ਸਿੱਧੂ ਦਾ ਮਹਿਕਮਾ ਖੋਹਣ ‘ਤੇ ਸੁਖਬੀਰ ਨੇ ਫੇਸਬੁੱਕ ਤੇ ਟਵਿੱਟਰ ‘ਤੇ ਕੀਤੀ ਟਿੱਚਰ ! ਕੀ ਕੈਪਟਨ ਹੁਣ ਵੀ ਬਾਦਲਾਂ ਨੂੰ ਦਬਕਾਉਣਗੇ?

TeamGlobalPunjab
4 Min Read

ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿੱਚ ਚੱਲ ਰਹੀ ਅਸਿੱਧੀ ਜੰਗ ਦਾ ਉਨ੍ਹਾਂ ਦੇ ਵਿਰੋਧੀ ਖ਼ੂਬ ਮਜ਼ਾ ਲੈ ਰਹੇ ਨੇ। ਤਾਜ਼ਾ ਮਾਮਲੇ ਚ ਕੈਪਟਨ ਵਲੋਂ ਸਿੱਧੂ ਤੋਂ ਸਥਾਨਕ ਸਰਕਾਰਾਂ ਮਹਿਕਮਾ ਖੋਹ ਕੇ ਉਨ੍ਹਾਂ ਨੂੰ ਬਿਜਲੀ ਵਿਭਾਗ ਦੇਣ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸੋਸ਼ਲ ਮੀਡੀਆ ਤੇ ਟਿੱਚਰ ਕਰਦਿਆਂ ਲਿਖਿਆ ਹੈ ਕਿ, “ਜਿਹੜੇ ਸਿਧੂ ਤੋਂ ਸ਼ਹਿਰਾਂ ਅੰਦਰ ਮਾੜੀ ਕਾਰਗੁਜਾਰੀ ਦੇ ਅਧਾਰ ਤੇ ਇੱਕ ਮਹਿਕਮਾਂ ਖੋਹਿਆ ਗਿਆ ਹੈ ਉਸ ਸਿੱਧੂ ਨੂੰ ਕੈਪਟਨ ਨੇ ਦੂਜਾ ਮਹਿਕਮਾ ਦਿੱਤਾ ਹੈ ਤਾਂ ਕਿ ਉਹ ਪਿੰਡਾਂ ਵਿੱਚ ਵੀ ਉਹੋ ਨਤੀਜੇ ਦੋਹਰਾ ਸਕੇ।”

ਇਸ ਸਬੰਧ ਵਿੱਚ ਸੁਖਬੀਰ ਨੇ ਆਪਣੇ ਟਵਿੱਟਰ ਹੈਂਡਲ ਤੇ ਲਿਖਿਆ ਹੈ ਕਿ,” ਦਿਲਚਸਪ ਗੱਲ ਹੈ- ਲੋਕ ਸਭਾ ਚੋਣਾਂ ਦੌਰਾਨ ਸ਼ਹਿਰੀ ਖੇਤਰਾਂ ਵਿੱਚ ਕਾਂਗਰਸ ਦੀ ਹਾਰ ਦਾ ਹਵਾਲਾ ਦੇ ਕੇ ਜਿਸ ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਨੂੰ ਸਥਾਨਕ ਸਰਕਾਰਾਂ ਮੰਤਰਾਲਾ ਤੋਂ ਹਟਾਇਆ ਸੀ ਹੁਣ ਉਸੇ ਸਿੱਧੂ ਨੂੰ “ਬਿਜਲੀ” ਨਾਲ “ਤਾਕਤਵਰ” ਬਣਾਇਆ ਗਿਆ ਹੈ ਤਾਂ ਜੋ ਉਹ ਪੇਂਡੂ ਖੇਤਰਾਂ ਵਿੱਚ ਵੀ ਉਹੀ ਨਤੀਜੇ ਲਿਆ ਸਕੇ ਜਿਹੜੇ ਉਹ ਪਿੰਡਾਂ ਅੰਦਰ ਲਿਆਏ ਹਨ।” ਇਹੋ ਗੱਲ ਸੁਖਬੀਰ ਨੇ ਆਪਣੇ ਫੇਸਬੁੱਕ ਪੇਜ ਤੇ ਵੀ ਲਿਖੀ ਹੈ। ਸੁਖਬੀਰ ਦੀ ਇਸ ਪੋਸਟ ਨੂੰ ਕੈਪਟਨ ਨਾਲ ਕੀਤੀ ਸਿਆਸੀ ਟਿੱਚਰ ਕਰਾਰ ਦਿੱਤਾ ਜਾ ਰਿਹਾ ਹੈ। 

ਦੱਸ ਦਈਏ ਕਿ ਇਹੋ ਜਿਹੀ ਹੀ ਟਿੱਚਰ ਇੱਕ ਟਵੀਟ ਰਾਂਹੀ ਬੀਤੇ ਦਿਨੀ ਕੇਂਦਰੀ ਮੰਤਰੀ ਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਬਾਦਲ ਨੇ ਵੀ ਕੀਤੀ ਸੀ। ਜਿਸ ਵਿੱਚ ਹਰਸਿਮਰਤ ਨੇ ਕੈਪਟਨ ਦੀ ਗੁਟਕਾ ਸਾਹਿਬ ਨਾਲ ਸਹੁੰ ਚੁੱਕਦਿਆਂ ਦੀ ਤਸਵੀਰ ਟਵਿੱਟਰ ਤੇ ਪਾ ਕੇ ਲਿਖਿਆ ਸੀ ਕਿ,” ਬਜਾਏ ਇਸ ਦੇ ਕਿ ਤੁਸੀਂ ਇਸ ਗੱਲ ਤੇ ਧਿਆਨ ਦਿੰਦੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ 4 ਹਫਤਿਆਂ ਚ ਨਸ਼ਾ ਖ਼ਤਮ ਕਰਨ ਦੀ ਸਹੁੰ ਨੂੰ ਪੂਰਾ ਕਰਦੇ, ਤੁਸੀਂ ਤੁਸੀਂ ਪ੍ਰਧਾਨ ਮੰਤਰੀ ਨੂੰ ਨਸ਼ਿਆਂ ਦੇ ਮਾਮਲੇ ਤੇ ਰਾਸ਼ਟਰੀ ਨੀਤੀ ਬਣਾਉਣ ਲਈ ਲਿਖ ਰਹੇ ਹੋ। ਤੁਹਾਡੀ ਸਰਕਾਰ ਦੇ ਦੋ ਸਾਲਾਂ ਚ ਨਸ਼ਿਆਂ ਨਾਲ ਹੋਈਆਂ ਮੌਤਾਂ ਦੀ ਗਿਣਤੀ ਸਭ ਤੋਂ ਵੱਧ ਹੈ, ਤੇ ਤੁਹਾਡੇ ਆਪਣੇ ਵਿਧਾਇਕ ਪੁਲਿਸ-ਸਿਆਸੀ ਗੰਢ-ਤੁੱਪ ਦੇ ਦੋਸ਼ ਲਾ ਰਹੇ ਹਨ।” ਇਹ ਟਵੀਟ ਪੜ੍ਹਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੂੰ ਇੰਨਾ ਗੁੱਸਾ ਆ ਗਿਆ ਕਿ ਉਨ੍ਹਾਂ ਨੇ ਇੱਕ ਲਿਖਤੀ ਬਿਆਨ ਜਾਰੀ ਕਰਕੇ ਹਰਸਿਮਰਤ ਨੂੰ ਇਥੋਂ ਤੱਕ ਕਹਿ ਦਿੱਤਾ ਸੀ ਕਿ ਸਾਡੇ ਕਾਂਗਰਸੀ ਵਿਧਾਇਕ ਬਾਦਲਾਂ ਦੇ ਖ਼ੂਨ ਦੇ ਪਹਿਲਾਂ ਹੀ ਪਿਆਸੇ ਬੈਠੇ ਹਨ ਇਸ ਲਈ ਜ਼ਿਆਦਾ ਕੁਫ਼ਰ ਨਾ ਤੋਲੋ, ਨਹੀਂ ਤਾਂ ਮੈਨੂੰ ਇਨ੍ਹਾਂ ਵਿਧਾਇਕਾਂ ਦੀ ਗੱਲ ਸੁਣਨੀ ਪੈ ਜਾਵੇਗੀ।

ਪਰ ਮਾਹਰਾਂ ਅਨੁਸਾਰ ਉਸ ਟਵੀਟ ਤੇ ਇਸ ਟਵੀਟ ਚ ਫਰਕ ਹੈ। ਉਹ ਟਿੱਚਰੀ ਟਵੀਟ ਕੈਪਟਨ ਤੇ ਸਿੱਧਾ ਹਮਲਾ ਸੀ ਪਰ ਇਸ ਟਵੀਟ ਵਿੱਚ ਨਿਸ਼ਾਨਾ ਸਿੱਧੂ ਨੂੰ ਬਣਾ ਕੇ ਟਿੱਚਰ ਕੀਤੀ ਗਈ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਪਟਨ ਇਸ ਟਵੀਟ ਦੇ ਖ਼ਿਲਾਫ਼ ਵੀ ਕੋਈ ਪ੍ਰੈਸ ਬਿਆਨ ਜਾਰੀ ਕਰਦੇ ਹਨ ਜਾਂ ਲੋਕਾਂ ਨੂੰ ਇਹ ਕਹਿਣਾ ਦਾ ਸਿੱਧਾ ਮੌਕਾ ਮਿਲਦਾ ਹੈ ਕਿ ਇਹ ਮਾਮਲਾ ਸਿੱਧੂ ਦਾ ਹੈ ਹੁਣ ਕੀ ਲੋੜ ਸੀ ਬੋਲਣ ਦੀ। 

- Advertisement -

 

 

Share this Article
Leave a comment