ਅੰਮ੍ਰਿਤਸਰ ਸਾਹਿਬ : ਦੁਨੀਆਂ ਭਰ ਵਿੱਚ ਟਿਕ ਟਾਕ ਦਾ ਰੁਝਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਹੈ। ਹਰ ਦਿਨ ਲੱਖਾਂ ਨੌਜਵਾਨ ਮੁੰਡੇ ਕੁੜੀਆਂ ਇਸ ਐਪ ਰਾਹੀਂ ਆਪਣੀਆਂ ਵੀਡੀਓਜ਼ ਬਣਾ ਕੇ ਟਿਕ ਟਾਕ ‘ਤੇ ਅਪਲੋਡ ਕਰਦੇ ਹਨ। ਇਸ ਦੇ ਚਲਦਿਆਂ ਕਈ ਵਾਰ ਨੌਜਵਾਨ ਇਹ ਵੀਡੀਓ ਨੂੰ ਬਣਾਉਂਦਿਆਂ ਇਹ ਵੀ ਭੁੱਲ ਜਾਂਦੇ ਹਨ ਕਿ ਉਹ ਕਿੱਥੇ ਖੜ੍ਹੇ ਹਨ। ਕੁਝ ਅਜਿਹਾ ਹੀ ਤਾਜ਼ਾ ਮਾਮਲਾ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਹਮਣੇ ਆਇਆ ਹੈ। ਜਿੱਥੇ ਇੱਕ ਨੌਜਵਾਨ ਕੁੜੀ ਵੱਲੋਂ ਅਪੱਤੀਜਨਕ ਗੀਤ ‘ਤੇ ਆਪਣੀ ਵੀਡੀਓ ਬਣਾ ਕੇ ਵਾਇਰਲ ਕੀਤੀ ਗਈ ਹੈ।
ਦੱਸ ਦਈਏ ਕਿ ਕੁੱਲ 15 ਸੈਕਿੰਡ ਦੀ ਇਸ ਵੀਡੀਓ ਵਿੱਚ ਕੁੜੀ ਵੱਲੋਂ ਇੱਕ ਪੰਜਾਬੀ ਗੀਤ ਲਾ ਕੇ ਉਸ ‘ਤੇ ਐਕਟਿੰਗ ਕੀਤੀ ਜਾ ਰਹੀ ਹੈ। ਇਸ ਵੀਡੀਓ ਵਿੱਚ ਸਾਫ ਦਿਖਾਈ ਦੇ ਰਿਹਾ ਹੈ ਕਿ ਇਹ ਵੀਡੀਓ ਦਰਬਾਰ ਸਾਹਿਬ ਦੀ ਪਰਿਕਰਮਾਂ ‘ਚ ਬਣਾਈ ਗਈ ਹੈ। ਜਾਣਕਾਰੀ ਮੁਤਾਬਿਕ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਿਕਾਇਤ ਦਰਜ਼ ਕਰਵਾਈ ਗਈ ਹੈ। ਫਿਲਹਾਲ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਬਣਦੀ ਕਨੂੰਨੀ ਕਾਰਵਾਈ ਕੀਤੀ ਜਾਵੇਗੀ।