ਅਜਮੇਰ : ਗੁਰਬਾਣੀ ਕਹਿੰਦੀ ਹੈ ਕਿ ਐਸੀ ਮਰਨੀ ਜੋ ਮਰੈ ਬਹੁਰਿ ਨ ਮਰਨਾ ਹੋਇ। ਯਾਨੀਕਿ ਜੋ ਮਨੁੱਖ ਅਜਿਹੀ ਮੌਤ ਮਰਦਾ ਹੈ, ਉਹ ਜਨਮ ਮਰਨ ਦੇ ਦੁਨਿਆਵੀ ਚੱਕਰਾਂ ਤੋਂ ਮੁਕਤ ਹੋ ਜਾਂਦਾ ਹੈ। ਕੁਝ ਇਹੋ ਜਿਹੀ ਹੀ ਘਟਨਾ ਇੱਥੋਂ ਦੇ ਇੱਕ ਮੰਦਰ ਦੇ ਬਾਹਰ ਕਈ ਸਾਲ ਤੱਕ ਭੀਖ ਮੰਗ ਮੰਗ ਕੇ ਪੈਸਾ ਇਕੱਠਾ ਕਰਨ ਵਾਲੀ ਇੱਕ ਭਿਖਾਰਨ ਨਾਲ ਵਾਪਰੀ ਜਿਸ ਨੇ ਸਾਰੀ ਉਮਰ ਭੀਖ ਮੰਗ ਮੰਗ ਕੇ ਲੱਗਭਗ 6 ਲੱਖ 60 ਹਜ਼ਾਰ ਰੁਪਏ ਜੋੜੇ ਤੇ ਉਸ ਦੇ ਮਰਨ ਤੋਂ ਬਾਅਦ ਭਿਖਾਰਨ ਦੀ ਆਖਰੀ ਇੱਛਾ ਮੁਤਾਬਿਕ ਉਨ੍ਹਾਂ ਪੈਸਿਆਂ ਦਾ ਡੀਮਾਂਡ ਡਰਾਫਟ ਬਣਾ ਕੇ ਪੁਲਵਾਮਾ ਹਮਲੇ ਦੇ ਸ਼ਹੀਦ ਪਰਿਵਾਰਾਂ ਨੂੰ ਸੌਂਪਣ ਲਈ ਜਿਲ੍ਹਾ ਮੈਜ਼ਿਸ਼ਟ੍ਰੇਟ ਦੇ ਹਵਾਲੇ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਬੀਤੇ ਵਰ੍ਹੇ ਜਦੋਂ ਇਸ ਭਿਖਾਰਨ ਦੀ ਮੌਤ ਹੋਈ ਸੀ ਤਾਂ ਇਸ ਨੇ ਆਖਰੀ ਇੱਛਾ ਜ਼ਾਹਰ ਕੀਤੀ ਸੀ ਕਿ ਉਸ ਦੇ ਪੈਸੇ ਨੂੰ ਨੇਕ ਕੰਮ ਲਈ ਵਰਤਿਆ ਜਾਵੇ।
ਮਿਲੀ ਜਾਣਕਾਰੀ ਅਨੁਸਾਰ ਨੰਦਨੀ ਸ਼ਰਮਾਂ ਨਾਮ ਦੀ ਇਹ ਭਿਖਾਰਨ ਰਾਜਸਥਾਨ ਦੇ ਅਜ਼ਮੇਰ ਸ਼ਹਿਰ ‘ਚ ਬਣੇ ਇੱਕ ਮੰਦਰ ਦੇ ਬਾਹਰ ਭੀਖ ਮੰਗਿਆ ਕਰਦੀ ਸੀ। ਬੀਤੇ ਵਰ੍ਹੇ ਜਦੋਂ ਨੰਦਨੀ ਸ਼ਰਮਾਂ ਨੂੰ ਇਹ ਜਾਪਣ ਲੱਗ ਪਿਆ ਕਿ ਹੁਣ ਉਸ ਦਾ ਆਖ਼ਰੀ ਸਮਾਂ ਨਜ਼ਦੀਕ ਆ ਗਿਆ ਹੈ ਤਾਂ ਉਸ ਨੇ ਆਪਣੀ ਸਾਰੀ ਉਮਰ ਦੀ ਕਮਾਈ 6 ਲੱਖ 60 ਹਜ਼ਾਰ ਰੁਪਏ ਉਸੇ ਮੰਦਰ ਦੇ ਟਰੱਸਟੀ ਦੇ ਹਵਾਲੇ ਕਰ ਦਿੱਤੀ ਜਿਸ ਦੇ ਬਾਹਰ ਉਹ ਭੀਖ ਮੰਗਦੀ ਰਹੀ ਸੀ। ਨੰਦਨੀ ਨੇ ਮਰਨ ਲੱਗਿਆਂ ਇਹ ਇੱਛਾ ਜ਼ਾਹਰ ਕੀਤੀ ਕਿ ਉਸ ਦੇ ਪੈਸੇ ਦੀ ਵਰਤੋਂ ਕਿਸੇ ਨੇਕ ਕੰਮ ਲਈ ਕੀਤੀ ਜਾਵੇ। ਇਸ ਬਾਰੇ ਜਾਣਕਾਰੀ ਦਿੰਦਿਆਂ ਮੰਦਰ ਦੇ ਇੱਕ ਟਰੱਸਟੀ ਸੰਦੀਪ ਗੌੜ ਨੇ ਦੱਸਿਆ ਕਿ ਨੰਦਨੀ ਨੇ ਆਪਣੀ ਇਹ ਕਮਾਈ ਬੈਂਕ ਵਿੱਚ ਜਮ੍ਹਾਂ ਕਰਵਾਈ ਸੀ ਤੇ ਹੁਣ ਉਨ੍ਹਾਂ ਪੈਸਿਆਂ ਨੂੰ ਪੁਲਵਾਮਾ ਵਿੱਚ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਗਿਆ ਹੈ।
ਇੱਥੇ ਦੱਸ ਦਈਏ ਕਿ ਬੀਤੀ 14 ਫਰਵਰੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾ ਜਿਲ੍ਹੇ ਵਿੱਚ ਹੋਏ ਆਤਮਘਾਤੀ ਹਮਲੇ ਦੌਰਾਨ ਸੀਆਰਪੀਐਫ ਦੇ 40 ਤੋਂ ਵੱਧ ਜਵਾਨ ਸ਼ਹੀਦ ਹੋ ਗਏ ਸਨ। ਜਿਨ੍ਹਾਂ ਲਈ ਹੁਣ ਤੱਕ ਕਈ ਕਲਾਕਾਰਾਂ, ਸਿਆਸਤਦਾਨਾਂ, ਕੇਂਦਰ ਅਤੇ ਸੂਬਾ ਸਰਕਾਰਾਂ ਨੇ ਹੀ ਸਹਾਇਤਾ ਐਲਾਨੀ ਸੀ, ਪਰ ਕਿਸੇ ਭਿਖਾਰੀ ਦੀ ਸਾਰੀ ਜਮ੍ਹਾਂ ਪੂੰਜੀ ਸ਼ਹੀਦ ਪਰਿਵਾਰਾਂ ਨੂੰ ਦਿੱਤੇ ਜਾਣ ਦਾ ਇਹ ਆਪਣੇ ਆਪ ਵਿੱਚ ਨਿਵੇਕਲਾ ਮਾਮਲਾ ਹੈ।
- Advertisement -