ਸਰਕਾਰ ਦੀ ਕਰਜ਼ਾ ਮਾਫ਼ੀ ਯੋਜਨਾ ਦੀ ਜਾਖੜ ਨੇ ਆਪ ਖੋਲ੍ਹਤੀ ਪੋਲ, ਕਿਹਾ ਨਾ ਬੇਅਦਬੀ ਦੇ ਕਸੂਰਵਾਰ ਫੜੇ ਗਏ ਨਾ ਨਸ਼ਿਆਂ ‘ਤੇ ਸਹੀ ਕਾਰਵਾਈ ਹੋਈ ?

Prabhjot Kaur
4 Min Read

ਨਵੀਂ ਦਿੱਲੀ : ਲੋਕ ਸਭਾ ਚੋਣਾਂ ਨੂੰ ਹੁਣ ਜਿਸ ਵੇਲੇ ਕੁਝ ਕੁ ਦਿਨ ਹੀ ਬਚੇ ਨੇ ਓਦੋਂ ਸੱਤਾਧਾਰੀ ਕਾਂਗਰਸ ਪਾਰਟੀ ਵਿੱਚ ਕਦੇ ਉਸਦੇ ਵਿਧਾਇਕ ਸਟੇਜਾਂ ਤੋਂ ਅਜਿਹਾ ਕੁਝ ਬੋਲਣ ਲੱਗ ਪੈਂਦੇ ਹਨ ਕਿ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਜਾਂਦੀ ਹੈ ਤੇ ਕਦੇ ਉਸਦੇ ਆਪਣੇ ਮੰਤਰੀ ਹੀ, ਕੌਣ ਕੈਪਟਨ ? ਕਿਸਦਾ ਕੈਪਟਨ ? ਕਰਨ ਲੱਗ ਪੈਂਦੇ ਹਨ। ਮੰਤਰੀਆਂ ਵਿਧਾਇਕਾਂ ਚੋਂ ਤਾਂ ਕਿਸੇ ਨੂੰ ਮੁਅੱਤਲ, ਤੇ ਕਿਸੇ ਤੋਂ ਬਿਆਨ ਵਾਪਸ ਦਵਾ ਕੇ ਮਾਮਲੇ ਸ਼ਾਂਤ ਕਰ ਲਏ ਗਏ, ਪਰ ਹੁਣ ਪੰਜਾਬ ਕਾਂਗਰਸ ਪ੍ਰਧਾਨ  ਨੇ ਹੁਣ ਜੋ ਕੁਝ ਕੀਤਾ ਹੈ ਉਸ ਨਾਲ ਸੂਬਾ ਸਰਕਾਰ ਨੂੰ ਲੋਕਾਂ ਸਾਹਮਣੇ ਵਧੇਰੇ ਜਵਾਬਦੇਹ ਹੋਣਾ ਪੈਣਾ ਹੈ। ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਸੁਨੀਲ ਜਾਖੜ ਦੀ ਜੋ ਕਿ ਆਉਂਦੀਆਂ ਚੋਣਾਂ ਦੀ ਰਣਨੀਤੀ ਤਿਆਰ ਕਰਨ ਲਈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨਾਲ ਜਦੋਂ ਮੁੱਖ ਮੰਤਰੀ ਸਮੇਤ ਮੀਟਿੰਗ ਕਰਨ ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਕੁੱਲ ਹਿੰਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਕੋਲ ਸੂਬਾ ਸਰਕਾਰ ਦੀਆਂ ਕਾਰਗੁਜ਼ਾਰੀਆਂ ਵਾਲੀ ਉਹ ਹਰ ਕਮੀ ਉਜਾਗਰ ਕਰ ਦਿੱਤੀ ਜਿਸ ਕਾਰਨ ਲੋਕ ਸਭਾ ਚੋਣਾਂ ਦੌਰਾਨ ਪਾਰਟੀ ਆਗੂਆਂ ਨੂੰ ਲੋਕਾਂ ਦੇ ਸਵਾਲਾਂ ਵਾਲੇ ਜਵਾਬ ਦੇਣੇ ਔਖੇ ਹੋਣਗੇ। ਜਾਖੜ ਅਨੁਸਾਰ ਨਾ ਤਾਂ ਸੂਬੇ ਦਾ ਕਿਸਾਨ ਸਰਕਾਰ ਤੋਂ ਖੁਸ਼ ਹੈ ਨਾਂ ਨਸ਼ਿਆਂ ਖਿਲਾਫ ਚਲਾਈ ਮੁਹਿੰਮ ਪੂਰੀ ਤਰ੍ਹਾਂ ਕਾਮਯਾਬ ਹੈ ਤੇ ਨਾਂ ਹੀ ਬੇਅਦਬੀ ਕਾਂਡ ਦੇ ਦੋਸ਼ੀਆਂ ਖਿਲਾਫ ਪੂਰੀ ਕਾਰਵਾਈ ਹੋਈ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਤਾਂ ਆਪਣੀ ਸਰਕਾਰ ਦੀਆਂ ਇੱਥੇ ਕੁਝ ਪ੍ਰਾਪਤੀਆਂ ਗਿਣਾਉਣ ਦੇ ਨਾਲ ਨਾਲ ਆਉਂਦੀਆਂ ਚੋਣਾ ਦੌਰਾਨ 13 ਦੀਆਂ 13 ਜਿੱਤਣ ਦਾ ਦਾਅਵਾ ਕਰਕੇ ਉੱਥੋਂ ਜਲਦੀ ਹੀ ਚਲੇ ਗਏ। ਕਾਂਗਰਸ ਹਾਈ ਕਮਾਂਡ ਸੁਨੀਲ ਜਾਖੜ ਤੋਂ ਸੂਬਾ ਸਰਕਾਰ ਦੀ ਸਾਰੀ ਰਿਪੋਰਟ ਲੈਣਾ ਚਾਹੁੰਦੇ ਸੀ। ਲਿਹਾਜ਼ਾ ਉਨ੍ਹਾਂ ਦੇ ਸਵਾਲਾਂ ਵਾਲੇ ਜਵਾਬ ਦਿੰਦਿਆਂ ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਕਿਸਾਨਾਂ ਦੇ ਕਰਜ਼ੇ ਮਾਫ ਤਾਂ ਕਰ ਰਹੀ ਹੈ, ਪਰ ਕਿਸਾਨ ਇਸ ਤੋਂ ਪੂਰੀ ਤਰ੍ਹਾਂ ਖੁਸ਼ ਨਹੀਂ ਹਨ। ਇਸ ਦਾ ਕਾਰਨ ਦੱਸਦਿਆਂ ਜਾਖੜ ਨੇ ਕਿਹਾ ਕਿ ਇਹ ਕਰਜ਼ਾ ਮਾਫੀ ਯੋਜਨਾ ਹੋਣੀ ਤਾਂ ਸਿਆਸੀ ਚਾਹੀਦੀ ਸੀ ਪਰ ਇਹ ਸਿਰਫ ਪ੍ਰਸ਼ਾਸ਼ਨਿਕ ਬਣ ਕੇ ਰਹਿ ਗਈ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਮੁਹਿੰਮੇ ਦੀ ਰਿਪੋਰਟ ਦਿੰਦਿਆਂ ਜਾਖੜ ਨੇ ਕਿਹਾ ਕਿ ਸੂਬਾ ਵਾਸੀ ਇਹ ਚਾਹੁੰਦੇ ਹਨ ਕਿ ਸਰਕਾਰ ਨਸ਼ਿਆਂ ਦੇ ਵੱਡੇ ਸੁਦਾਗਰਾਂ ਦੇ ਖਿਲਾਫ ਕਾਰਵਾਈ ਕਰੇ ਪਰ ਉਨ੍ਹਾਂ ਅਫਸੋਸ ਜ਼ਾਹਿਰ ਕੀਤਾ ਕਿ ਇਸ ਮਾਮਲੇ ਵਿੱਚ ਵੀ ਹੋਰ ਬਹੁਤ ਕੁਝ ਕਰਨਾ ਅਜੇ ਬਾਕੀ ਹੈ।

ਸਾਲ 2015 ਦੌਰਾਨ ਵਾਪਰੀਆਂ ਬੇਅਦਬੀ ਕਾਂਡ ਦੀਆਂ ਘਟਨਾਵਾਂ ਸਬੰਧੀ ਹਾਈ ਕਮਾਨ ਨੂੰ ਜਾਣਕਾਰੀ ਦਿੰਦਿਆਂ ਜਾਖੜ ਨੇ ਕਿਹਾ ਕਿ ਲੋਕ ਇੰਨ੍ਹਾਂ ਮਾਮਲਿਆਂ ਦੇ ਦੋਸ਼ੀਆਂ ਨੂੰ ਵੀ ਸਜ਼ਾਵਾਂ ਮਿਲਦੀਆਂ ਦੇਖਣਾ ਚਾਹੁੰਦੇ ਹਨ ਪਰ ਇਸ ਮਾਮਲੇ ਵਿੱਚ ਉਹ ਅਜੇ ਵੀ ਵੱਡੀ ਕਾਰਵਾਈ ਕੀਤੇ ਜਾਣ ਦੀ ਉਡੀਕ ਵਿੱਚ ਹਨ।

ਸੁਨੀਲ ਜਾਖੜ ਨੇ ਇਹ ਸਾਰੀਆਂ ਗੱਲਾਂ ਭਾਵੇਂ ਰਾਹੁਲ ਗਾਂਧੀ ਨਾਲ ਖਾਸ ਮੁਲਾਕਾਤ ਦੌਰਾਨ ਹੀ ਆਖੀਆਂ ਹੋਣ ਪਰ ਇਨ੍ਹਾਂ ਦਾ ਵੇਰਵਾ ਮੀਡੀਆ ਵਿੱਚ ਆ ਜਾਣ ਤੋਂ ਬਾਅਦ ਵਿਰੋਧੀਆਂ ਨੂੰ ਸਰਕਾਰ ਖਿਲਾਫ ਬੈਠੇ ਬਿਠਾਏ ਕਈ ਮੁੱਦੇ ਮਿਲ ਗਏ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਵਿੱਚ ਸਰਕਾਰ ਆਪ ਸਫਾਈ ਦਿੰਦੀ ਹੈ, ਮੀਡੀਆ ਰਿਪੋਰਟਾਂ ਨੂੰ ਝੁਠਲਾਇਆ ਜਾਂਦਾ ਹੈ, ਜਾਂ ਫਿਰ ਸੁਨੀਲ ਜਾਖੜ ਆਪਣੇ ਸਟੈਂਡ ‘ਤੇ ਕਾਇਮ ਰਹਿ ਕੇ, ਆਪਣੇ ਵੱਲੋਂ ਹਾਈ ਕਮਾਨ ਅੱਗੇ ਚੁੱਕੇ ਗਏ ਮੁੱਦਿਆਂ ਪ੍ਰਤੀ ਵਾਕਿਆ ਹੀ ਸੰਜੀਦਾ ਰੁੱਖ ਅਪਣਾਉਂਦੇ ਹਨ। ਕੁਝ ਵੀ ਹੋਵੇ ਮੁੱਦੇ ਗੰਭੀਰ ਹਨ ਤੇ ਲੋਕ ਚਾਹੁੰਦੇ ਹਨ ਕਿ ਭਾਵੇਂ ਚੋਣਾਂ ਨੇੜੇ ਹੀ ਸਹੀ ਇਨ੍ਹਾਂ ਦਾ ਹੱਲ ਨਿੱਕਲੇ ਤਾਂ ਕਿ ਪੀੜ੍ਹਤ ਲੋਕਾਂ ਨੂੰ ਸੁਖ ਦਾ ਸਾਂਹ ਆ ਸਕੇ।

 

Share This Article
Leave a Comment