ਅਰਜੁਨਾ ਐਵਾਰਡੀ ਸੱਜਣ ਸਿੰਘ ਮੁੜ ‘ਆਪ’ ਵਿੱਚ ਹੋਏ ਸ਼ਾਮਲ

TeamGlobalPunjab
2 Min Read

ਚੰਡੀਗੜ੍ਹ : ਬਾਸਕਟਬਾਲ ਦੇ ਵਿਸਵ ਪ੍ਰਸਿੱਧ ਖਿਡਾਰੀ ਅਤੇ ਅਰਜੁਨਾ ਐਵਾਰਡੀ ਸੱਜਣ ਸਿੰਘ ਅੱਜ ਆਮ ਆਦਮੀ ਪਾਰਟੀ ਵਿੱਚ ਮੁੜ ਤੋਂ ਸ਼ਾਮਲ ਹੋ ਗਏ ਹਨ। ਅੱਜ ਪਾਰਟੀ ਦੇ ਮੁੱਖ ਦਫਤਰ ਵਿਖੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਜਰਨੈਲ ਸਿੰਘ ਨੇ ਸੱਜਣ ਸਿੰਘ ਦਾ ਸਿਰੋਪੇ ਪਾ ਕੇ ਪਾਰਟੀ ਵਿੱਚ ਸਵਾਗਤ ਕੀਤਾ।

ਸੋਮਵਾਰ ਨੂੰ ਪਾਰਟੀ ਦੇ ਮੁੱਖ ਦਫਤਰ ਵਿਖੇ ਸੂਬਾ ਪ੍ਰਧਾਨ ਭਗਵੰਤ ਮਾਨ ਨੇ ਅਰਜੁਨਾ ਐਵਾਰਡੀ ਸੱਜਣ ਦਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦਾ ਹਰ ਵਰਗ ਆਮ ਆਦਮੀ ਪਾਰਟੀ ਨਾਲ ਜੁੜ ਰਿਹਾ ਹੈ ਕਿਉਂਕਿ ਇਹ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ, ਜਿਸ ਦਾ ਉਦੇਸ਼ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ, ਕਲਾਕਾਰਾਂ ਅਤੇ ਸਮਾਜਸੇਵੀਆਂ ਦਾ ਪਾਰਟੀ ਵਿੱਚ ਖੁਲ੍ਹੇ ਦਿਲ ਨਾਲ ਸਵਾਗਤ ਕੀਤਾ ਜਾਂਦਾ ਹੈ ਅਤੇ ਪੰਜਾਬ ਦੇ ਖਡਿਾਰੀ ਅਤੇ ਕਲਾਕਾਰ ਵੱਡੀ ਗਿਣਤੀ ਵਿੱਚ ਆਪ ਦੇ ਪਰਿਵਾਰ ਵਿੱਚ ਸ਼ਾਮਲ ਹੋ ਰਹੇ ਹਨ।

ਪਾਰਟੀ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਦੱਸਿਆ ਕਿ ਸੱਜਣ ਸਿੰਘ ਨੇ ਬਾਸਕਟਬਾਲ ਖੇਡ ਰਾਹੀਂ ਦੇਸ਼ ਦਾ ਮਾਣ ਵਧਾਇਆ ਹੈ। ਭਾਰਤ ਸਰਕਾਰ ਵੱਲੋਂ ਸੱਜਣ ਸਿੰਘ ਨੂੰ ਅਰਜੁਨਾ ਐਵਾਰਡ ਅਤੇ ਪੰਜਾਬ ਸਰਕਾਰ ਵੱਲੋਂ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇ ਕੇ ਸਨਮਾਨਿਆ ਗਿਆ ਹੈ ਅਤੇ ਉਨ੍ਹਾਂ ਪੰਜਾਬ ਪੁਲੀਸ ਵਿੱਚ ਵੀ ਸੇਵਾਵਾਂ ਨਿਭਾਈਆਂ ਹਨ।

ਇਸ ਸਮੇਂ ਸੱਜਣ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਕੇ ਉਹ ਮਾਣ ਮਹਿਸੂਸ ਕਰ ਰਹੇ ਹਨ ਕਿਉਂਕਿ ਇਹ ਪਾਰਟੀ ਹੀ ਆਮ ਲੋਕਾਂ ਦੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਦਿੱਲੀ ਵਿਚਲੀ ਕੇਜਰੀਵਾਲ ਸਰਕਾਰ ਦੀਆਂ ਲੋਕ ਹਿਤੈਸ਼ੀ ਨੀਤੀਆਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ ਅਤੇ ਉਨ੍ਹਾਂ ਆਪ ਵਿੱਚ ਵਾਪਸੀ ਦਾ ਫੈਸਲਾ ਕੀਤਾ ਹੈ। ਸੱਜਣ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਰਾਜਨੀਤੀ ਵਿੱਚ ਤਬਦੀਲੀ ਲਿਆਉਣਾ ਚਾਹੁੰਦੇ ਹਨ ਅਤੇ ਆਮ ਆਦਮੀ ਪਾਰਟੀ ਹੀ ਰਾਜਨੀਤੀ ਵਿੱਚ ਤਬਦੀਲੀ ਲਿਆਉਣ ਦੇ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਜਿਹੜੀ ਡਿਊਟੀ ਦਿੱਤੀ ਜਾਵੇਗੀ ਉਸ ਨੂੰ ਤਨ ਮਨ ਨਾਲ ਨਿਭਾਉਣਗੇ।

- Advertisement -

Share this Article
Leave a comment