ਵੱਡੀ ਖਬਰ : ਖਡੂਰ ਸਾਹਿਬ ਤੋਂ ਅਕਾਲੀ ਭਾਜਪਾ ਉਮੀਦਵਾਰ ਹੇਮਾ ਮਾਲਿਨੀ?

TeamGlobalPunjab
3 Min Read

ਝਬਾਲ: ਵਿਧਾਨ ਸਭਾ ਹੋਵੇ ਭਾਵੇਂ ਕਿਸੇ ਰੈਲੀ ਦਾ ਪੰਡਾਲ, ਹਲਕਾ ਪੱਟੀ ਦੇ ਵਿਧਾਇਕ ਹਰਮਿੰਦਰ ਸਿੰਘ ਪੱਟੀ ਆਪਣੇ ਬਿਆਨਾਂ ਰਾਹੀ ਸੁਰਖੀਆਂ ਬਟੋਰਨ ਦਾ ਕੋਈ ਮੌਕਾ ਨਹੀਂ ਖੁੰਝਦੇ। ਜਿੱਥੇ ਹਰਮਿੰਦਰ ਸਿੰਘ ਪੱਟੀ ਨੇ 27 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਅੰਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਕਛਿਹਰਾ ਵਪਾਰੀ ਤੇ ਬੱਕਰੇ ਵੇਚਣਾ ਕਰਾਰ ਦੇ ਕੇ ਦੁਨੀਆਂ ਭਰ ਵਿੱਚ ਵਿਧਾਨ ਸਭਾ ਤੋਂ ਲਾਇਵ ਚਲਦੀ ਕਾਰਵਾਈ ਰਾਹੀਂ ਖੂਬ ਸੁਰਖੀਆਂ ਬਟੋਰੀਆਂ ਸਨ। ਉਥੇ ਹੁਣ ਉਨ੍ਹਾਂ ਨੇ ਕਾਂਗਰਸ ਦੀ ਝਬਾਲ ਰੈਲੀ ਦੌਰਾਨ ਅਕਾਲੀ ਦਲ ਦੀ ਖਡੂਰ ਸਾਹਿਬ ਤੋਂ ਉਮੀਦਵਾਰ ਬੀਬੀ ਜਗੀਰ ਕੌਰ ਦੀ ਤੁਲਣਾ ਬਾਲੀਵੁੱਡ ਅਦਾਕਾਰ ਤੇ ਡਰੀਮ ਗਰਲ ਦੇ ਨਾਂਅ ਨਾਲ ਮਸ਼ਹੂਰ ਹੇਮਾ ਮਾਲਿਨੀ ਨਾਲ ਕਰਕੇ ਇੱਕ ਅਜਿਹਾ ਵਿਵਾਦ ਛੇੜ ਦਿੱਤਾ ਹੈ, ਜਿਸ ਨਾਲ ਜੁੜਣਾ ਨਾ ਤਾਂ ਬੀਬੀ ਜਗੀਰ ਕੌਰ ਨੂੰ ਮਨਜ਼ੂਰ ਹੋਵੇਗਾ, ਤੇ ਨਾ ਹੀ ਹੇਮਾ ਮਾਲਿਨੀ ਨੂੰ।

ਇਹ ਵਾਕਾ ਉਸ ਵੇਲੇ ਵਾਪਰਿਆ ਜਦੋਂ ਸਟੇਜ ‘ਤੇ ਭਾਸ਼ਣ ਦਿੰਦਿਆਂ ਦਿੰਦਿਆਂ ਹਰਮਿੰਦਰ ਸਿੰਘ ਪੱਟੀ ਇੰਨੇ ਜੋਸ਼ ‘ਚ ਆ ਗਏ ਕਿ ਉਨ੍ਹਾਂ ਨੇ ਕਿਹਾ ਕਿ ਅੱਜ ਅਕਾਲੀ ਦਲ ਦੀ ਹਾਲਤ ਬੇਹੱਦ ਖਸਤਾ ਹੈ ਇਸ ਲਈ ਅਕਾਲੀਆਂ ਨੂੰ ਹੁਣ ਕੋਈ ਉਮੀਦਵਾਰ ਨਹੀਂ ਲੱਭ ਰਿਹਾ। ਲਿਹਾਜ਼ਾ ਉਹ ਝਬਾਲ ਤੋਂ ਨੁਹਾ-ਤੁਹਾ ਕੇ ਬੀਬੀ ਜਗੀਰ ਕੌਰ ਨੂੰ ਲਿਆਏ ਹਨ।  ਜਿਵੇਂ ਕਿ ਉਹ ਕੋਈ ਹੇਮਾ ਮਾਲਿਨੀ ਹੋਣ ਤੇ ਲੋਕ ਹੇਮਾ ਮਾਲਿਨੀ ਦਾ ਨਾਂਅ ‘ਤੇ ਵੋਟਾਂ ਪਾਉਣਗੇ। ਉਨ੍ਹਾਂ ਲੋਕਾਂ ਨੂੰ ਪੁੱਛਿਆ ਕਿ ਤੁਸੀ ਹੀ ਆਪ ਦੱਸੋ ਕਿ ਬੀਬੀ ਜਗੀਰ ਕੌਰ ਦੀ ਕੀ ਕੁਰਬਾਨੀ ਸੀ, ਜਿਹੜੀ ਉਸ ਨੂੰ ਟਿਕਟ ਦੇ ਦਿੱਤੀ ਗਈ? ਵਿਧਾਇਕ ਹਰਮਿੰਦਰ ਸਿੰਘ ਨੇ ਇਹ ਬਿਆਨ ਸਹਿਜ ਸੁਬਾਅ ਦਿੱਤਾ, ਸੋਚ ਸਮਝ ਕੇ ਦਿੱਤਾ ਜਾਂ ਇਸ ਦੇ ਪਿੱਛੇ ਉਨ੍ਹਾਂ ਦੀ ਕੋਈ ਹੋਰ ਮਨਸ਼ਾ ਸੀ, ਇਹ ਤਾਂ ਪੱਟੀ ਖੁਦ ਆਪ ਦੱਸ ਸਕਦੇ ਨੇ ਪਰ ਇੰਨ੍ਹਾਂ ਜ਼ਰੂਰ ਹੈ ਕਿ ਇਹ ਬਿਆਨ ਸੁਣਕੇ ਨਾ ਸਿਰਫ ਪੰਡਾਲ ‘ਚ ਹਾਸਾ ਮੱਚ ਗਿਆ, ਬਲਕਿ ਲੋਕ ਇੱਕ ਦੂਜੇ ਦਾ ਇਸ ਬਿਆਨ ਵੱਲ ਧਿਆਨ ਦਵਾਉਣ ਲਈ ਆਪਸ ‘ਚ ਕੁੰਹਣਮ-ਕੂਹਣੀ ਵੀ ਹੋ ਗਏ।

ਗੱਲ ਛੋਟੀ ਹੈ ਜਾਂ ਵੱਡੀ ਇਹ ਤਾਂ ਅੱਗੇ ਚੱਲਕੇ ਪਤਾ ਲੱਗੇਗਾ ਪਰ ਇੰਨ੍ਹਾਂ ਜ਼ਰੂਰ ਹੈ ਕਿ ਅਜਿਹੀਆਂ ਰੈਲੀਆਂ ਵਿੱਚ ਦਿੱਤੇ ਗਏ ਬਿਆਨ ਅਕਸਰ ਅਜਿਹੇ ਪੁਆੜੇ ਛੇੜਦੇ ਹਨ, ਕਿ ਲੋਕਾਂ ਨੂੰ ਲਿਖਤੀ ਤੌਰ ‘ਤੇ ਮੁਆਫ਼ੀ ਮੰਗਣੀ ਪੈਂਦੀ ਹੈ। ਇਸ ਮਾਮਲੇ ‘ਚ ਕੀ ਹੁੰਦੈ ਇਹ ਤਾਂ ਅਜੇ ਭਵਿੱਖ ਦੇ ਗਰਭ ਵਿਚ ਹੈ, ਪਰ ਇੰਨ੍ਹਾਂ ਜ਼ਰੂਰ ਹੈ ਕਿ ਇਹ ਬਿਆਨ ਦੇ ਕੇ ਹਰਮਿੰਦਰ ਪੱਟੀ ਇੱਕ ਵਾਰ ਫਿਰ ਸੁਰਖੀਆਂ ‘ਚ ਜ਼ਰੂਰ ਆ ਗਏ ਹਨ।

ਇਸ ਸਬੰਧ ‘ਚ ਅਕਾਲੀ ਦੀ ਉਮੀਦਵਾਰ ਬੀਬੀ ਜਾਗੀਰ ਕੌਰ ਦਾ ਪੱਖ ਜਾਣਨ ਲਈ, ਉਨ੍ਹਾਂ ਦੇ ਫੋਨ ‘ਤੇ ਕਈ ਵਾਰ ਸੰਪਰਕ ਕੀਤਾ ਗਿਆ, ਪਰ ਵਾਰ ਵਾਰ ਫੋਨ ਕਰਨ ‘ਤੇ ਵੀ ਉਨ੍ਹਾਂ ਵੱਲੋਂ ਫੋਨ ਨਹੀਂ ਚੁੱਕਿਆ ਗਿਆ।

Share this Article
Leave a comment