ਸਕੂਲ ‘ਚੋ ਬੱਚਾ ਚੁੱਕਣ ਆਏ ਪੁਲਸੀਏ ਨੂੰ ਨਰਸਰੀ ਦੇ ਬੱਚਿਆਂ ਨੇ ਰੌਲਾ ਪਾ-ਪਾ ਭਜਾਇਆ, ਪੁਲਿਸ ਦੀ ਗੁੰਡਾਗਰਦੀ ਫੇਲ੍ਹ

Prabhjot Kaur
6 Min Read

ਅਟਾਰੀ : ਪੰਜਾਬ ਵਿੱਚ ਖਾੜਕੂਵਾਦ ਸਮੇਂ ਅਕਸਰ ਸੁਣਨ ਨੂੰ ਮਿਲਦਾ ਸੀ ਕਿ ਪੁਲਿਸ ਨੇ ਕਿਸੇ ਘਰ ‘ਤੇ ਛਾਪਾ ਮਾਰਿਆ ਤੇ ਜਦੋਂ ਉਨ੍ਹਾਂ ਨੂੰ ਲੋੜੀਂਦਾ ਮੁਲਜ਼ਮ ਨਹੀਂ ਮਿਲਿਆ ਤਾਂ ਉਹ ਪਰਿਵਾਰ ਦੀਆਂ ਜਨਾਨੀਆਂ, ਬੱਚੇ ‘ਤੇ ਬਜ਼ੁਰਗ ਫੜ ਕੇ ਥਾਣੇ ਲੈ ਗਏ। ਪਰ ਉਸ ਕਾਲੇ ਦੌਰ ਤੋਂ ਬਾਅਦ ਜਿਉਂ-ਜਿਉਂ ਪੁਲਿਸ ਵੱਲੋਂ ਦਰਜ਼ ਕੀਤੇ ਗਏ ਝੂਠੇ ਮਾਮਲਿਆਂ ਵਿੱਚ ਅਦਾਲਤਾਂ ਨੇ ਪੁਲਿਸ ਅਧਿਕਾਰੀਆਂ ਅਤੇ ਮੁਲਜ਼ਮਾਂ ਨੂੰ ਜੇਲ੍ਹਾਂ ‘ਚ ਤੁੰਨ੍ਹ ਦਿੱਤਾ ਤਾਂ ਅਜਿਹੇ ਮਾਮਲਿਆਂ ‘ਤੇ ਠੱਲ ਪੈ ਗਈ। ਇਸ ਦੇ ਬਾਵਜੂਦ ਵੀ ਕਹਿੰਦੇ ਨੇ ਪੁਲਿਸ ਤਾਂ ਪੁਲਿਸ ਹੀ ਹੁੰਦੀ ਹੈ ਤੇ ਅਜਿਹਾ ਧੱਕਾ ਕਰਨ ਵਾਲੇ ਆਪਣੀ ਫਿਤਰਤ ਕਦੇ ਵੀ ਨਹੀਂ ਛੱਡਦੇ। ਸੋ ਕਦੇ ਕਦੇ ਅਜਿਹੇ ਮਾਮਲੇ ਹੁਣ ਵੀ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹਾ ਹੀ ਇੱਕ ਮਾਮਲਾ ਤਰਨ ਤਾਰਨ ਜਿਲ੍ਹੇ ਦੀ ਸੀਆਈਏ ਸਟਾਫ ਦੇ ਇੱਕ ਥਾਣੇਦਾਰ ‘ਤੇ ਲੱਗੇ ਇਲਜ਼ਾਮਾਂ ਦੇ ਰੂਪ ਵਿੱਚ ਸਾਹਮਣੇ ਆਇਆ ਹੈ, ਜਿਸ ਨੂੰ ਜਦੋਂ ਕਿਸੇ ਮਾਮਲੇ ‘ਚ ਲੋੜੀਂਦਾ ਮੁਲਜ਼ਮ ਛਾਪਾਮਾਰੀ ਦੌਰਾਨ ਨਹੀਂ ਮਿਲਿਆ ਤਾਂ ਉਸ ਨੇ ਮੁਲਜ਼ਮ ਦੇ 7 ਸਾਲਾ ਪੁੱਤਰ ਨੂੰ ਹੀ ਸਕੂਲ ਵਿੱਚੋਂ ਚੁੱਕ ਕੇ ਸੀਆਈਏ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸਕੂਲ ਵੈਨ ਦਾ ਡਰਾਈਵਰ ਥਾਣੇਦਾਰ ਨਾਲ ਉਲਝ ਗਿਆ ਤੇ ਉਸ ਨੇ ਬੱਚਾ ਚੁੱਕ ਕੇ ਲਿਜਾਣ ਦੀ ਕੋਸ਼ਿਸ਼ ਤਾਂ ਨਕਾਮ ਕਰ ਦਿੱਤੀ, ਪਰ ਬਾਅਦ ਵਿੱਚ ਉਸ ਡਰਾਈਵਰ ਨੂੰ ਥਾਣੇਦਾਰ ਦੇ ਕਹਿਰ ਦਾ ਸ਼ਿਕਾਰ ਬਣਨਾ ਪਿਆ।  ਪੁਲਿਸ ਦੀ ਇਸ ਗੁੰਡਾਗਰਦੀ ਦੇ ਵਿਰੋਧ ਵਿੱਚ ਇਲਾਕੇ ਦੀਆਂ ਕਿਸਾਨ ਜਥੇਬੰਦੀਆਂ ਸਮੇਤ ਹੋਰ ਲੋਕ ਸਕੂਲ ਵੈਨ ਡਰਾਈਵਰ ਦੇ ਹੱਕ ਵਿੱਚ ਆਣ ਖਲੋਤੇ ਹਨ ਤੇ ਇਨ੍ਹਾਂ ਲੋਕਾਂ ਨੇ ਤਾੜਨਾਂ ਕੀਤੀ ਹੈ ਕਿ ਜੇਕਰ 19 ਮਾਰਚ ਤੱਕ ਕਸੂਰਵਾਰ ਸਮਝੇ ਜਾਂਦੇ ਥਾਣੇਦਾਰ ਨੂੰ ਨਾ ਫੜਿਆ ਗਿਆ ਤਾਂ ਉਹ ਲੋਕ ਧਰਨੇ ਮੁਜ਼ਾਹਰੇ ਤੇ ਪਿੱਟ ਸਿਆਪਿਆਂ ਤੱਕ ਆ ਪਹੁੰਚਣਗੇ।

ਪ੍ਰਾਪਤ ਜਾਣਕਾਰੀ ਅਨੁਸਾਰ ਅਟਾਰੀ ਦੇ ਇੱਕ ਨਾਮਵਰ ਨਿੱਜੀ ਸਕੂਲ ਵਿੱਚ ਵਾਪਰੀ ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ, ਜਿਸ ਬਾਰੇ ਸਕੂਲ ਅਧਿਕਾਰੀਆਂ ਅਤੇ ਵੈਨ ਡਰਾਈਵਰ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਤੇ ਦਿਨ ਬਾਅਦ ਦੁਪਿਹਰ ਸਾਦੀ ਵਰਦੀ ਧਾਰੀ ਇੱਕ ਵਿਅਕਤੀ ਇੱਕ ਔਰਤ ਨਾਲ ਸਕੂਲ ਦੇ ਗਰਾਉਂਡ ਵਿੱਚ ਆਇਆ ਤੇ ਕਹਿਣ ਲੱਗਾ ਕਿ ਉਹ ਸੀਆਈਏ ਸਟਾਫ ਦਾ ਥਾਣੇਦਾਰ ਅਨੋਖ ਸਿੰਘ ਹੈ, ਤੇ ਮਲਕੀਤ ਸਿੰਘ ਵਾਸੀ ਰਾਜਾਤਾਲ ਦਾ ਜਿਹੜਾ ਬੱਚਾ ਤੁਹਾਡੀ ਵੈਨ ਵਿੱਚ ਜਾਂਦਾ ਹੈ ਉਸ ਨੂੰ ਮੇਰੇ ਹਵਾਲੇ ਕਰ ਦਿਓ। ਜਿਸ ‘ਤੇ ਰਣਜੀਤ ਸਿੰਘ ਅਨੁਸਾਰ ਉਸ ਨੇ ਆਪਣੇ ਆਪ ਨੂੰ ਥਾਣੇਦਾਰ ਦੱਸ ਰਹੇ ਬੰਦੇ ਨੂੰ ਇਹ ਕਹਿੰਦਿਆਂ ਬੱਚਾ ਦੇਣ ਤੋਂ ਇਨਕਾਰ ਕਰ ਦਿੱਤਾ ਅਸੀ ਤੁਹਾਨੂੰ ਨਹੀਂ ਜਾਣਦੇ, ਇਸ ਲਈ ਤੁਹਾਨੂੰ ਬੱਚਾ ਨਹੀਂ ਦਿੱਤਾ ਜਾ ਸਕਦਾ। ਇਸ ਦੌਰਾਨ ਉਹ ਵਿਅਕਤੀ ਜਬਰਦਸਤੀ ਬੱਚੇ ਨੂੰ ਫੜ ਕੇ ਖਿੱਚਣ ਲੱਗਾ ਤੇ ਇਹ ਦੇਖ ਕੇ ਬਾਕੀ ਦੇ ਬੱਚੇ ਡਰ ਕੇ ਉੱਚੀ ਉੱਚੀ ਰੋਣ ਲੱਗ ਪਏ। ਇਸ ਦੌਰਾਨ ਰੌਲਾ ਪੈ ਗਿਆ ਤੇ ਸਕੂਲ ਪ੍ਰਿਸੀਪਲ ਤੋਂ ਇਲਾਵਾ ਹੋਰ ਸਟਾਫ ਵੀ ਉੱਥੇ ਇਕੱਠਾ ਹੋ ਗਿਆ ਜਿਨ੍ਹਾਂ ਨੇ ਬੱਚੇ ਦੇ ਘਰ ਫੋਨ ਕਰਕੇ ਬੱਚਾ ਲਿਜਾਣ ਲਈ ਕਿਹਾ। ਰਣਜੀਤ ਸਿੰਘ ਅਨੁਸਾਰ ਉਸ ਨੇ ਆਪਣਾ ਫਰਜ਼ ਨਿਭਾਉਂਦਿਆਂ ਬੱਚੇ ਨੂੰ ਦੂਜੀ ਬੱਸ ‘ਚ ਬਿਠਾ ਕੇ ਘਰ ਭੇਜ ਦਿੱਤਾ, ਤੇ ਇਸ ਗੱਲ ਤੋਂ ਥਾਣੇਦਾਰ ਦੱਸੇ ਜਾ ਰਹੇ ਬੰਦੇ ਨੂੰ ਰਣਜੀਤ ਸਿੰਘ ਵਿਰੁੱਧ ਗੁੱਸਾ ਦਵਾ ਗਈ ਤੇ ਉਸ ਨੇ ਰਣਜੀਤ ਸਿੰਘ ਨੂੰ ਪਹਿਲਾਂ ਉੱਥੇ ਹੀ ਢਾਹ ਕੇ ਕੁੱਟਿਆ ਤੇ ਇਲਜ਼ਾਮਾ ਅਨੁਸਾਰ ਫਿਰ ਉਸ ਨੂੰ ਆਪਣੀ ਕਾਰ ‘ਚ ਸੁੱਟ ਕੇ ਉਜਾੜ ਥਾਂ ‘ਤੇ ਲੈ ਗਿਆ ਜਿੱਥੇ ਲਿਜਾ ਕੇ
ਉਸ ਕੇਵਲ ਸਿੰਘ ਨਾਂ ਦੇ ਕਥਿਤ ਥਾਣੇਦਾਰ ਨੇ ਰਣਜੀਤ ਸਿੰਘ ਦੀ ਦਸਤਾਰ ਉਤਾਰ ਲਈ ਤੇ ਇੱਕ ਵਾਰ ਫਿਰ ਉਸ ਦੀ ਕੁੱਟ ਮਾਰ ਕੀਤੀ ਤੇ ਨਤੀਜੇ ਭੁਗਤਨ ਦੀ ਧਮਕੀ ਦੇ ਕੇ ਲੰਮਾ ਸਮਾਂ ਰਣਜੀਤ ਸਿੰਘ ਨੂੰ ਆਪਣੀ ਨਜਾਇਜ਼ ਹਿਰਾਸਤ ਵਿੱਚ ਰੱਖਿਆ। ਰਣਜੀਤ ਸਿੰਘ ਦਾ ਦੋਸ਼ ਹੈ ਕਿ ਉਹ ਕਥਿਤ ਥਾਣੇਦਾਰ ਉਸ ਨੂੰ ਮਲਕੀਤ ਸਿੰਘ ਦੇ ਘਰ  ਲਿਜਾਣ ਲਈ ਦਬਾਅ ਪਾ ਰਿਹਾ ਸੀ, ਤੇ ਜਦੋਂ ਉਸ ਨੇ ਮਲਕੀਤ ਸਿੰਘ ਦਾ ਘਰ ਦੱਸ  ਦਿੱਤਾ ਤੇ ਉੱਥੇ ਲੋਕਾਂ ਦਾ ਇਕੱਠ ਹੋ ਗਿਆ ਤਾਂ ਉਹ ਥਾਣੇਦਾਰ ਉਸ ਨੂੰ ਉੱਥੇ ਹੀ ਛੱਡ ਕੇ ਕਾਰ ਭਜਾ ਕੇ ਫਰਾਰ ਹੋ ਗਿਆ।

ਰਣਜੀਤ ਸਿੰਘ ਦੇ ਨਾਲ ਹੀ ਮੌਜੂਦ ਬੱਚਿਆਂ ਦੇ ਮਾਪੇ ਰੇਸ਼ਮ ਸਿੰਘ, ਬਲਜਿੰਦਰ ਸਿੰਘ ਤੇ ਇਸ ਘਟਨਾ ਦੇ ਚਸ਼ਮਦੀਦ ਗਵਾਹਾਂ ਰਜਿੰਦਰ ਸਿੰਘ, ਪ੍ਰਗਟ ਸਿੰਘ ਤੇ ਮਲਕੀਤ ਨੇ ਦੱਸਿਆ ਕਿ ਜੋ ਕੰਮ ਉਸ ਕਥਿਤ ਥਾਣੇਦਾਰ ਨੇ ਕੀਤਾ ਹੈ ਉਸ ਨਾਲ ਸਕੂਲ ‘ਚ ਮੌਜੂਦ ਬਾਕੀ ਬੱਚੇ ਬੇਹੱਦ ਡਰ ਗਏ ਹਨ ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਇਹ ਬੱਚੇ ਸਕੂਲ ਆਉਣੋਂ ਵੀ ਕਤਰਾ ਰਹੇ ਹਨ। ਇਨ੍ਹਾਂ ਸਾਰਿਆਂ ਨੇ ਇਲਾਕੇ ਦੇ ਥਾਣਾ ਘਰਿੰਡਾ ਵਿਖੇ ਸੂਚਨਾ ਦੇ ਦਿੱਤੀ ਹੈ, ਪਰ ਖ਼ਬਰ ਲਿਖੇ ਜਾਣ ਤੱਕ ਅਜੇ ਕੋਈ ਕਾਰਵਾਈ ਅਮਲ ‘ਚ ਨਹੀਂ ਲਿਆਂਦੀ ਜਾ ਸਕੀ ਸੀ। ਇਸ ਘਟਨਾ ਤੋਂ ਪੀੜਤ ਵੈਨ ਡਰਾਈਵਰ ਰਣਜੀਤ ਸਿੰਘ ਦੀ ਹਿਮਾਹਿਤ ਵਿੱਚ ਕਿਸਾਨ ਜਥੇਬੰਦੀ ਦੇ ਆਗੂ ਗੁਰਵਿੰਦਰ ਸਿੰਘ ਭਰੋਬਾਲ ਅਤੇ ਹੋਰ ਲੋਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਆਉਂਦੀ 19 ਮਾਰਚ ਤੱਕ ਇਸ ਘਟਨਾ ਲਈ ਕਸੂਰਵਾਰ ਮੰਨਿਆ ਜਾ ਰਿਹਾ ਥਾਣੇਦਾਰ ਨਾ ਫੜਿਆ ਗਿਆ ਤਾ ਇਲਾਕੇ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਸਹਿਯੋਗ ਨਾਲ ਧਰਨੇ, ਮੁਜ਼ਹਰੇ ਅਤੇ ਪਿੱਟ ਸਿਆਪੇ ਕੀਤੇ ਜਾਣਗੇ।

ਇੱਧਰ ਦੂਜੇ ਪਾਸੇ ਇਸ ਘਟਨਾ ਦੀ ਜਾਂਚ ਕਰ ਰਹੇ ਕਾਹਨਗੜ੍ਹ ਚੌਂਕੀ ਇੰਚਾਰਜ ਸਬ ਇੰਸਪੈਕਟਰ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਜਾਂਚ ਜਾਰੀ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਦੇ ਖਿਲਾਫ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।

 

Share This Article
Leave a Comment