ਰਾਮ ਰਹੀਮ ਜੇਲ੍ਹ ਅੰਦਰ ਬੈਠਾ ਵੀ ਹਰਿਆਣਾ ਦੇ ਕਈ ਮੁਲਾਜ਼ਮਾਂ ਦੀ ਆਤਮਾ ਕਲਪਾ ਰਿਹਾ ਹੈ? ਬੁੜ-ਬੁੜ ਕਰਦੇ ਦੇ ਰਹੇ ਹਨ ਦਿਨ ਰਾਤ ਡਿਊਟੀਆਂ?

TeamGlobalPunjab
3 Min Read

ਰੋਹਤਕ : ਡੇਰਾ ਸਿਰਸਾ ਮੁਖੀ ਰਾਮ ਰਹੀਮ ਜਿਸ ਦਿਨ ਤੋਂ ਬਲਾਤਕਾਰ ਅਤੇ ਰਾਮ ਚੰਦਰ ਛੱਤਰਪਤੀ ਦੇ ਕਤਲ ਕੇਸ ‘ਚ ਰੋਹਤਕ ਦੀ ਸੁਨਾਰੀਆ ਜੇਲ੍ਹ ਅੰਦਰ ਬੰਦ ਹੋਇਆ ਹੈ ਉਸ ਦਿਨ ਤੋਂ ਹੀ ਇਹ ਜੇਲ੍ਹ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜਿੱਥੇ ਇੱਕ ਪਾਸੇ ਰਾਮ ਰਹੀਮ ਦੇ ਵਿਰੋਧੀ ਇਸ ਜੇਲ੍ਹ ਨੂੰ ਰਾਮ ਰਹੀਮ ਦੇ ਮਾੜੇ ਕਰਮਾਂ ਦਾ ਫਲ ਗਰਦਾਨ ਰਹੇ ਹਨ ਉੱਥੇ ਦੂਜੇ ਪਾਸੇ ਡੇਰਾ ਮੁਖੀ ਦੇ ਪ੍ਰੇਮੀ ਇਸੇ ਜੇਲ੍ਹ ਨੂੰ ਹੀ ਸੁਨਾਰੀਆਧਾਮ ਕਹਿ ਕੇ ਬੁਲਾਉਂਦੇ ਹੋਏ ਇਹ ਪ੍ਰਚਾਰ ਕਰ ਰਹੇ ਹਨ ਕਿ ਉਨ੍ਹਾਂ ਦਾ ਬਾਬਾ ਤਾਂ ਜੇਲ੍ਹ ‘ਚ ਬੰਦ ਕੈਦੀਆਂ ਨੂੰ ਮੁਕਤੀ ਦੇਣ ਗਿਆ ਹੈ। ਪਰ ਇਨ੍ਹਾਂ ਚਰਚਾਵਾਂ ਦੇ ਨਾਲ ਨਾਲ  ਸੱਚਾਈ ਇਹ ਹੈ ਕਿ ਅੱਜ ਇਹ ਬਲਾਤਕਾਰੀ ਤੇ ਕਾਤਲ ਡੇਰਾ ਮੁਖੀ ਜੇਲ੍ਹ ਅੰਦਰੋਂ ਬਾਹਰ ਨਿੱਕਲਣ ਲਈ ਇੰਝ ਤੜਫ ਰਿਹਾ ਹੈ ਜਿਵੇਂ ਜਲ ਬਿਨਾਂ ਮੱਛੀ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਰਾਮ ਰਹੀਮ ਦੀ ਜੇਲ੍ਹ ਅੰਦਰੋਂ ਪੈਰੋਲ ‘ਤੇ ਬਾਹਰ ਨਿੱਕਲਣ ਦੀ ਕੋਸ਼ਿਸ਼ ਇਸ ਵਾਰ ਵੀ ਹਰਿਆਣਾ ਸਰਕਾਰ ਨੇ ਨਾਕਾਮ ਕਰ ਦਿੱਤੀ ਹੈ। ਕੁੱਲ ਮਿਲਾ ਕੇ ਇਹ ਕਿਹਾ ਜਾਣ ਲੱਗ ਪਿਆ ਹੈ ਕਿ ਰਾਮ ਰਹੀਮ ਹੁਣ ਨਾ ਸਿਰਫ ਆਉਂਦੀ ਰੱਖੜੀ ਦਾ ਤਿਉਹਾਰ ਜੇਲ੍ਹ ਅੰਦਰ ਮੰਨਾਵੇਗਾ ਬਲਕਿ ਉਸ ਦੇ ਜਨਮ ਦਿਨ ਦਾ “ਪਤਾ ਨਹੀਂ ਕੀ ਵੀ ਜੇਲ੍ਹ ਅੰਦਰ ਹੀ ਕੱਟਿਆ ਜਾਵੇਗਾ” ਇਸ ਗੱਲ ਦਾ ਜੇਲ੍ਹ ਅੰਦਰ ਬੰਦ ਰਾਮ ਰਹੀਮ ਨੂੰ ਕੀ ਫਰਕ ਪਵੇਗਾ ਇਸ ਦਾ ਤਾਂ ਅਜੇ ਪਤਾ ਨਹੀਂ ਲੱਗ ਪਾਇਆ ਹੈ ਪਰ ਇੰਨਾ ਜਰੂਰ ਹੈ ਕਿ ਰਾਮ ਰਹੀਮ ਦੇ ਸੁਨਾਰੀਆ ਜੇਲ੍ਹ ਅੰਦਰ ਬੰਦ ਰਹਿਣ ਨਾਲ ਉਸ ਡਾਕਘਰ ਦੇ ਮੁਲਾਜ਼ਮ ਤੇ ਅਧਿਕਾਰੀ ਦੁਖੀ ਹਨ ਜਿਹੜਾ ਡਾਕਘਰ ਜੇਲ੍ਹ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ।

ਦੱਸ ਦਈਏ ਕਿ ਆਉਂਣ ਵਾਲੀ 15 ਅਗਸਤ ਨੂੰ ਜਦੋਂ ਦੇਸ਼ ਸੁਤੰਤਰਤਾ ਦਿਹਾੜਾ ਮਨਾਂ ਰਿਹਾ ਹੋਵੇਗਾ ਉਸੇ ਦਿਨ ਨਾ ਸਿਰਫ ਰੱਖੜੀ ਦਾ ਤਿਉਹਾਰ ਆਉਣ ਵਾਲਾ ਹੈ ਬਲਕਿ  ਰਾਮ ਰਹੀਮ ਨੇ ਉਸੇ ਦਿਨ ਧਰਤੀ ‘ਤੇ ਜਨਮ ਵੀ ਲਿਆ ਸੀ। ਜਿਸ ਕਾਰਨ ਡੇਰਾ ਪ੍ਰੇਮੀ ਬਾਬੇ ਨੂੰ ਇੰਨੀਆਂ ਰੱਖੜੀਆਂ ਸੁਤੰਤਰਤਾ ਦਿਵਸ ਅਤੇ ਉਸ ਜਨਮ ਦਿਨ ਦੀਆਂ ਵਧਾਈਆਂ ਦੀਆਂ ਚਿੱਠੀਆਂ ਤੇ ਤੋਹਫੇ ਭੇਜ ਰਹੇ ਹਨ ਕਿ ਉਸ ਸਭ ਨੂੰ ਰੋਹਤਕ ਦੀ ਸੁਨਾਰੀਆਂ ਜੇਲ੍ਹ ਅੰਦਰ ਪਹੁੰਚਾਉਣ ਲਈ ਨਜ਼ਦੀਕ ਪੈਂਦੇ ਡਾਕ ਘਰ ਵਾਲਿਆਂ ਨੂੰ ਬਿਪਤਾ ਪਈ ਹੋਈ ਹੈ।

ਜਾਣਕਾਰੀ ਮੁਤਾਬਕ ਡੇਰਾ ਮੁਖੀ ਦੇ ਜਨਮ ਦਿਨ ਅਤੇ ਰੱਖੜੀ ਦੇ ਤਿਉਹਾਰ ਦੀਆਂ ਵਧਾਈਆਂ ਦੇ ਨਾਲ ਨਾਲ ਰੱਖੜੀਆਂ ਭਰੇ ਪੱਤਰਾਂ ਦੀ ਆਮਦ ਇੰਨੀ ਵਧ ਗਈ ਹੈ ਕਿ ਇਨ੍ਹਾਂ ਦੀ ਗਿਣਤੀ ਕੋਈ ਸੌ ਜਾਂ 2 ਸੌ ਨਹੀਂ ਬਲਕਿ ਹਜ਼ਾਰਾਂ ਵਿੱਚ ਹੈ। ਇਸ ਕਾਰਨ ਕੰਮ ਦਾ ਬੋਝ ਇੰਨਾ ਜਿਆਦਾ ਹੋ ਗਿਆ ਹੈ ਡਾਕ ਕਰਮਚਾਰੀਆਂ ਨੂੰ ਓਵਰ ਟਾਇਮ ਵੀ ਲਾਉਣਾ ਪੈ ਰਿਹਾ ਹੈ । ਡਾਕ ਘਰ ਤੋਂ ਮਿਲੀ ਜਾਣਕਾਰੀ ਮੁਤਾਬਕ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰਾਖੰਡ ਅਤੇ ਕਈ ਹੋਰਨਾਂ ਰਾਜਾਂ ਵਿੱਚੋਂ ਸਪੀਡ ਪੋਸਟ ਤੇ ਸਾਧਾਰਨ ਡਾਕ ਰਾਹੀ ਲੱਖਾਂ ਦੀ ਗਿਣਤੀ ‘ਚ ਡੇਰਾ ਪ੍ਰੇਮੀ ਆਪਣੇ ਸੰਦੇਸ਼ ਰਾਮ ਰਹੀਮ ਨੂੰ ਭੇਜ ਰਹੇ ਹਨ। ਅਜਿਹੇ ਵਿੱਚ ਉਨ੍ਹਾਂ ਵਿੱਚੋਂ ਕਈ ਮੁਲਾਜ਼ਮਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਹੈ ਕਿ ਉਹ ਇਸ ਡਾਕਖਾਨੇਂ ਵਿੱਚੋਂ ਬਦਲੀ ਕਰਾਉਣ ਦੀ ਸੋਚ ਰਹੇ ਹਨ ਕਿਉਂਕਿ ਇੱਥੇ ਕੰਮ ਬਹੁਤ ਜਿਆਦਾ ਹੈ।

Share this Article
Leave a comment