3 ਮਈ ਦੀ ਥਾਂ ਇਸ ਵਾਰ ਨਾਨਕਸ਼ਾਹੀ ਕੈਲੰਡਰ ਅਨੁਸਾਰ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਮਨਾਏਗਾ ਟਰੱਸਟ: ਵਾਲੀਆ

TeamGlobalPunjab
4 Min Read

ਮੋਹਾਲੀ: ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟਰੱਸਟ ਵੱਲੋਂ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ 3 ਮਈ ਦੀ ਥਾਂ ਇਸ ਸਾਲ ਨਾਨਕਸ਼ਾਹੀ ਕੈਲੰਡਰ ਵਿਚ ਪਿਛਲੇ ਦਿਨੀਂ ਦਰਜ ਕੀਤੀ ਗਈ ਉਨ੍ਹਾਂ ਦੀ ਜਨਮ ਦੀ ਤਰੀਕ 18 ਮਈ ਨੂੰ ਮਨਾਇਆ ਜਾਵੇਗਾ। ਇਸ ਦਿਨ ਟਰੱਸਟ ਵੱਲੋਂ ਇਕ ਸੈਮੀਨਾਰ ਵੀ ਕਰਵਾਇਆ ਜਾਵੇਗਾ ਜਿਸ ਵਿੱਚ ਡਿਜੀਟਲੀ ਤੌਰ ਤੇ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਜੀਵਨ ਤੇ ਪ੍ਰਾਪਤੀਆਂ ਬਾਰੇ ਮਾਹਰ ਆਪਣੇ ਪਰਚੇ ਪੜ੍ਹਨਗੇ।

ਇਸ ਸਬੰਧੀ ਇੱਕ ਮੀਟਿੰਗ ਟਰੱਸਟ ਦੇ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਦੀ ਅਗਵਾਈ ਹੇਠ ਹੋਈ। ਮੀਟਿੰਗ ਵਿੱਚ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਟਰੱਸਟ ਵੱਲੋਂ ਅਕਾਲ ਤਖ਼ਤ ਸਾਹਿਬ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਸੀ ਕਿ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਅਤੇ ਅਕਾਲ ਚਲਾਣੇ ਦੀ ਮਿਤੀ ਨੂੰ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕੀਤਾ ਜਾਵੇ । ਉਨ੍ਹਾਂ ਕਿਹਾ ਕਿ ਇਸ ਬੇਨਤੀ ਨੂੰ ਪ੍ਰਵਾਨ ਕਰਦਿਆਂ ਅਕਾਲ ਤਖ਼ਤ ਸਾਹਿਬ ਵੱਲੋਂ 18 ਮਈ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਵਸ ਵਜੋਂ ਦਰਜ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਹਿਲਾਂ 3 ਮਈ ਨੂੰ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾੜਾ ਮਨਾਇਆ ਜਾਂਦਾ ਸੀ। ਉਨ੍ਹਾਂ ਸਮੂਹ ਸੰਗਤਾਂ ਤੇ ਸੰਸਥਾਵਾਂ ਨੂੰ ਬੇਨਤੀ ਕੀਤੀ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਮਿਤੀ ਅਨੁਸਾਰ 18 ਮਈ ਨੂੰ ਹੀ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦਾ ਜਨਮ ਦਿਹਾਡ਼ਾ ਮਨਾਇਆ ਜਾਵੇ।

ਚੇਅਰਮੈਨ ਵਾਲੀਆ ਨੇ ਕਿਹਾ ਕਿ ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਸ ਤਰ੍ਹਾਂ ਬਾਕੀ ਮਹਾਨ ਸ਼ਖ਼ਸੀਅਤਾਂ ਦੇ ਸਨਮਾਨ ਵਜੋਂ ਇਸ਼ਤਿਹਾਰ ਜਾਰੀ ਕੀਤੇ ਜਾਂਦੇ ਹਨ, ਉਸੇ ਤਰ੍ਹਾਂ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਜੀ ਦੇ ਜਨਮ ਦਿਹਾੜੇ ‘ਤੇ ਵੀ ਪੰਜਾਬ ਸਰਕਾਰ ਇਸ਼ਤਿਹਾਰ ਜਾਰੀ ਕਰੇਗੀ ਜਿਸ ਲਈ ਉਹ ਪੰਜਾਬ ਸਰਕਾਰ ਦੇ ਧੰਨਵਾਦੀ ਹਨ। ਉਨ੍ਹਾਂ ਮੁੱਖ ਮੰਤਰੀ ਪੰਜਾਬ ਨੂੰ ਬੇਨਤੀ ਕੀਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਵਿੱਚ ਦਰਜ ਕੀਤੀ ਗਈ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਨ ਦੀ ਨਵੀਂ ਮਿਤੀ 18 ਮਈ ਨੂੰ ਪੰਜਾਬ ਵਿੱਚ ਛੁੱਟੀ ਕੀਤੀ ਜਾਵੇ।

ਨਵਾਬ ਜੱਸਾ ਸਿੰਘ ਆਹਲੂਵਾਲੀਆ ਚੈਰੀਟੇਬਲ ਟਰੱਸਟ ਵੱਲੋਂ ਪਿਛਲੇ ਸਮੇਂ ਦੌਰਾਨ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਚੇਅਰਮੈਨ ਚਰਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਟਰੱਸਟ ਵੱਲੋਂ ਅੰਮ੍ਰਿਤਸਰ ਦੇ ਮੇਅਰ ਕਰਮਜੀਤ ਸਿੰਘ ਰਿੰਟੂ ਨੂੰ ਪੱਤਰ ਲਿਖ ਕੇ ਬੇਨਤੀ ਕੀਤੀ ਗਈ ਸੀ ਕਿ ਆਹਲੂਵਾਲੀਆ ਦਰਵਾਜ਼ਾ ਮੁੜ ਬਣਾਇਆ ਜਾਵੇ ਜਿਸ ਨੂੰ ਅੰਗਰੇਜ਼ਾਂ ਨੇ ਆਪਣੇ ਵੇਲੇ ਢਾਹ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟਰੱਸਟ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਮੇਅਰ ਕਰਮਜੀਤ ਸਿੰਘ ਰਿੰਟੂ ਵੱਲੋਂ ਆਹਲੂਵਾਲੀਆ ਦਰਵਾਜ਼ੇ ਦਾ ਕੰਮ ਆਰੰਭ ਕਰਵਾਇਆ ਜਾ ਰਿਹਾ ਹੈ ਜਿਸ ਲਈ ਸੰਸਥਾ ਮੇਅਰ ਦੀ ਤਹਿ ਦਿਲੋਂ ਧੰਨਵਾਦੀ ਹੈ।

- Advertisement -

ਉਨ੍ਹਾਂ ਇਸ ਮੌਕੇ ਵਿਸ਼ੇਸ਼ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਮੰਤਰੀ ਸੁੱਖ ਸਰਕਾਰੀਆ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਨੇ ਟਰੱਸਟ ਦੀ ਬੇਨਤੀ ਨੂੰ ਪ੍ਰਵਾਨ ਕਰਦਿਆਂ ਏਅਰਪੋਰਟ ਚੌਕ ਦਾ ਨਾਂ ਸੁਲਤਾਨ ਉਲ ਕੌਮ ਨਵਾਬ ਜੱਸਾ ਸਿੰਘ ਆਹਲੂਵਾਲੀਆ ਚੌਕ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ।

ਮੀਟਿੰਗ ਵਿੱਚ ਨਗਰ ਕੌਂਸਲ ਮੋਹਾਲੀ ਦੇ ਸਾਬਕਾ ਪ੍ਰਧਾਨ ਹਰਿੰਦਰ ਪਾਲ ਸਿੰਘ ਬਿੱਲਾ ਤੇ ਸਾਬਕਾ ਕੌਂਸਲਰ ਗੁਰਮੀਤ ਸਿੰਘ ਵਾਲੀਆ ਨੇ ਟਰੱਸਟ ਵੱਲੋਂ ਕੀਤੇ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ।

ਇਸ ਮੌਕੇ ਟਰੱਸਟ ਦੇ ਜਨਰਲ ਸਕੱਤਰ ਪਾਲ ਮੋਹਿੰਦਰ ਸਿੰਘ ਵਾੱਲੀਆ, ਸਕੱਤਰ ਫਾਇਨਾਂਸ ਪਦਮਜੀਤ ਸਿੰਘ ਵਾਲੀਆ, ਅਵਤਾਰ ਸਿੰਘ ਵਾਲੀਆ, ਸਤਨਾਮ ਸਿੰਘ ਵਾਲੀਆ, ਇੰਜ.ਅਮਰਜੀਤ ਸਿੰਘ ਵਾਲੀਆ ਹੁਸ਼ਿਆਰਪੁਰ , ਡਾ.ਪਰਮਜੀਤ ਸਿੰਘ ਵਾਲੀਆ,ਅਮਰਜੀਤ ਸਿੰਘ ਵਾਲੀਆ, ਇੰਦਰਪਾਲ ਸਿੰਘ ਵਾਲੀਆ ਅਤੇ ਸਰਬਜੀਤ ਸਿੰਘ ਪਾਲ ਵੀ ਮੌਜੂਦ ਸਨ।

Share this Article
Leave a comment