Home / ਓਪੀਨੀਅਨ / ਸਿੱਧੂ ਤੋਂ ਬਾਅਦ ਹੁਣ ਸਰਨਾ ਦਾ ਰੌਲਾ? ਪਾਕਿ ਰਾਜਦੂਤ ਨਾਲ ਯਾਰੀ ‘ਤੇ ਪੱਤਰਕਾਰ ਨੇ ਸਵਾਲ ਕੀਤਾ ਤਾਂ ਪੈ ਗਏ ਹੱਥੀਂ

ਸਿੱਧੂ ਤੋਂ ਬਾਅਦ ਹੁਣ ਸਰਨਾ ਦਾ ਰੌਲਾ? ਪਾਕਿ ਰਾਜਦੂਤ ਨਾਲ ਯਾਰੀ ‘ਤੇ ਪੱਤਰਕਾਰ ਨੇ ਸਵਾਲ ਕੀਤਾ ਤਾਂ ਪੈ ਗਏ ਹੱਥੀਂ

ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਹਰਵਿੰਦਰ ਸਿੰਘ ਸਰਨਾ ਦੀ ਇੱਕ ਅਜਿਹੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਉਹ ਇੱਕ ਪੱਤਰਕਾਰ ਨਾਲ ਹੱਥੋਪਾਈ ਹੁੰਦੇ ਦਿਖਾਈ ਦੇ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ ਖ਼ਬਰ ਏਜੰਸੀ ਏ.ਐਨ.ਆਈ ਦੇ ਇੱਕ ਪੱਤਰਕਾਰ ਨੇ ਸਰਨਾ ਤੋਂਂ ਇੱਕ ਸਵਾਲ ਪੁੱਛਿਆ ਸੀ ਜਿਸ ਤੇ ਸਰਨਾ ਤੈਸ਼ ‘ਚ ਆ ਗਏ, ਤੇ ਉਹ ਆਪਣੇ ਸਹਾਇਕ ਸਮੇਤ ਪੱਤਰਕਾਰ ਅਤੇ ਕੈਮਰਾਮੈਨ ਨਾਲ ਇੱਥੋਂ ਤੱਕ ਉਲਝ ਗਏ ਕਿ ਮਾਮਲਾ ਗਾਲ੍ਹਾਂ ਕੱਢਣ ਤੇ ਹੱਥੋਪਾਈ ਹੋਣ ਤੱਕ ਜਾ ਪੁੱਜਾ। ਘਟਨਾਂ ਤੋਂ ਬਾਅਦ ਜਿੱਥੇ ਖ਼ਬਰ ਏਜੰਸੀ ਏ.ਐਨ.ਆਈ ਨੇ ਇੱਕ ਟਵੀਟ ਕਰਕੇ ਇਸ ਮਾਮਲੇ ਦੀ ਸਖਤ ਨਿੰਦਾ ਕੀਤੀ ਹੈ, ਉੱਥੇ ਸਰਨਾ ਦਾ ਕਹਿਣਾ ਹੈ ਕਿ ਪੱਤਰਕਾਰ ਉਨ੍ਹਾਂ ਦੇ ਨਿੱਜੀ ਮਾਮਲੇ ‘ਚ ਬਿਨ ਬੁਲਾਏ ਦਖ਼ਲ ਦੇਣ, ਉਨ੍ਹਾਂ ਦੇ ਘਰ ਆਣ ਵੜਿਆ ਸੀ, ਜਿਸ ‘ਤੇ ਉਨ੍ਹਾਂ ਨੇ ਉਕਤ ਪੱਤਰਕਾਰ ਦੇ ਖਿਲਾਫ ਥਾਣੇ ‘ਚ ਮਾਮਲਾ ਵੀ ਦਰਜ ਕਰਵਾਇਆ ਹੈ। ਸਰਨਾ ਦੇ ਪੱਤਰਕਾਰਾਂ ਨਾਲ ਹੱਥੋਪਾਈ ਹੁੰਦੇ ਦੀ ਵਾਇਰਲ ਹੋਈ ਇਸ ਵੀਡੀਓ ਨੂੰ ਜੇਕਰ ਚਲਾ ਕੇ ਦੇਖਿਆ ਜਾਵੇ ਤਾਂ ਪਤਾ ਲੱਗੇਗਾ, ਕਿ ਹਰਵਿੰਦਰ ਸਿੰਘ ਸਰਨਾ ਦੇ ਨਵੀਂ ਦਿੱਲੀ ਦੇ ਪੰਜਾਬੀ ਬਾਗ਼ ਇਲਾਕੇ ‘ਚ ਸਥਿਤ ਘਰ ਅੰਦਰ ਪਹੁੰਚੇ ਏ.ਐਨ.ਆਈ ਦੇ ਪੱਤਰਕਾਰ ਨੂੰ ਵੱਡੇ ਸਰਨਾ ਬਾਂਹ ਤੋਂ ਫੜ ਕੇ ਬਾਹਰ ਵੱਲ ਨੂੰ ਧਕਦੇ ਦਿਖਾਈ ਦਿੰਦੇ ਇਹ ਕਹਿ ਰਹੇ ਹਨ ਕਿ, “ਕਿਰਪਾ ਕਰਕੇ ਇਹ ਬਦਤਮੀਜੀ ਨਾ ਕਰੋ।” ਇਸ ਤੋਂ ਬਾਅਦ ਸਰਨਾ ਕੈਮਰਾਮੈਨ ਨੂੰ ਕਹਿੰਦੇ ਹਨ ਕਿ, “ਕਿਰਪਾ ਕਰਕੇ ਕੱਟ ਦੇ ਯਾਰ, ਪਰੇ ਕਰ ਕੈਮਰੇ ਨੂੰ, ਇਹ ਬਦਤਮੀਜੀ ਤੇ ਮੂਰਖਤਾ ਨਾ ਕਰ।” ਅੱਗੋਂ ਕੈਮਰਾਮੈਨ ਕਹਿੰਦਾ ਹੈ ਕਿ, “ਉਹ ਸਿਰਫ ਸਾਟਸ਼ ਲੈ ਰਿਹਾ ਹੈ।” ਇਸ ਤੋਂ ਬਾਅਦ ਵੀ ਜਦੋਂ ਸਰਨਾ ਨੂੰ ਲਗਦਾ ਹੈ ਕਿ ਕੈਮਰੇ ਵਾਲਾ ਰਿਕਾਰਡਿੰਗ ਕਰਨੀ ਬੰਦ ਨਹੀਂ ਕਰ ਰਿਹਾ ਹੈ, ਤਾਂ ਉਹ ਗੁੱਸੇ ‘ਚ ਲਾਲ ਪੀਲਾ ਹੁੰਦੇ ਕੈਮਰੇ ਵਾਲੇ ਨੂੰ ਭੈਣ ਦੀ ਗਾਲ੍ਹ ਕੱਢਦੇ ਉਸ ਦੇ ਕੈਮਰੇ ‘ਤੇ ਹੱਥ ਮਾਰ ਕੇ ਸਵਾਲ ਕਰਦੇ ਹਨ ਕਿ, “ਤੂੰ ਸਮਝਦਾ ਨਹੀਂ ਹੈਂ? ਹੈਂ…, ਘਣਚੱਕਰ ਨਾ ਹੋਵੇ ਤਾਂ!” ਇਸ ਉਪਰੰਤ ਕੈਮਰਾਮੈਨ ਕੁਝ ਸਕਿੰਡ ਰਿਕਾਰਡਿੰਗ ਕਰਨੀ ਤਾਂ ਬੰਦ ਨਹੀਂ ਕਰਦਾ, ਪਰ ਇੰਨਾ ਜਰੂਰ ਕਹਿ ਦਿੰਦਾ ਹੈ, ਕਿ ਸਰ, ਹੋ ਗਿਆ ਨਹੀਂ ਬਣਾ ਰਿਹਾ। ਵੀਡੀਓ ਵਿੱਚ ਸੀਨ ਬਦਲਦਾ ਹੈ, ਤੇ ਇਸ ਸੀਨ ਵਿੱਚ ਸਰਨਾ ਦੇ ਘਰ ਦੀ ਨੇਮ ਪਲੇਟ ਅਤੇ ਫਿਰ ਗੇਟ ਦਿਖਾਈ ਦਿੰਦਾ ਹੈ, ਤੇ ਇੰਨੇ ਨੂੰ ਹਰਵਿੰਦਰ ਸਿੰਘ ਸਰਨਾ ਤੇ ਇੱਕ ਹੋਰ ਵਿਅਕਤੀ ਗੇਟ ਖੋਲ੍ਹ ਕੇ ਬਾਹਰ ਆਉਂਦੇ ਹਨ, ਤੇ ਸਰਨਾਂ ਇੱਕ ਵਾਰ ਫਿਰ ਲਾਲ ਪੀਲੇ ਹੁੰਦੇ ਪੱਤਰਕਾਰ ਵੱਲ ਬਾਹਾਂ ਖਿਲਾਰ ਕੇ ਵਧਦੇ ਹਨ ਤੇ ਕਹਿੰਦੇ ਹਨ ਕਿ, “ਲੈ….. ਲੈ-ਲੈ।” ਸਰਨਾ ਉਸ ਪੱਤਰਕਾਰ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਸਵਾਲ ਕਰਦੇ ਹਨ ਕਿ, “ਬਿਨਾਂ ਮੇਰੀ ਇਜਾਜ਼ਤ ਤੁਸੀਂ ਮੇਰੀਆਂ ਫੋਟੋਆਂ ਕਿਉਂ ਖਿੱਚ ਰਹੇ ਹੋ?” ਅੱਗੋਂ ਪੱਤਰਕਾਰ ਕਹਿੰਦਾ ਹੈ ਕਿ, “ਅਸੀਂ ਗੱਲ ਹੀ ਕਰਨ ਆਏ ਸੀ।” ਉਹ ਤਰਕ ਦਿੰਦਾ ਹੈ ਕਿ, “ਉਹ ਕਿੰਨੇ ਆਰਾਮ ਨਾਲ ਗੱਲ ਕਰ ਰਹੇ ਸਨ, ਤੇ ਇਹ ਕਿੰਨੀ ਵੱਡੀ ਘਟਨਾ ਸੀ, ਅਸੀਂ ਇਸ ਨੂੰ ਇੱਕ ਦਮ ਸਹਿਜ ਹੀ ਲੈ ਗਏ ਸੀ, ਪਰ ਤੁਸੀਂ ਮਾਇਕ ‘ਤੇ ਕੈਮਰੇ ‘ਤੇ ਹੱਥ ਮਾਰ ਦਿੱਤਾ, ਅਸੀਂ ਸਿਰਫ ਗੱਲ ਕਰਨਾ ਚਾਹੁੰਦੇ ਸੀ।” ਇਸ ‘ਤੇ ਹਰਵਿੰਦਰ ਸਿੰਘ ਸਰਨਾ ਫਿਰ ਗੁੱਸੇ ਵਿੱਚ ਆ ਜਾਂਦੇ ਹਨ ਤੇ ਪੱਤਰਕਾਰ ਨੂੰ ਕਹਿੰਦੇ ਹਨ ਕਿ, “ਅਸੀਂ ਨਹੀਂ ਗੱਲ ਕਰਨੀ ਜਾ ਜੋ ਕਰਨੈ, ਕਰ ਲੈ?” ਪੱਤਰਕਾਰ ਫਿਰ ਕਹਿੰਦਾ ਹੈ ਕਿ, “ਇਹ ਕਿੰਨੀ ਵੱਡੀ ਘਟਨਾ ਹੈ, ਕਿ ਤੁਸੀਂ ਪਾਕਿਸਤਾਨ ਦੇ ਰਾਜਦੂਤ ਨੂੰ ਬੁਲਾ ਰਹੇ ਹੋਂ ਇਸ ‘ਤੇ ਕੁਝ ਤਾਂ ਦੱਸੋ।” ਸਰਨਾ ਇਸ ‘ਤੇ ਹੋਰ ਵੀ ਭੜਕ ਜਾਂਦੇ ਹਨ ਤੇ ਸਵਾਲ ‘ਤੇ ਸਵਾਲ ਕਰਦੇ ਹਨ ਕਿ, “ਕਿਹੜੀ ਵੱਡੀ ਘਟਨਾ ਹੈ? ਤੁਹਾਨੂੰ ਕੀ ਤਕਲੀਫ ਹੋ ਰਹੀ ਹੈ?” ਇੰਨੇ ਨੂੰ ਪੱਤਰਕਾਰ ਫਿਰ ਉਹ ਗੱਲ ਦੁਹਰਾਉਂਦਾ ਹੈ ਕਿ ਇੱਥੇ ਵਾਰ ਵਾਰ ਇਹ ਗੱਲ ਉੱਡ ਰਹੀ ਹੈ, ਕਿ ਤੁਸੀਂ ਪਾਕਿਸਤਾਨੀ ਰਾਜਦੂਤ ਨੂੰ ਬੁਲਾ ਰਹੇ ਹੋ। ਇਹ ਸੁਣਦਿਆਂ ਹੀ ਹਰਵਿੰਦਰ ਸਿੰਘ ਸਰਨਾ ਕੋਲ ਖੜ੍ਹਾ ਇੱਕ ਹੋਰ ਸਰਦਾਰ ਵਿਅਕਤੀ ਪੱਤਰਕਾਰ ਦੇ ਮਾਇਕ ‘ਤੇ ਹੱਥ ਮਾਰਦਾ ਹੋਇਆ ਕੈਮਰਾਮੈਨ ਵੱਲ ਵਧਦਾ ਹੈ, ਤੇ ਕਹਿੰਦਾ ਹੈ ਕਿ, “ਬਿਨਾਂ ਇਜਾਜ਼ਤ ਤੁਸੀਂ ਵੀਡੀਓ ਨਹੀਂ ਬਣਾ ਸਕਦੇ।” ਇਸ ‘ਤੇ ਪੱਤਰਕਾਰ ਸਫਾਈ ਦਿੰਦਾ ਹੈ, ਕਿ ਹੁਣ ਤਾਂ ਅਸੀਂ ਘਰ ਤੋਂ ਬਾਹਰ ਖੜ੍ਹੇ ਹਾਂ। ਇਹ ਸੁਣਦਿਆਂ ਹੀ ਪਿੱਛੇ ਖੜ੍ਹੇ ਹਰਵਿੰਦਰ ਸਿੰਘ ਸਰਨਾ ਇੱਕ ਵਾਰ ਫਿਰ ਪੱਤਰਕਾਰ ਦੀ ਬਾਂਹ ਫੜ ਕੇ ਗੁੱਸੇ ਨਾਲ ਕਹਿੰਦੇ ਹਨ , “ਕਿ ਗੱਲ ਸੁਣ ਓਏ, ਹੁਣ ਇੱਥੇ ਬਕਵਾਸ ਕੀਤੀ ਨਾ ਲੰਮਾ ਪਾ ਕੇ ਛਿਤਰੌਲ ਕਰ ਦਿਆਂਗਾ ਤੁਹਾਡੀ!” ਪੱਤਰਕਾਰ ਕਹਿੰਦਾ ਹੈ, ਕਿ ਬੰਦ ਕਰ ਰਹੇ ਹਾਂ, ਸ੍ਰੀ ਮਾਨ। ਇਸ ਤੋਂ ਬਾਅਦ ਹਰਵਿੰਦਰ ਸਿੰਘ ਸਰਨਾ ਇੱਕ ਵਾਰ ਫਿਰ ਉੱਥੇ ਰਿਕਾਰਡਿੰਗ ਕਰ ਰਹੇ ਕੈਮਰਾਮੈਨ ਵੱਲ ਵਧਦੇ ਹਨ, ਤੇ ਇੰਝ ਲਗਦਾ ਹੈ ਕਿ ਉਹ ਕੈਮਰਾਮੈਨ ‘ਤੇ ਹਮਲਾ ਕਰਦੇ ਲਗਾਤਾਰ ਪੁੱਛਦੇ ਹਨ, ” ਕੀ ਗੱਲ ਹੈ? ਕੀ ਗੱਲ ਹੈ? ਕੀ ਗੱਲ ਹੈ?” ਇੰਨੇ ਨੂੰ ਕੈਮਰਾਮੈਨ ਦੇ ਕੈਮਰੇ ਅੰਦਰ ਚੱਲ ਰਹੀ ਰਿਕਾਰਡਿੰਗ ਦਾ ਫਰੇਮ ਟੇਡਾ ਹੋ ਜਾਂਦਾ ਹੈ ਤੇ ਕਈ ਸਾਰੇ ਬੰਦੇ ਪੱਤਰਕਾਰ ਤੇ ਕੈਮਰਾਮੈਨ ਨਾਲ ਉਲਝਦੇ ਪ੍ਰਤੀਤ ਹੁੰਦੇ ਧਮਕੀ ਦਿੰਦੇ ਸੁਣਾਈ ਦਿੰਦੇ ਹਨ, ਕਿ ਬੰਦ ਕਰ ਦਿਓ ਨਹੀਂ ਤਾਂ ਮਾਮਲਾ ਗੰਭੀਰ ਹੋ ਜਾਵੇਗਾ, ਫਿਰ ਚੰਗੇ ਰਹੋਂਗੇ? ਇਹ ਤਾਂ ਸੀ ਉਸ ਵੀਡੀਓ ਅੰਦਰ ਵਾਪਰੀ ਘਟਨਾ ਦਾ ਫਰੇਮ-ਦਰ-ਫਰੇਮ ਵਿਸਥਾਰ। ਇਸ ਤੋਂ ਬਾਅਦ ਖ਼ਬਰ ਏਜੰਸੀ ਏ.ਐਨ.ਆਈ ਨੇ ਇੱਕ ਟਵੀਟ ਕਰਕੇ ਕਿਹਾ ਹੈ, ਕਿ ਦੇਖੋ! ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਗੂ ਪਰਮਜੀਤ ਸਿੰਘ ਸਰਨਾ ਦੇ ਭਰਾ ਹਰਵਿੰਦਰ ਸਿੰਘ ਸਰਨਾ ਏ.ਐਨ.ਆਈ ਦੇ ਪੱਤਰਕਾਰ ਨੂੰ ਉਦੋਂ ਬੰਧਕ ਬਣਾ ਰਹੇ ਹਨ, ਜਦੋਂ ਪੱਤਰਕਾਰ ਸਰਨਾ ਤੋਂ ਪਾਕਿਸਤਾਨ ਦੇ ਰਾਜਦੂਤ ਸੁਹੇਲ ਮਹਿਮੂਦ ਦੀ ਵਿਦਾਇਗੀ ਪਾਰਟੀ ਦਾ ਪ੍ਰਬੰਧ ਕਰਨ ਸਬੰਧੀ ਸਵਾਲ ਪੁੱਛਦੇ ਹਨ। ਟਵੀਟ ਅਨੁਸਾਰ ਸਰਨਾ ਏ.ਐਨ.ਆਈ ਦੇ ਕੈਮਰਾਮੈਨ ‘ਤੇ ਹਮਲਾ ਵੀ ਕਰਦੇ ਹਨ। ਇਸ ਸਬੰਧੀ ਜਦੋਂ ਸਾਡੇ ਸਹਿਯੋਗੀ ਪੱਤਰਕਾਰ ਸਿਮਰਨਪ੍ਰੀਤ ਸਿੰਘ ਨੇ ਹਰਵਿੰਦਰ ਸਿੰਘ ਸਰਨਾ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਫੋਨ ‘ਤੇ ਗੱਲ ਕੀਤੀ ਤਾਂ ਸਰਨਾ ਨੇ ਸਵਾਲ ਕੀਤਾ ਕਿ ਤੁਸੀਂ ਕਿਸੇ ਨਾਲ ਕੈਮਰਾ ਚੁੱਕ ਕੇ, ਕਿਸੇ ਦੇ ਘਰ ਅੰਦਰ ਆ ਜਾਓ, ਕੀ ਇਹ ਜਾਇਜ਼ ਹੈ? ਉਹ ਪੱਤਰਕਾਰ ਇਹ ਕਹਿ ਰਿਹਾ ਸੀ ਕਿ, “ਨਹੀਂ ਜੀ ਤੁਸੀਂ ਬਾਈਟ ਦਿਓ, ਮੈਂ ਕਿਹਾ ਜੀ, ਮੈਂ ਨਹੀਂ ਲੈਣੀ ਤੁਸੀਂ ਮੇਰੀ ਇਜਾਜ਼ਤ ਤੋਂ ਬਿਨਾਂ ਫੋਟੋ ਕਿਉਂ ਖਿੱਚ ਰਹੇ ਹੋ? ਉਨ੍ਹਾਂ ਕਿਹਾ ਕਿ ਉਹ ਲੋਕ ਮੇਰੀ ਇਜਾਜ਼ਤ ਤੋਂ ਬਿਨਾਂ ਮੇਰੇ ਘਰ ਵਿੱਚ ਆ ਗਏ, ਮੇਰੇ ਡਰਾਇੰਗ ਰੂਮ ਵਿੱਚ ਆ ਕੇ ਬੈਠ ਗਏ, ਜਿਸ ‘ਤੇ ਮੈਂ ਵੀ ਪੁਲਿਸ ਕੋਲ ਇਨ੍ਹਾਂ ਲੋਕਾਂ ਖਿਲਾਫ ਜਬਰਦਸਤੀ ਘਰ ਅੰਦਰ ਵੜ ਆਉਣ ਦੀ ਰਿਪੋਰਟ ਲਿਖਾ ਦਿੱਤੀ ਹੈ।” ਜਦੋਂ ਸਰਨਾ ਨੂੰ ਇਹ ਪੁੱਛਿਆ ਗਿਆ ਕਿ ਆਖ਼ਰ ਮਸਲਾ ਇੱਥੋਂ ਤੱਕ ਵਧਿਆ ਕਿਉਂ ਤਾਂ ਸਰਨਾ ਨੇ ਜਵਾਬ ਦਿੱਤਾ ਕਿ, ” ਐਵੇਂ ਹੀ! ਨਾ ਮੈਂ ਉਨ੍ਹਾਂ ਨੂੰ ਬੁਲਾਇਆ ਤੇ ਨਾ ਮੇਰਾ ਉਨ੍ਹਾਂ ਨਾਲ ਕੋਈ ਲੈਣਾ-ਦੇਣਾ ਸੀ, ਹੁਣ ਉਨ੍ਹਾਂ ਦੇ ਹੱਥ ਤਾਕਤ ਹੈ ਤਾਂ ਉਹ ਜੋ ਮਰਜੀ ਕਰੀ ਜਾਣ? ਸਰਨਾ ਅਨੁਸਾਰ ਇਹ ਮੇਰਾ ਨਿੱਜੀ ਸਮਾਗਮ ਸੀ, ਪਾਕਿਸਤਾਨੀ ਰਾਜਦੂਤ ਵਿਦੇਸ਼ ਸਕੱਤਰ ਬਣ ਗਏ ਸਨ, ਉਨ੍ਹਾਂ ਨਾਲ ਮੇਰੇ ਪਰਿਵਾਰਕ ਸਬੰਧ ਹਨ, ਅਜਿਹੇ ਵਿੱਚ ਉਹ ਲੋਕ ਮੇਰੇ ਨਾਲ ਜਬਰਦਸਤੀ ਕਿਉਂ ਕਰ ਰਹੇ ਸਨ? ਉਨ੍ਹਾਂ ਕਿਹਾ ਕਿ ਇਹ ਕੋਈ ਕਹਾਣੀ ਨਹੀਂ ਹੈ। ਜਿਹੜੇ ਮੀਡੀਆ ਨੇ ਇਹ ਕੰਮ ਕੀਤਾ ਹੈ, ਉਹ ਬੀਜੇਪੀ ਵੱਲੋਂ ਸਹਾਇਤਾ ਪ੍ਰਾਪਤ ਚੈਨਲ ਹੈ, ਤਾਂ ਹੀ ਇਹ ਸਾਰੀਆਂ ਗੱਲਾਂ ਕਰਦੇ ਹਨ, ਹੋਰ ਕੋਈ ਗੱਲ ਨਹੀਂ ਹੈ।” ਇੱਕ ਪਾਸੇ ਜਿੱਥੇ ਖ਼ਬਰ ਏਜੰਸੀ ਏ.ਐਨ.ਆਈ. ਮੁਤਾਬਕ ਸਰਨਾ ਪਾਕਿਸਤਾਨ ਦੇ ਰਾਜਦੂਤ ਸੁਹੇਲ ਮਹਿਮੂਦ ‘ਤੇ ਪੁੱਛੇ ਗਏ ਸਵਾਲ ‘ਤੇ ਉਨ੍ਹਾਂ ਨਾਲ ਉਲਝੇ ਸਨ, ਉੱਥੇ ਦੂਜੇ ਪਾਸੇ ਸਰਨਾ ਇਸ ਨੂੰ ਬੀਜੇਪੀ ਦੀ ਸਾਜ਼ਿਸ਼ ਕਰਾਰ ਦੇ ਰਹੇ ਹਨ। ਗੱਲ ਭਾਵੇਂ ਕੁਝ ਵੀ ਹੋਵੇ ਇੱਕ ਸੀਨੀਅਰ ਆਗੂ ਦੀ ਮੀਡੀਆ ਕਰਮੀਆਂ ਨਾਲ ਇਸ ਤਰ੍ਹਾਂ ਬਦਸਲੂਕੀ ਕਰਦਿਆਂ ਦੀ ਵਾਇਰਲ ਹੋਈ ਵੀਡੀਓ ਆਪਣੇ ਆਪ ਵਿੱਚ ਕਈ ਸਵਾਲ ਖੜ੍ਹੇ ਕਰਦੀ ਹੈ।ਮਾਮਲਾ ਹੁਣ ਜਿੱਥੇ ਪੁਲਿਸ ਕੋਲ ਪਹੁੰਚ ਚੁਕਾ ਹੈ, ਉੱਥੇ ਇਹ ਵੀਡੀਓ ਵੀ ਲੋਕਾਂ ਦੀ ਕਚਿਹਰੀ ਵਿੱਚ ਹੈ। ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨੀ ਜਨਰਲ ਬਾਜਵਾ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹੇ ਜਾਣ ਦੀ ਗੱਲ ਕਰਨ ਵਾਲੇ ਜਿਸ ਦੇਸ਼ ਦੇ ਜਨਰਲ ਨੂੰ ਪਾਈ ਜੱਫੀ ਨੂੰ ਵੀ ਜਿਨ੍ਹਾਂ ਲੋਕਾਂ ਨੇ ਬਰਦਾਸ਼ਤ ਨਹੀਂ ਕੀਤਾ, ਉਹ ਲੋਕ ਪਾਕਿਸਤਾਨੀ ਰਾਜਦੂਤ ਨੂੰ ਸਰਨਾ ਵੱਲੋਂ ਘਰ ਬੁਲਾ ਕੇ ਵਿਧਾਇਗੀ ਪਾਰਟੀ ਦੇਣਾ, ਕਿਵੇਂ ਬਰਦਾਸ਼ਤ ਕਰਨਗੇ, ਇਹ ਵੇਖਣਾ ਆਪਣੇ ਆਪ ਵਿੱਚ ਬੇਹੱਦ ਦਿਲਚਸਪ ਹੋਵੇਗਾ।

Check Also

ਨਵਜੋਤ ਸਿੱਧੂ – ਨਵੀਂ ਸਵੇਰ ਲਈ ਵੱਡੇ ਫ਼ੈਸਲੇ ਦਾ ਵੇਲਾ…

(ਇਕ ਖ਼ਾਸ ਗੈਰਰਸਮੀ ਮੁਲਾਕਾਤ!) -ਜਗਤਾਰ ਸਿੰਘ ਸਿੱਧੂ ਨਵਜੋਤ ਸਿੱਧੂ ਦਾ ਪਿਛਲੇ ਹਫ਼ਤੇ ਦੇ ਆਖਿਰ ‘ਚ …

Leave a Reply

Your email address will not be published. Required fields are marked *