੱਕੇ ਖਾਂਦਾ ਫਿਰਦਾ ਹੈ।

ਬੀਬੀ ਪਰਮਜੀਤ ਕੌਰ ਖਾਲੜਾ ‘ਤੇ ਸਿਆਸੀ ਵਾਰ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ, ਕਿ ਬੀਬੀ ਖਾਲੜਾ ਨੂੰ ਹਲਕਾ ਖਡੂਰ ਸਾਹਿਬ ਦੇ ਲੋਕ ਵੋਟ ਨਹੀਂ ਪਾਉਣਗੇ, ਕਿਉਂਕਿ 1999 ਵਿੱਚ ਚੋਣ ਹਾਰਨ ਤੋਂ ਬਾਅਦ ਬੀਬੀ ਪਰਮਜੀਤ ਕੌਰ ਖਾਲੜਾ ਪਰਿਵਾਰ ਸਣੇ ਪੰਜਾਬ ਛੱਡ ਅਮਰੀਕਾ ਵਿੱਚ ਜਾ ਵਸੇ ਹਨ, ਤੇ ਇੱਥੋਂ ਤੱਕ ਕਿ ਉਹ ਜਸਵੰਤ ਸਿੰਘ ਖਾਲੜਾ ਦੀ ਬਰਸੀ ‘ਤੇ ਵੀ ਇੱਥੇ ਨਹੀਂ ਆਉਂਦੇ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਜਸਵੰਤ ਸਿੰਘ ਖਾਲੜਾ ਦੇ ਨਾਂ ‘ਤੇ ਖਾਲੜਾ ਮਿਸ਼ਨ ਸੰਸਥਾ ਚਲਾ ਰਹੇ ਹਨ, ਉਨ੍ਹਾਂ ਦਾ ਵੀ ਇਹ ਕਹਿਣਾ ਹੈ, ਕਿ ਉਨ੍ਹਾਂ ਲੋਕਾਂ ਦਾ ਕੰਮ ਚੋਣਾਂ ਲੜਨਾ ਨਹੀਂ ਹੈ। ਉਨ੍ਹਾਂ ਸਵਾਲ ਕੀਤਾ ਕਿ ਬੀਬੀ ਖਾਲੜਾ ਅਜਿਹੇ ਲੋਕਾਂ ਦੇ ਆਖੇ ਕਿਉਂ ਲੱਗ ਰਹੀ ਹੈ, ਜਿਨ੍ਹਾਂ ਨੇ ਉਨ੍ਹਾਂ ਦੇ ਘਰਵਾਲੇ ਜਸਵੰਤ ਸਿੰਘ ਖਾਲੜਾ ਨੂੰ ਮਰਵਾਇਆ ਸੀ।

ਖਡੂਰ ਸਾਹਿਬ ਤੋਂ ਅਕਾਲੀ ਦਲ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੇ ਖੁਲਾਸਾ ਕੀਤਾ ਕਿ ਸੱਤਨਾਮ ਸਿੰਘ ਨਾਮ ਦੇ ਜਿਸ ਥਾਣੇਦਾਰ ਨੇ ਭਾਈ ਜਸਵੰਤ ਸਿੰਘ ਖਾਲੜਾ ਨੂੰ ਗੋਲੀ ਮਾਰੀ ਸੀ, ਉਸ ਨੂੰ ਬੇਗੋਵਾਲ ਥਾਣੇ ਵਿੱਚ ਥਾਣੇਦਾਰ ਕਾਂਗਰਸ ਸਰਕਾਰ ਦੌਰਾਨ ਸੁਖਪਾਲ ਸਿੰਘ ਖਹਿਰਾ ਨੇ ਲਗਵਾ ਕੇ ਰੱਖਿਆ। ਉਨ੍ਹਾਂ ਕਿਹਾ ਕਿ ਜਿਸ ਬੰਦੇ ਨੇ ਭਾਈ ਖਾਲੜਾ ਨੂੰ ਗੋਲੀ ਮਾਰੀ ਉਹ ਖਹਿਰਾ ਦਾ ਯਾਰ, ਜਿਹੜੀ ਪਾਰਟੀ ਨੇ ਖਾਲੜਾ ਨੂੰ ਮਰਵਾਇਆ ਉਹ ਖਹਿਰੇ ਦੀ ਪਾਰਟੀ, ਜਿਸ ਕੇਪੀਐਸ ਗਿੱਲ ਨੇ ਖਾਲੜਾ ਨੂੰ ਮਰਵਾਇਆ ਉਸ ਗਿੱਲ ਨੂੰ ਕਾਂਗਰਸ ਸਰਕਾਰ ਅਤੇ ਖਹਿਰਾ ਨੇ ਮਰਨ ਤੋਂ ਬਾਅਦ ਸ਼ਰਧਾ ਦੇ ਫੁੱਲ ਭੇਂਟ ਕੀਤੇ ਤੇ ਬੀਬੀ ਖਾਲੜਾ ਇਸ ਦੇ ਬਾਵਜੂਦ ਵੀ ਇਨ੍ਹਾਂ ਲੋਕਾਂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਖਹਿਰਾ ਨੇ ਬੀਬੀ ਖਾਲੜਾ ਨੂੰ ਸਿਰਫ ਪੈਸੇ ਇਕੱਠੇ ਕਰਨ ਲਈ ਅੱਗੇ ਤੋਰਿਆ ਹੋਇਆ ਹੈ, ਹੋਰ ਕੁਝ ਨਹੀਂ।

- Advertisement -

ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਜਿਸ ਪੰਜਾਬੀ ਏਕਤਾ ਪਾਰਟੀ ਵੱਲੋਂ ਬੀਬੀ ਖਾਲੜਾ ਚੋਣ ਲੜ ਰਹੀ ਹੈ, ਉਹ ਕਾਂਗਰਸ ਦਾ ਹੀ ਇੱਕ ਵੱਖਰਾ ਧੜ੍ਹਾ ਹੈ, ਜਿਸ ਦਾ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਹੈ। ਜੋ ਕਿ ਕਾਂਗਰਸ ਪਾਰਟੀ ਦੀ ਟਿਕਟ ‘ਤੇ 4 ਵਾਰ ਚੋਣ ਲੜ ਚੁੱਕਿਆ ਹੈ, ਤੇ ਉਹ “ਬੇਅੰਤ ਸਿੰਘ ਦੀ ਸੋਚ ‘ਤੇ ਪਹਿਰਾ ਦੇਆਂਗੇ ਠੋਕ ਕੇ” ਨਾਅਰੇ ਲਾਉਂਦਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖਹਿਰਾ ਨੇ ਇਹ ਪਾਰਟੀ ਹੀ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਲਈ ਖੜ੍ਹੀ ਕੀਤੀ ਹੈ।

ਬੀਬੀ ਜਗੀਰ ਕੌਰ ਨੇ ਕਿਹਾ ਕਿ ਉਹ ਤਾਂ ਸੁਖਪਾਲ ਖਹਿਰਾ ਦਾ ਨਾਮ ਲੈ ਕੇ ਵੀ ਰਾਜੀ ਨਹੀਂ ਹਨ, ਇਹ ਤਾਂ ਮੀਡੀਆ ਵਾਲੇ ਹੀ ਸਵਾਲ ਕਰਕੇ ਉਨ੍ਹਾਂ ਨੂੰ ਜਵਾਬ ਦੇਣ ਲਈ ਮਜਬੂਰ ਕਰਦੇ ਹਨ। ਬੀਬੀ ਨੇ ਖਹਿਰਾ ਬਾਰੇ ਕਿਹਾ ਕਿ ਉਸ ਬੰਦੇ ਦੀ ਤਾਂ ਜ਼ੁਬਾਨ ਹੀ ਬਹੁਤ ਗੰਦੀ ਹੈ। ਇੱਥੇ ਉਨ੍ਹਾਂ ਖਹਿਰਾ ਦੇ ਸਬੰਧ ਵਿੱਚ ਗੁਰਬਾਣੀ ਦਾ ਹਵਾਲਾ ਦੇ ਇੱਕ ਸ਼ਬਦ ਦਾ ਉਚਾਰਨ ਵੀ ਕੀਤਾ, ਜਿਸ ਦਾ ਅਰਥ ਉਨ੍ਹਾਂ ਨੇ ਕੱਢਿਆ ਕਿ ਖਹਿਰਾ ਸੰਤਾਂ ਅਤੇ ਗੁਰੂਆਂ ਦਾ ਸਰਾਪਿਆ ਹੋਇਆ ਹੈ, ਜੋ ਥਾਂ ਥਾਂ ਧੱਕੇ ਖਾਂਦਾ ਫਿਰਦਾ ਹੈ।

ਉਨ੍ਹਾਂ ਕਿਹਾ ਕਿ ਸਿੱਖਾਂ ਦੀ ਸਿਰਫ ਇੱਕੋ ਇੱਕੋ ਨੁਮਾਇੰਦਾ ਜਮਾਤ ਹੈ, ਤੇ ਉਹ ਹੈ ਅਕਾਲੀ ਦਲ, ਕਿਉਂਕਿ ਜਿਹੜੇ ਸਿੱਖ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਹਨ, ਲੋਕ ਸਿਰਫ ਉਨ੍ਹਾਂ ਨੂੰ ਹੀ ਸਿੱਖ ਮੰਨਦੇ ਹਨ। ਬੀਬੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਆਸਾਂ ਹੀ ਸਿਰਫ ਸ਼੍ਰੋਮਣੀ ਅਕਾਲੀ ਦਲ ਤੋਂ ਹਨ, ਤੇ ਲੋਕ ਇਹ ਸਮਝਦੇ ਹਨ, ਕਿ ਇਹ ਪਾਰਟੀ ਲੋਕਾਂ ਅਤੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਸਹੀ ਢੰਗ ਨਾਲ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਵਿਰੋਧੀਆਂ ਨੂੰ ਤਾਂ ਲੋਕ ਸਿੱਖ ਹੀ ਨਹੀਂ ਮੰਨਦੇ, ਉਨ੍ਹਾਂ ਨੂੰ ਤਾਂ ਲੋਕ ਕਹਿੰਦੇ ਹਨ, ਕਿ ਇਹ ਕੋਈ ਟਾਊਟ ਤੁਰੇ ਫਿਰਦੇ ਨੇ, ਜੋ ਕੋਈ ਇੱਧਰੋਂ ਆ ਜਾਂਦਾ ਹੈ, ਤੇ ਕੋਈ ਉੱਧਰੋਂ।

ਇਹ ਤਾਂ ਸੀ, ਬੀਬੀ ਜਗੀਰ ਕੌਰ ਦਾ ਉਹ ਬਿਆਨ ਜਿਹੜਾ ਕਿ ਅਸੀਂ ਤੁਹਾਡੇ ਸਾਹਮਣੇ ਅੱਖਰ ਅੱਖਰ ਕਰਕੇ ਰੱਖ ਦਿੱਤਾ। ਹੁਣ ਵੇਖਣਾ ਇਹ ਹੋਵੇਗਾ ਕਿ ਬੀਬੀ ਜਗੀਰ ਕੌਰ ਦੇ ਇਸ ਬਿਆਨ ‘ਤੇ ਸੁਖਪਾਲ ਖਹਿਰਾ ਤੇ ਬੀਬੀ ਪਰਮਜੀਤ ਕੌਰ ਖਾਲੜਾ ਤੋਂ ਇਲਾਵਾ ਉਹ ਲੋਕ ਕੀ ਪ੍ਰਤੀਕਿਰਿਆ ਦਿੰਦੇ ਹਨ ਜਿਨ੍ਹਾਂ ਨੂੰ ਬੀਬੀ ਨੇ ਸਿੱਖ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਹੈ।

https://youtu.be/sXBA685AmYg

- Advertisement -
Share this Article
Leave a comment