ਚੰਡੀਗੜ੍ਹ : ਪੰਜਾਬ ਦੇ ਨਵੇਂ ਪੁਲਿਸ ਮੁਖੀ ਦਿਨਕਰ ਗੁਪਤਾ ਨੇ ਕਿਹਾ ਹੈ ਕਿ ਸਿੱਖ ਫਾਰ ਜਸਟਿਸ ਵਾਲੇ ਜਦੋਂ ਤੱਕ ਆਪਣੀਆਂ ਹੱਦਾਂ ਅੰਦਰ ਰਹਿ ਕੇ ਚਲਦੇ ਰਹਿਣਗੇ ਉਦੋਂ ਤੱਕ ਉਨ੍ਹਾਂ ਨੂੰ ਕੁਝ ਨਹੀਂ ਕਿਹਾ ਜਾਵੇਗਾ ਪਰ ਜੇਕਰ ਉਨ੍ਹਾਂ ਨੇ ਆਪਣੀ ਹੱਦ ਪਾਰ ਕੀਤੀ ਤਾਂ ਪੁਲਿਸ ਇਹ ਗੱਲ ਬਿਲਕੁਲ ਵੀ ਬਰਦਾਸ਼ਤ ਨਹੀਂ ਕਰੇਗੀ ਜਿਸ ਤੋਂ ਬਾਅਦ ਉਨ੍ਹਾਂ ਲੋਕਾਂ ‘ਤੇ ਕਾਰਵਾਈ ਕੀਤੇ ਜਾਣਾ ਤੈਅ ਹੈ। ਸ਼੍ਰੀ ਗੁਪਤਾ ਇੱਥੇ ਡੀਜੀਪੀ ਬਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਸ਼੍ਰੀ ਦਿਨਕਰ ਗੁਪਤਾ ਨੇ ਕਿਹਾ ਕਿ ਭਾਰਤੀ ਸੰਵਿਧਾਨ ਵਿਚਾਰਾਂ ਨੂੰ ਜ਼ਾਹਿਰ ਕਰਨ ਦੀ ਅਜ਼ਾਦੀ ਦਿੰਦਾ ਹੈ ਤੇ ਪੰਜਾਬੀ ਮੂਲ ਦੇ ਬਹੁਤ ਸਾਰੇ ਲੋਕ ਵਿਦੇਸ਼ਾਂ ਵਿੱਚ ਵੱਸ ਰਹੇ ਹਨ ਜਿਨ੍ਹਾਂ ਨੂੰ ਉਨ੍ਹਾਂ ਦੇਸ਼ਾਂ ਨੇ ਆਪਣੇ ਕਾਨੂੰਨਾਂ ਅਨੁਸਾਰ ਅਧਿਕਾਰ ਦਿੱਤੇ ਹੋਏ ਹਨ। ਇਨ੍ਹਾਂ ਲੋਕਾਂ ਵਿੱਚੋਂ ਸਿੱਖ ਫਾਰ ਜਸਟਿਸ ਵਾਲੇ ਵੀ ਆਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਿੱਖ ਫਾਰ ਜਸਟਿਸ ਵਾਲੇ ਕਾਨੂੰਨ ਦੇ ਦਾਇਰੇ ਅੰਦਰ ਰਹਿ ਕੇ ਆਪਣੇ ਵਿਚਾਰਾਂ ਨੂੰ ਲੋਕਾਂ ਤੱਕ ਪਹੁੰਚਾਉਣਗੇ ਉਦੋਂ ਤੱਕ ਠੀਕ ਹੈ ਪਰ ਜੇਕਰ ਉਨ੍ਹਾਂ ਨੇ ਕਾਨੂੰਨ ਦੀ ਲਛਮਣ ਰੇਖਾ ਪਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਅਸੀਂ ਬਰਦਾਸਤ ਨਹੀਂ ਕਰਾਂਗੇ ਉਨ੍ਹਾਂ ਹਾਲਾਤਾਂ ਵਿੱਚ ਕਾਨੂੰਨ ਆਪਣਾ ਕੰਮ ਕਰੇਗਾ ਅਤੇ ਇਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਦੱਸ ਦਈਏ ਕਿ ਸਿੱਖ ਫਾਰ ਜਸਟਿਸ ਦੇ ਵਕੀਲ ਗੁਰਪਤਵੰਤ ਸਿੰਘ ਪੰਨੂ ਸਮੇਂ ਸਮੇ ‘ਤੇ ਸ਼ੋਸ਼ਲ ਮੀਡੀਆ ‘ਤੇ ਵੀਡੀਓ ਅਤੇ ਪੋਸਟਾਂ ਪਾ ਕੇ ਭਾਰਤੀ ਅਤੇ ਪੰਜਾਬ ਦੇ ਹਾਕਮਾਂ ਦੇ ਖਿਲਾਫ ਆਪਣੀ ਭੜਾਸ ਕੱਡਦੇ ਰਹਿੰਦੇ ਹਨ ਤੇ ਇੱਥੋਂ ਤੱਕ ਕਿ ਇਨ੍ਹਾਂ ਲੋਕਾਂ ਵੱਲੋਂ ਕਈ ਵਾਰ ਕੈਪਟਨ ਅਮਰਿੰਦਰ ਸਿੰਘ, ਨਰਿੰਦਰ ਮੋਦੀ ਅਤੇ ਪੰਜਾਬ ਦੇ ਸਾਬਕਾ ਡੀਜੀਪੀ ਸੁਰੇਸ਼ ਅਰੋੜਾ ਵਰਗੇ ਲੋਕਾਂ ਨੂੰ ਸ਼ਰੇਆਮ ਅੰਤਰ-ਰਾਸਟਰੀ ਅਦਾਲਤਾਂ ਵਿੱਚ ਨਤੀਜੇ ਭੁਗਤਨ ਦੀਆਂ ਧਮਕੀਆਂ ਦਿੱਤੀਆਂ ਹਨ। ਜਿਸ ਤੋਂ ਬਾਅਦ ਇੱਕ ਦੋ ਜਗ੍ਹਾ ‘ਤੇ ਪੁਲਿਸ ਨੇ ਪੰਜਾਬ ਵਿੱਚ ਕਈ ਅਜਿਹੇ ਲੋਕ ਵੀ ਫੜ੍ਹੇ ਸਨ ਜਿਨ੍ਹਾਂ ਬਾਰੇ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਇਹ ਲੋਕ ਪੰਜਾਬ ਵਿੱਚ ਮਰਦਮਸ਼ੁਮਾਰੀ 2020 ਵਾਲੀ ਮੁਹਿੰਮ ਸਬੰਧੀ ਪੋਸਟਰ ਅਤੇ ਬੈਨਰ ਲਗਾਉਣ ਦੀ ਕੋਸ਼ਿਸ਼ ਕਰ ਰਹੇ ਸਨ।
ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਸੁਨੇਹਾ ਪਾ ਕੇ ਇਸ ਸਭ ਦਾ ਖੰਡਨ ਵੀ ਕੀਤਾ ਸੀ। ਇਹ ਮੰਨਿਆ ਜਾਂਦਾ ਸੀ ਕਿ ਗੁਰਪਤਵੰਤ ਪੰਨੂ ਕਿਸੇ ਗੱਲੋਂ ਪੰਜਾਬ ਪੁਲਿਸ ਦੇ ਸਾਬਕਾ ਮੁਖੀ ਸੁਰੇਸ਼ ਅਰੋੜਾ ਅਤੇ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਸਨ ਤੇ ਨਵਾਂ ਡੀਜੀਪੀ ਲੱਗਣ ਤੋਂ ਬਾਅਦ ਸ਼ਾਇਦ ਇਹ ਸੀਨ ਕੁਝ ਬਦਲ ਜਾਵੇਗਾ।