ਚੰਡੀਗੜ੍ਹ: ਸਾਲ 2015 ਦੌਰਾਨ ਅਕਾਲੀ ਭਾਜਪਾ ਸਰਕਾਰ ਵੇਲੇ ਵਾਪਰੀਆਂ ਬੇਅਦਬੀ ਅਤੇ ਗੋਲੀ ਕਾਂਡ ਦੀਆਂ ਘਟਨਾਵਾਂ ਦੀ ਜਾਂਚ ਕਰ ਰਹੀ ਐਸਆਈਟੀ ਜਿਉਂ ਜਿਉਂ ਆਪਣੀ ਜਾਂਚ ਦੇ ਕਦਮ ਅੱਗੇ ਵਧਾਉਂਦੀ ਜਾ ਰਹੀ ਹੈ ਤਿਉਂ ਤਿਉਂ, ਕੀ ਅਫਸਰ ਸ਼ਾਹੀ ਤੇ ਕੀ ਸਿਆਸਤਦਾਨ, ਦੋਵਾਂ ਦੇ ਮੱਥੇ ‘ਤੇ ਆਉਂਦਾ ਪਸੀਨਾ ਸਾਫ ਦੇਖਿਆ ਜਾ ਸਕਦਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਟ ਦੀ ਇਸ ਜਾਂਚ ਵਿਰੁੱਧ ਸਖਤ ਪ੍ਰਤੀਕਿਰਿਆ ਦਿੰਦਿਆਂ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਜਾਂ ਕਿਸੇ ਨਿਰਪੱਖ ਏਜੰਸੀ ਤੋਂ ਕਰਵਾਏ ਜਾਣ ਦੀ ਮੰਗ ਵੀ ਕਰ ਦਿੱਤੀ ਹੈ। ਸਿਆਸੀ ਮਾਹਰ ਲੋਕ ਸੁਖਬੀਰ ਦੇ ਇਸ ਬਿਆਨ ਨੂੰ ਮਨਤਾਰ ਬਰਾੜ ਤੋਂ ਸਿੱਟ ਵੱਲੋਂ ਕੀਤੀ ਗਈ ਪੁੱਛ-ਤਾਛ ਤੋਂ ਬਾਅਦ ਆਈ ਘਬਰਾਹਟ ਮੰਨ ਰਹੇ ਹਨ।
ਦੱਸ ਦਈਏ ਕਿ ਅਕਾਲੀ ਦਲ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਤੇ ਆਗੂ ਮਨਤਾਰ ਸਿੰਘ ਬਰਾੜ ਤੋਂ ਵੀ ਐਸਆਈਟੀ ਨੇ ਬੀਤੀ ਕੱਲ੍ਹ ਕਈ ਘੰਟੇ ਪੁੱਛ-ਗਿੱਛ ਕੀਤੀ ਸੀ, ਜਿਸ ਬਾਰੇ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਐਸਆਈਟੀ ਵੱਲੋਂ ਮਨਤਾਰ ਬਰਾੜ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਕੀਤਾ ਗਿਆ, ਜਿਸ ਦੀ ਉਹ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਐਸਆਈਟੀ ਰਾਜਨੀਤੀ ਤੋਂ ਪ੍ਰੇਰਿਤ ਹੋ ਕੇ ਜਾਂਚ ਕਰ ਰਹੀ ਹੈ, ਕਿਉਂਕਿ ਇਹ ਸਾਰਿਆਂ ਨੂੰ ਪਤਾ ਹੈ ਕਿ ਸਰਦਾਰ ਬਰਾੜ ਉਸ ਵੇਲੇ ਸਿਰਫ ਵਿਧਾਇਕ ਸਨ। ਸੁਖਬੀਰ ਨੇ ਕਿਹਾ ਕਿ ਮਨਤਾਰ ਬਰਾੜ ਨੂੰ ਸਿੱਟ ਵੱਲੋਂ ਫਸਾਉਣ ਦੀ ਕੋਸ਼ਿਸ਼ ਕਰਨਾ ਸਾਬਤ ਕਰਦਾ ਹੈ ਕਿ ਇਹ ਸਿੱਟ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਰਾਹ ‘ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਗੋਲੀ ਕਾਂਡ ਦੀਆਂ ਘਟਨਾਵਾਂ ਵਿੱਚ ਸਿੱਟ ਵੱਲੋਂ ਅਕਾਲੀ ਆਗੂਆਂ ਨੂੰ ਫਸਾਉਣ ਦੀ ਇਹ ਕੋਸ਼ਿਸ਼ ਸਾਬਤ ਕਰਦੀ ਹੈ ਕਿ ਕਾਂਗਰਸ ਦੀ ਇਹ ਪੁਰਾਣੀ ਖੇਡ ਹੈ।
ਸੁਖਬੀਰ ਬਾਦਲ ਅਨੁਸਾਰ ਸਰਕਾਰ ਦੀ ਇਹ ਕਾਰਵਾਈ ਸੱਚ ਨੂੰ ਬਾਹਰ ਲਿਆਉਣ ਦੀ ਬਜਾਏ ਅਕਾਲੀ ਦਲ ਅਤੇ ਸਿੱਖ ਸੰਸਥਾਵਾਂ ਨੂੰ ਕੰਮਜ਼ੋਰ ਕਰਨ ਦੀ ਸਾਜ਼ਿਸ਼ ਹੈ। ਸੁਖਬੀਰ ਨੇ ਕਿਹਾ ਕਿ ਉਨ੍ਹਾਂ ਨੇ ਜਸਟਿਸ ਰਣਜੀਤ ਸਿੰਘ ਵੱਲੋਂ ਕੀਤੀ ਗਈ ਜਾਂਚ ਵਿੱਚ ਸਹਿਯੋਗ ਨਾ ਦੇਣ ਦਾ ਕਾਰਨ ਇਹ ਸੀ ਕਿ ਉਹ ਕਮਿਸ਼ਨ ਬਣਾਉਣ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਂਚ ਦੇ ਸਿੱਟੇ ਐਲਾਨ ਦਿੱਤੇ ਸਨ।
- Advertisement -