ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਹੁਣ ਇਸ ਉਮਰ ਵਿੱਚ ਬੇਰੁਜ਼ਗਾਰ ਨਾ ਕਰੇ ਚੰਨੀ ਸਰਕਾਰ – ਮਨੀਸ਼ ਸਿਸੋਦਿਆ

TeamGlobalPunjab
5 Min Read

ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਆਗੂ, ਦਿੱਲੀ ਦੇ ਸਿੱਖਿਆ ਮੰਤਰੀ ਅਤੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੇ ਕਾਂਗਰਸ ਦੇ ਚਰਨਜੀਤ ਸਿੰਘ ਚੰਨੀ ਸਰਕਾਰ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਉੱਚ ਸਿੱਖਿਆ ਵਿਵਸਥਾ ਨੂੰ ਸਾਲਾਂ ਤੋਂ ਸੰਭਾਲ ਰਹੇ ਕਰੀਬ ਇੱਕ ਹਜ਼ਾਰ ਗੈੱਸਟ-ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਬੇਰੁਜ਼ਗਾਰ ਨਾ ਕੀਤੇ ਜਾਣ ਦੀ ਅਪੀਲ ਕੀਤੀ ਹੈ। ਸਿਸੋਦਿਆ ਨੇ ਕਿਹਾ ਕਿ ਸਾਲ 2002 ਤੋਂ ਜਿਨਾਂ ਸਹਾਇਕ ਪ੍ਰੋਫੈਸਰਾਂ ਨੇ ਰੈਗੂਲਰ ਅਤੇ ਪਾਰਟ ਟਾਈਮ ਪ੍ਰੋਫੈਸਰਾਂ ਦੀ ਤਰਾਂ ਮਿਹਨਤ ਨਾਲ ਸਿੱਖਿਆ ਵਿਵਸਥਾ ਦੀ ਮਜ਼ਬੂਤੀ ਲਈ ਨਿਗੂਣੇ ਤਨਖ਼ਾਹ ਉੱਤੇ ਕੰਮ ਕੀਤਾ, ਚੰਨੀ ਸਰਕਾਰ ਉਨਾਂ ਨਾਲ ਵਿਸ਼ਵਾਸਘਾਤ ਕਰਕੇ ਹੁਣ ਉਨਾਂ ਨੂੰ ਘਰ ਬਿਠਾਉਣ ਉੱਤੇ ਤੁਲੀ ਹੋਈ ਹੈ,  ਜਿਨਾਂ ਵਿਚੋਂ ਕਈਆਂ ਦੀ ਨੌਕਰੀ ਲਈ ਨਿਰਧਾਰਿਤ ਉਮਰ ਸੀਮਾ ਵੀ ਲੰਘ ਚੁੱਕੀ ਹੈ।

ਮਨੀਸ਼ ਸਿਸੋਦਿਆ ਨੇ ਆਪਣੇ ਪੰਜਾਬ ਦੌਰੇ ਦੇ ਦੌਰਾਨ ਪੰਜਾਬ ਦੇ ਗੈੱਸਟ ਫੈਕਲਟੀ ਪ੍ਰੋਫੈਸਰਾਂ ਨਾਲ ਮੁਲਾਕਾਤ ਕੀਤੀ ਅਤੇ ਉਨਾਂ ਦੇ ਪ੍ਰਤੀ ਕਾਂਗਰਸ ਸਰਕਾਰ ਦੇ ਰਵੱਇਏ ਨੂੰ ਅਣਮਨੁੱਖੀ ਅਤੇ ਬੇਇਨਸਾਫ਼ੀ ਦਾ ਅੰਤ ਕਰਾਰ ਦਿੱਤਾ ਹੈ ।

ਪੰਜਾਬ ਦੇ ਸਿੱਖਿਆ ਵਿਭਾਗ ਉੱਤੇ ਮੰਡਰਾਏ ਸੰਕਟ ਉੱਤੇ ਮਨੀਸ਼ ਸਿਸੋਦਿਆ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਘਰ-ਘਰ ਰੋਜ਼ਗਾਰ ਦੇ ਵਾਅਦੇ ਉੱਤੇ ਸਵਾਲ ਖੜੇ ਕੀਤੇ। ਉਨਾਂ ਨੇ ਕਿਹਾ ਕਿ ਇਹ ਵਾਅਦਾ ਉਦੋਂ ਪੂਰਾ ਹੋਵੇਗਾ, ਜਦੋਂ ਪੰਜਾਬ ਦੀ ਚੰਨੀ ਸਰਕਾਰ ਪਹਿਲ ਦੇ ਆਧਾਰ ਉੱਤੇ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ ਸੇਵਾਵਾਂ ਦੇ ਰਹੇ 906 ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਬਿਨਾਂ ਕਿਸੇ ਟੈੱਸਟ-ਸ਼ਰਤ ‘ਡਾਇੰਗ ਕੇਡਰ’  ਦੇ ਆਧਾਰ ਉੱਤੇ ਵਨ-ਟਾਈਮ ਸੈਟਲਮੈਂਟ ਕਰਕੇ ਸੇਵਾਮੁਕਤੀ ਤੱਕ ਉਨਾਂ ਦੀ ਨੌਕਰੀਆਂ ਪੱਕੀ ਕਰੇ। ਸਿਸੋਦਿਆ ਨੇ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਕਾਂਗਰਸ ਦੀ ਕੈਪਟਨ ਸਰਕਾਰ ਅਤੇ ਹੁਣ ਚੰਨੀ ਸਰਕਾਰ ਨੇ ਕਰੀਬ 15 ਸਾਲ ਤੱਕ ਸੱਤਾ ਵਿੱਚ ਰਹਿਣ ਦੇ ਬਾਵਜੂਦ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਕੋਈ ਸੁੱਧ ਨਹੀਂ ਲਈ। ਮਨੀਸ਼ ਸਿਸੋਦਿਆ ਨੇ ਕਿਹਾ ਕਿ ਕਾਂਗਰਸ ਸਰਕਾਰ 15-20 ਸਾਲਾਂ ਤੋਂ ਅਸਥਾਈ ਰੂਪ ਵਿਚ ਸੇਵਾਵਾਂ ਦੇ ਰਹੇ ਸੈਂਕੜਿਆਂ-ਹਜ਼ਾਰਾਂ ਲੋਕਾਂ ਦਾ ਨਾ-ਮਾਤਰ (ਖਾਨਾਪੂਰਤੀ) ਦਾ ਰੋਜ਼ਗਾਰ ਵੀ ਖੋਹ ਰਹੀ ਹੈ । ਸਰਕਾਰੀ ਕਾਲਜਾਂ ਵਿੱਚ ਬਤੌਰ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਇਸ ਦੀ ਤਾਜ਼ਾ ਮਿਸਾਲ ਹਨ ।

ਸਿਸੋਦਿਆ ਨੇ ਕਿਹਾ ਕਿ ਜੇਕਰ ਚੰਨੀ ਸਰਕਾਰ ਸਹਾਇਕ ਪ੍ਰੋਫੈਸਰਾਂ ਨੂੰ ਰਾਹਤ ਪ੍ਰਦਾਨ ਨਹੀਂ ਕਰਦੀ ਤਾਂ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਨ ਉੱਤੇ ਸਾਰੇ ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਦੀ ਨੌਕਰੀ ਪਹਿਲ ਦੇ ਆਧਾਰ ਉੱਤੇ ਸੁਰੱਖਿਅਤ ਕੀਤੀ ਜਾਵੇਗੀ ।

- Advertisement -

ਇਸ ਤੋਂ ਪਹਿਲਾਂ ਗਵਰਨਮੈਂਟ ਕਾਲਜ ਗੈੱਸਟ ਫੈਕਲਟੀ ਅਸਿਸਟੈਂਟ ਪ੍ਰੋਫੈਸਰ ਐਸੋਸੀਏਸ਼ਨ ਨੇ ਆਪਣੇ ਪ੍ਰਧਾਨ ਹਰਮਿੰਦਰ ਸਿੰਘ ਡਿੰਪਲ ਸਮੇਤ ਮਨੀਸ਼ ਸਿਸੋਦਿਆ ਨੂੰ ਮੰਗ ਪੱਤਰ ਸੌਂਪਿਆ। ਐਸੋਸੀਏਸ਼ਨ ਨੇ ਸਿਸੋਦਿਆ ਨਾਲ ਉਨਾਂ ਦੇ  ਭਵਿੱਖ ਨਾਲ ਕੀਤੇ ਜਾਣ ਵਾਲੇ ਖਿਲਵਾੜ ਤੋਂ ਉਨਾਂ ਨੂੰ ਬਚਾਉਣ ਦੀ ਗੁਹਾਰ ਲਗਾਈ । ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਦੱਸਿਆ ਕਿ ਪੰਜਾਬ ਸਿੱਖਿਆ ਵਿਭਾਗ ਵਿੱਚ 300 ਰੈਗੂਲਰ ਪ੍ਰੋਫੈਸਰ 1.50 ਤੋਂ 2 ਲੱਖ ਰੁਪਏ ਮਾਸਿਕ ਤਨਖ਼ਾਹ ਉੱਤੇ ਕੰਮ ਕਰ ਰਹੇ ਹਨ ਅਤੇ 225 ਪਾਰਟ ਟਾਈਮ ਪ੍ਰੋਫੈਸਰ ਕਰੀਬ 60 ਹਜ਼ਾਰ ਰੁਪਏ ਮਾਸਿਕ ਤਨਖ਼ਾਹ ਉੱਤੇ ਹਨ , ਜਦੋਂ ਕਿ ਠੇਕੇ ਉੱਤੇ 11 ਪ੍ਰੋਫੈਸਰ ਸੇਵਾਵਾਂ ਦੇ ਰਹੇ ਹਨ ।  ਇਨਾਂ ਤੋਂ ਇਲਾਵਾ 906 ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰ ਸਿਰਫ਼ 21,600 ਰੁਪਏ ਮਾਸਿਕ ਤਨਖ਼ਾਹ ਉੱਤੇ ਸੇਵਾਵਾਂ ਦੇ ਰਹੇ ਹਨ ਅਤੇ ਉਨਾਂ ਨੂੰ ਮਿਲਣ ਵਾਲੀ ਤਨਖ਼ਾਹ ਵੀ ਦੋ ਹਿੱਸੀਆਂ ਵਿੱਚ ਵੰਡੀ ਹੋਈ ਹੈ । ਤਨਖ਼ਾਹ ਦੇ 11,600 ਰੁਪਏ ਪੀਟੀਏ ਫ਼ੰਡ ਤੋਂ ਅਤੇ 10 ਹਜ਼ਾਰ ਰੁਪਏ ਸਰਕਾਰੀ ਕੋਸ਼ ਤੋਂ ਜਾਰੀ ਕੀਤੇ ਜਾਂਦੇ ਹਨ ।

ਗੈੱਸਟ-ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਉਪ-ਮੁੱਖ ਮੰਤਰੀ ਮਨੀਸ਼ ਸਿਸੋਦਿਆ ਨੂੰ ਦੱਸਿਆ ਕਿ ਪੰਜਾਬ ਉੱਚ ਸਿੱਖਿਆ ਵਿਭਾਗ ਵੱਲੋਂ 19 ਅਕਤੂਬਰ 2021 ਨੂੰ ਕੁੱਲ 1158 ਅਹੁਦੇ ਉੱਤੇ ਭਰਤੀ ਦਾ ਇਸ਼ਤਿਹਾਰ ਪ੍ਰਕਾਸ਼ਿਤ ਕਰਵਾਇਆ ਗਿਆ ਹੈ । ਉਨਾਂ ਨੇ ਕਿਹਾ ਕਿ ਇਸ ਤੋਂ ਪੰਜਾਬ ਦੇ ਸਰਕਾਰੀ ਕਾਲਜਾਂ ਵਿੱਚ 10 ਤੋਂ 20 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਸਾਰੇ ਗੈੱਸਟ-ਫੈਕਲਟੀ ਸਹਾਇਕ ਪ੍ਰੋਫੈਸਰ ਬੇਰੁਜ਼ਗਾਰ ਹੋ ਜਾਣਗੇ । ਇਸ ਚਿੰਤਾ ਨੂੰ ਜ਼ਾਹਿਰ ਕਰਨ ਦੇ ਨਾਲ ਹੀ ਸਹਾਇਕ ਪ੍ਰੋਫੈਸਰਾਂ ਨੇ ਕਿਹਾ ਕਿ ਉੱਚ ਸਿੱਖਿਆ ਵਿਭਾਗ ਦੇ ਖ਼ਾਲੀ ਪਏ ਕਰੀਬ 591 ਅਹੁਦਿਆਂ ਲਈ ਹੀ ਲਿਖਤੀ ਟੈੱਸਟ ਲਿਆ ਜਾਵੇ ,  ਨਾਲ ਹੀ ਹਰਿਆਣਾ ਅਤੇ ਹੋਰ ਰਾਜਾਂ ਦੀ ਤਰਾਂ ਪੰਜਾਬ  ਦੇ ਨੌਜਵਾਨਾਂ ਲਈ ਕੋਟਾ ਨਿਰਧਾਰਿਤ ਕੀਤਾ ਜਾਵੇ ।

ਗੈੱਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਆਪਣੇ ਖ਼ੁਦ ਦੀ ਅਣਹੋਂਦ ਖ਼ਤਰੇ ਵਿੱਚ ਪਾਉਣ ਦੀ ਚਿੰਤਾ ਜ਼ਾਹਿਰ ਕਰਦੇ ਹੋਏ ਕਿਹਾ ਕਿ 10 ਅਗਸਤ 2021 ਨੂੰ ਉਨਾਂ ਨੂੰ ਪੰਜਾਬ ਸਰਕਾਰ ਵੱਲੋਂ ਖੋਲੇ ਗਏ 16 ਨਵੇਂ ਕਾਲਜਾਂ ਵਿੱਚ ਤਬਾਦਲਾ ਕਰ ਦਿੱਤਾ ਗਿਆ ਹੈ । ਅਜਿਹੇ ਵਿੱਚ ਨਿਗੂਣੇ ਤਨਖ਼ਾਹ ਉੱਤੇ ਉਨਾਂ  ਲਈ ਦੂਰ-ਦਰਾਜ਼ ਕਾਲਜਾਂ ਵਿੱਚ ਜਾਣਾ,  ਉੱਥੇ ਰਹਿਣਾ ਅਤੇ ਘਰ ਦਾ ਗੁਜ਼ਰ-ਬਸਰ ਕਰਨਾ ਕਾਫ਼ੀ ਮੁਸ਼ਕਲ ਹੈ ।

Share this Article
Leave a comment