ਸਿੱਧੂ ਖਿਲਾਫ ਵੱਡੀ ਸਾਜ਼ਿਸ਼, ਯੂਪੀ ਬਿਹਾਰ ਵਾਲਿਆਂ ਤੱਕ ਹੀ ਰਹਿਣਗੇ ਸੀਮਿਤ? ਆਸ਼ਾ ਕੁਮਾਰੀ ਦੇ ਬਿਆਨ ‘ਤੇ ਪਿਆ ਰੌਲਾ

TeamGlobalPunjab
3 Min Read

ਚੰਡੀਗੜ੍ਹ : ਪੰਜਾਬ ਕਾਂਗਰਸ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਕਿਹਾ ਹੈ, ਕਿ ਦੇਸ਼ ਭਰ ਵਿੱਚ ਭਾਵੇਂ ਨਵਜੋਤ ਸਿੱਧੂ ਦੀ ਮੰਗ ਸਟਾਰ ਪ੍ਰਚਾਰਕ ਵਾਲੀ ਹੋਵੇ, ਪਰ ਪੰਜਾਬ ਦੇ ਸਟਾਰ ਪ੍ਰਚਾਰਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹਨ, ਤੇ ਸਾਰੇ ਉਮੀਦਵਾਰ ਆਪਣੇ ਹਲਕਿਆਂ ਵਿੱਚ ਕਾਂਗਰਸ ਦਾ ਪ੍ਰਚਾਰ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਕਰਦੇ ਹਨ ਨਾ ਕਿ ਸਿੱਧੂ ਦੀ। ਆਸ਼ਾ ਕੁਮਾਰੀ ਨੇ ਇਹ ਬਿਆਨ ਦੇ ਕੇ ਪੰਜਾਬ ਦੀ ਸਿਆਸਤ ਵਿੱਚ ਭਾਵੇਂ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ, ਪਰ ਇਸ ਦੇ ਬਾਵਜੂਦ ਨਵਜੋਤ ਸਿੱਧੂ ਨੇ ਆਸ਼ਾ ਕੁਮਾਰੀ ਦੇ ਇਸ ਬਿਆਨ ‘ਤੇ ਕੋਈ ਟਿੱਪਣੀ ਕਰਨ ਤੋਂ ਸਾਫ ਇਨਕਾਰ ਕਰ ਦਿੱਤਾ ਹੈ।

ਇਹ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਆਸ਼ਾ ਕੁਮਾਰੀ ਨੇ ਇਹ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਨਵਜੋਤ ਸਿੱਧੂ ਦੇਸ਼ ‘ਚ ਕਾਂਗਰਸ ਪਾਰਟੀ ਦੇ ਸਭ ਤੋਂ ਵਧੀਆ ਸਟਾਰ ਪ੍ਰਚਾਰਕ ਹਨ, ਪਰ ਕੈਪਟਨ ਅਮਰਿੰਦਰ ਸਿੰਘ ਦੀ ਮੰਗ ਸਿੱਧੂ ਦੇ ਮੁਕਾਬਲੇ ਪੰਜਾਬ ‘ਚ ਵੱਧ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਾਰੇ ਮੰਤਰੀਆਂ ਤੇ ਮੈਂਬਰਪਾਰਲੀਮੈਂਟਾਂ ਨੂੰ ਸਟਾਰ ਪ੍ਰਚਾਰਕਾਂ ਦੀ ਲਿਸਟ ਵਿੱਚ ਸ਼ਾਮਲ ਕੀਤਾ ਜਾਵੇਗਾ ਤੇ ਇਹ ਲੋਕ ਵੀ ਸੂਬੇ ‘ਚ ਪ੍ਰਚਾਰ ਕਰਨਗੇ। ਉਨ੍ਹਾਂ ਕਿਹਾ ਕਿ ਮਾਲਵਾ, ਦੁਆਬਾ ਤੇ ਮਾਝਾ ਇਲਾਕਿਆਂ ਅੰਦਰ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਵੀ ਪ੍ਰਚਾਰ ਕਰਨਗੇ।

ਇਸ ਸਬੰਧ ਵਿੱਚ ਜਿੱਥੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਲਾਲ ਸਿੰਘ ਨੇ ਇਹ ਕਹਿ ਕੇ ਸਿੱਧੂ ਦੀ ਤਾਰੀਫ ਕੀਤੀ ਕਿ ਸਿੱਧੂ ਭੀੜ ਖਿੱਚ ਸਕਦੇ ਹਨ ਤੇ ਇਸੇ ਲਈ ਉਨ੍ਹਾਂ ਦੀ ਮੰਗ ਵੱਧ ਹੈ, ਪਰ ਉਨ੍ਹਾਂ ਨਾਲ ਹੀ ਇਹ ਵੀ ਕਹਿ ਦਿੱਤਾ ਕਿ ਪੰਜਾਬ ‘ਚ ਚੋਣ ਮੁਹਿੰਮ ਦਾ ਮੁੱਖ ਚਿਹਰਾ ਕੈਪਟਨ ਅਮਰਿੰਦਰ ਸਿੰਘ ਹਨ। ਇਸ ਤੋਂ ਇਲਾਵਾ ਸੂਬੇ ਦੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋਤ ਸਿੱਧੂ ਦੀ ਗੱਡ ਕੇ ਹਿਮਾਇਤ ਕੀਤੀ ਤੇ ਕਿਹਾ ਕਿ ਨਵਜੋਤ ਸਿੱਧੂ ਇੱਕ ਪ੍ਰਸਿੱਧ ਹਸਤੀ ਹੋਣ ਦੇ ਨਾਲ ਨਾਲ ਪੰਜਾਬ ਦੇ ਮੁੱਦਿਆਂ ਦੀ ਵੀ ਭਰਭੂਰ ਜਾਣਕਾਰੀ ਰਖਦੇ ਹਨ। ਉਨ੍ਹਾਂ ਕਿਹਾ ਕਿ ਸੰਨੀ ਦਿਓਲ ਫਿਲਮੀ ਪਰਦੇ ਦੇ ਹੀਰੋ ਹਨ ਪਰ ਨਵਜੋਤ ਸਿੱਧੂ ਅਸਲ ਜਿੰਦਗੀ ਦੇ। ਸੁਖਜਿੰਦਰ ਰੰਧਾਵਾ ਅਨੁਸਾਰ ਨਵਜੋਤ ਸਿੱਧੂ ਦੀ ਪੂਰੀ ਮੰਗ ਹੈ, ਲਿਹਾਜਾ ਉਨ੍ਹਾਂ ਨੂੰ ਸੰਨੀ ਦਿਓਲ ਦੇ ਮੁਕਾਬਲੇ ਚੋਣ ਮੁਹਿੰਮ ਵਿੱਚ ਉਤਾਰਿਆ ਜਾਵੇਗਾ।

ਇੱਧਰ ਦੂਜੇ ਪਾਸੇ ਨਵਜੋਤ ਸਿੱਧੂ ਤੋਂ ਜਦੋਂ ਪੱਤਰਕਾਰਾਂ ਨੇ ਆਸ਼ਾ ਕੁਮਾਰੀ ਦੇ ਬਿਆਨ ‘ਤੇ ਪੱਖ ਲੈਣਾ ਚਾਹਿਆ ਤਾਂ ਸਿੱਧੂ ਨੇ ਕਿਹਾ ਕਿ ਉਨ੍ਹਾਂ ਦੀਆਂ ਰੈਲੀਆਂ ਦਾ ਫੈਸਲਾ ਕਾਂਗਰਸ ਦੇ ਸੀਨੀਅਰ ਆਗੂ ਅਹਿਮਦ ਪਟੇਲ ਵੱਲੋਂ ਤੈਅ ਕੀਤਾ ਜਾਂਦਾ ਹੈ, ਤੇ ਉਹ ਆਸ਼ਾ ਕੁਮਾਰੀ ਦੇ ਬਿਆਨ ‘ਤੇ ਕੋਈ ਟਿੱਪਣੀ ਨਹੀਂ ਦੇਣਗੇ।

- Advertisement -

Share this Article
Leave a comment