ਰਾਜਾ ਵੜਿੰਗ ਦੇ ਸਾਹਮਣੇ ਢਾਹ ਲਿਆ ਪੱਤਰਕਾਰ, ਕੁੱਟ ਕੁੱਟ ਕਰਤੇ ਹੱਡ ਪੋਲੇ, ਇਹ ਕਾਹਦਾ ਲੋਕਤੰਤਰ, ਕੀ ਲੀਡਰਾਂ ਦੇ ਮਨ ਕੀ ਬਾਤ ਬਣ ਕੇ ਰਹਿ ਗਈਆਂ ਨੇ ਰੈਲੀਆਂ?

TeamGlobalPunjab
7 Min Read

ਕੁਲਵੰਤ ਸਿੰਘ

ਮੁਕਤਸਰ ਸਾਹਿਬ : ਇਨ੍ਹਾਂ ਚੋਣਾਂ ਇੰਝ ਲੱਗਣ ਲੱਗਦਾ ਹੈ, ਜਿਵੇਂ ਲੋਕ ਸਭਾ ਹਲਕਾ ਬਠਿੰਡਾ ਤੋਂ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਵਾਦਾਂ ਦਾ ਚੋਲੀ ਦਾਮਨ ਵਾਲਾ ਸਾਥ ਬਣ ਚੁਕਾ ਹੈ। ਹਾਲਾਤ ਇਹ ਹਨ, ਕਿ ਆਪਣੇ ਚੋਣ ਪ੍ਰਚਾਰ ਦੌਰਾਨ ਕੋਈ ਦਿਨ ਅਜਿਹਾ ਨਹੀਂ ਜਾਂਦਾ, ਜਿਸ ਦਿਨ ਪਿੰਡਾਂ ‘ਚ ਪ੍ਰਚਾਰ ਕਰਦੇ ਵੜਿੰਗ ਨਾਲ ਕਿਸੇ ਤਰ੍ਹਾਂ ਦਾ ਕੋਈ ਵਿਵਾਦ ਨਾ ਜੁੜਿਆ ਹੋਵੇ। ਤਾਜ਼ਾ ਮਾਮਲਾ ਲੰਬੀ ਵਿਧਾਨ ਸਭਾ ਹਲਕੇ ਦੇ ਪਿੰਡ ਕੋਲਿਆਂਵਾਲੀ ਦਾ ਹੈ ਜਿੱਥੇ ਆਪਣੇ ਆਪ ਨੂੰ ਪੱਤਰਕਾਰ ਕਹਿਣ ਵਾਲੇ ਗੁਰਜੀਤ ਸਿੰਘ ਨਾਂ ਦੇ ਇੱਕ ਵਿਅਕਤੀ ਨੂੰ ਰਾਜਾ ਵੜਿੰਗ ਦੇ ਸਮਰਥਕਾਂ ਨੇ ਵੜਿੰਗ ਦੀ ਹਾਜਰੀ ਵਿੱਚ ਸਿਰਫ ਇਸ ਲਈ ਕੁੱਟ ਸੁੱਟਿਆ ਕਿਉਂਕਿ ਉਸ ਨੇ ਰਾਜਾ ਵੜਿੰਗ ਤੋਂ ਨਸ਼ਿਆਂ ਦੇ ਮੁੱਦੇ ‘ਤੇ ਸਿੱਧਾ ਸਵਾਲ ਕਰਨ ਦੀ ਹਿੰਮਤ ਕੀਤੀ ਸੀ। ਮੌਕੇ ‘ਤੇ ਮੌਜੂਦ ਕੁਝ ਲੋਕਾਂ ਨੇ ਇਸ ਘਟਨਾਂ ਨੂੰ ਆਪਣੇ ਕੈਮਰੇ ‘ਚ ਕੈਦ ਕਰ ਲਿਆ ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।

ਹੋਇਆ ਇੰਝ ਕਿ ਇਸ ਪਿੰਡ ਵਿੱਚ ਇੱਕ ਚੋਣ ਸਭਾ ਦੌਰਾਨ ਰਾਜਾ ਵੜਿੰਗ ਨੇ ਭਾਸ਼ਣ ਦਿੰਦਿਆਂ ਮਾਇਕ ‘ਤੇ ਕਹਿ ਦਿੱਤਾ ਕਿ ਪਿਛਲੇ ਸਮੇਂ ਦੌਰਾਨ ਲੋਕਾਂ ਦੀਆਂ ਰਗਾਂ ਵਿੱਚ ਜੋ ਨਸ਼ਾ ਪਾਇਆ ਗਿਆ ਹੈ, ਉਸ ਨੂੰ ਕੱਢਦਿਆਂ ਕੱਢਦਿਆਂ ਸਮਾਂ ਲੱਗੇਗਾ। ਇਸ ਤੋਂ ਪਹਿਲਾਂ ਕਿ ਵੜਿੰਗ ਅੱਗੇ ਕੁਝ ਬੋਲਦੇ ਸਭਾ ਵਿੱਚ ਬੈਠੇ ਗੁਰਜੀਤ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਉਨ੍ਹਾਂ ਨੂੰ ਸਵਾਲ ਕੀਤਾ ਕਿ ਤੁਸੀਂ ਨਸ਼ੇ ਦੀ ਗੱਲ ਕੀਤੀ ਹੈ, ਤਾਂ ਇਹ ਦੱਸੋ ਕਿ, ਕੀ ਤੁਸੀਂ ਇਹ ਪਤਾ ਲਗਾਇਆ ਕਿ ਇਸ ਪਿੰਡ ਵਿੱਚ ਕਿੰਨੇ ਲੋਕ ਨਸ਼ਾ ਵੇਚ ਰਹੇ ਹਨ? ਬੱਸ ਫਿਰ ਕੀ ਸੀ ਰਾਜਾ ਵੜਿੰਗ ਨੂੰ ਸਵਾਲ ਕਰਨ ਕਰਨ ਵਾਲੇ ਸਖ਼ਸ਼ ‘ਤੇ ਗੁੱਸਾ ਆ ਗਿਆ ਤੇ ਉਨ੍ਹਾਂ ਪਹਿਲਾਂ ਤਾਂ ਉਸ ਪੱਤਰਕਾਰ ਨੂੰ ਇਹ ਪੁੱਛਿਆ ਕਿ, ਕੀ ਤੁਸੀਂ ਕਦੇ ਬਾਦਲ ਨੂੰ ਵੀ ਸਵਾਲ ਕੀਤੇ ਹਨ? ਜਦੋਂ ਉਸ ਪੱਤਰਕਾਰ ਨੇ ਕਿਹਾ ਕਿ ਹਾਂ ਮੈ ਕੀਤੇ ਹਨ ਤਾਂ ਵੜਿੰਗ ਨੇ ਪੱਤਰਵਾਰ ਵੱਲ ਉਂਗਲ ਕਰ ਕਰ ਕੇ ਉਲਟਾ ਉਸ ਤੋਂ ਹੀ ਸਵਾਲ ਕਰਨੇ ਸ਼ੁਰੂ ਕਰ ਦਿੱਤਾ ਕਿ ਉਹ ਦੱਸਣ ਕਿ ਇਸ ਪਿੰਡ ‘ਚੋਂ 25 ਸਾਲ ਨੁਮਾਇੰਦਗੀ ਕਿਸ ਨੇ ਕੀਤੀ? ਇੱਥੋਂ 60 ਸਾਲ ‘ਚ ਲੀਡਰ ਕੌਣ ਬਣਿਆ? ਬਾਦਲ ਤੇ ਦਿਆਲ ਸਿੰਘ ਕੋਲਿਆਂਵਾਲੀ। ਉਨ੍ਹਾਂ ਦੋਸ਼ ਲਾਇਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਠੱਗ ਤੇ ਚੋਰ ਉਸ ਬੰਦੇ ਨੇ ਚਿੱਟਾ ਵਿਕਾਇਆ ਹੈ, ਅਸੀਂ ਫੜ ਫੜ ਕੇ ਅੰਦਰ ਦਿੱਤੇ ਹਨ। ਉਨ੍ਹਾਂ ਕਿਹਾ ਕਿ, “ਮੇਰੇ ਭਰਾ! ਲਗਦਾ ਹੈ ਤੈਨੂੰ ਉਸ ਨੇ ਭੇਜਿਆ ਹੈ ਸਵਾਲ ਕਰਨ, ਕੋਲਿਆਂਵਾਲੀ ਨੇ।” ਵੜਿੰਗ ਦੇ ਇੰਨਾ ਕਹਿੰਦਿਆਂ ਹੀ ਚਾਰੇ ਪਾਸੇ ਕਾਂਗਰਸੀ ਸਮਰਥਕਾਂ ਨੇ ਕੂਕਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਤੇ ਦੇਖਦਿਆਂ ਹੀ ਦੇਖਦਿਆਂ ਉੱਥੇ ਮੌਜੂਦ ਲੋਕਾਂ ਨੇ ਉਸ ਪੱਤਰਕਾਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ, ਤੇ ਇਸ ਤੋਂ ਬਾਅਦ ਤਾਂ ਫਿਰ ਰਿਕਾਰਡਿੰਗ ਕਰਨ ਵਾਲੇ ਸਖ਼ਸ਼ ਦਾ ਕੈਮਰਾ ਹੀ ਇੱਧਰ-ਉੱਧਰ ਹਿੱਲਦਾ ਨਜਰ ਆਇਆ। ਜਿਸ ਵਿੱਚ ਲੋਕਾਂ ਦੇ ਰੌਲੇ ਅਤੇ ਚੀਕਾਂ ਦੀ ਅਵਾਜ਼ ਕਾਰਨ ਕੁੱਟ ਖਾਣ ਵਾਲੇ ਦੀ ਅਵਾਜ਼ ਦੱਬ ਕੇ ਰਹਿ ਗਈ।

ਇਸ ਘਟਨਾਂ ਤੋਂ ਬਾਅਦ ਰਾਜਾ ਵੜਿੰਗ ਦੇ ਸਮਰਥਕਾਂ ਅਤੇ ਆਪਣੇ ਪਿੰਡ ਦੇ ਹੀ ਕਾਂਗਰਸੀ ਵਰਕਰਾਂ ਦੇ ਖਿਲਾਫ ਉਸ ਦੀ ਮਾਰ ਕੁੱਟ ਕਰਨ ਅਤੇ ਦਸਤਾਰ ਉਤਾਰਣ ਦੇ ਦੋਸ਼ ਲਾਂਉਂਦੇ ਹੋਏ ਗੁਰਜੀਤ ਸਿੰਘ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਗੁਰਜੀਤ ਸਿੰਘ ਦਾ ਦੋਸ਼ ਹੈ ਕਿ ਜਿਉਂ ਹੀ ਰਾਜਾ ਵੜਿੰਗ ਨੇ ਉਸ ਨੂੰ ਇਹ ਕਿਹਾ ਕਿ ਤੁਸੀਂ ਦਿਆਲ ਸਿੰਘ ਕੋਲਿਆਂਵਾਲੀ ਦੇ ਕਹਿਣ ‘ਤੇ ਇੱਥੇ ਆਏ ਹੋਂ ਤਾਂ ਰਾਜਾ ਵੜਿੰਗ ਨਾਲ ਆਏ ਹੋਏ ਕੁਝ ਚਿੱਟੇ ਕੁੜਤੇ ਪਜਾਮੇ ਵਾਲੇ ਲੋਕਾਂ ਨੇ ਉਨ੍ਹਾਂ (ਗੁਰਜੀਤ ਸਿੰਘ) ‘ਤੇ ਹਮਲਾ ਕਰ ਦਿੱਤਾ ਤੇ ਗੁਰਜੀਤ ਸਿੰਘ ਦੀ ਦਸਤਾਰ ਉਤਾਰ ਦਿੱਤੀ। ਉਨ੍ਹਾਂ ਚੋਣ ਕਮਿਸ਼ਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਾਲ ਇਹ ਪੱਕਾ ਕੀਤਾ ਜਾਵੇ ਕਿ ਲੋਕ ਲੀਡਰਾਂ ਨੂੰ ਸਵਾਲ ਕਰ ਸਕਣ, ਕਿਉਕਿ ਜੇਕਰ ਵੋਟਰ ਲੀਡਰਾਂ ਨੂੰ ਸਵਾਲ ਹੀ ਨਹੀਂ ਕਰ ਸਕਿਆ ਤਾਂ ਫਿਰ ਇਹ ਜ਼ਮਹੂਰੀਅਤ ਕਾਹਦੀ ਹੈ?

- Advertisement -

ਇੱਧਰ ਦੂਜੇ ਪਾਸੇ ਘਟਨਾ ਦੀ ਜਾਂਚ ਕਰ ਰਹੇ ਥਾਣਾ ਕੱਬਰਵਾਲਾ ਦੇ ਸਬ ਇੰਸਪੈਕਟਰ ਗੁਰਲਾਲ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ ਨਾਮ ਦੇ ਇੱਕ ਅਜਿਹੇ ਸਖ਼ਸ਼ ਨੇ ਇਸ ਮਾਮਲੇ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ ਜੋ ਕਿ ਆਪਣੇ ਆਪ ਨੂੰ ਪੱਤਰਕਾਰ ਦੱਸਦਾ ਹੈ, ਤੇ ਉਨ੍ਹਾਂ ਵੱਲੋਂ ਇਸ ਸ਼ਿਕਾਇਤ ਦੀ ਪੜਤਾਲ ਕੀਤੀ ਜਾ ਰਹੀ ਹੈ। ਜਾਂਚ ਅਧਿਕਾਰੀ ਅਨੁਸਾਰ ਅਜੇ ਤੱਕ ਸ਼ਿਕਾਇਤ ਕਰਤਾ ਦੀ ਪੱਗ ਉਤਾਰੇ ਜਾਣ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ, ਪਰ ਉਨ੍ਹਾਂ ਭਰੋਸਾ ਦਿੱਤਾ ਕਿ ਪੀੜਤ ਨੂੰ ਪੂਰਾ ਇਨਸਾਫ ਦਿੱਤਾ ਜਾਵੇਗਾ।

ਕੁੱਲ ਮਿਲਾ ਕੇ ਇਹ ਮਾਮਲਾ ਇਹ ਸਾਬਤ ਕਰ ਗਿਆ ਕਿ ਚੋਣਾਂ ਦੌਰਾਨ ਹੋਣ ਵਾਲੀਆਂ ਰੈਲੀਆਂ ਅਤੇ ਨੁੱਕੜ ਸਭਾਵਾਂ ਸਿਰਫ ਲੀਡਰਾਂ ਦੇ ਮਨ ਕੀ ਬਾਤ ਬਣ ਕੇ ਰਹਿ ਜਾਂਦੀਆਂ ਹਨ।  ਜਿਸ ਵਿੱਚ ਸਿਰਫ ਭਾਸ਼ਣ ਦੇਣ ਆਇਆ ਆਗੂ ਹੀ ਆਪਣੇ ਮਨ ਦੀ ਕਹਿੰਦਾ ਹੈ ਤੇ ਸਾਹਮਣੇ ਸਭਾ ਵਿੱਚ ਬੈਠੇ ਲੋਕ ਸਿਰਫ ਸੁਣ ਸਕਦੇ ਹਨ, ਸਵਾਲ ਪੁੱਛਣ ਦਾ ਉਨ੍ਹਾਂ ਨੂੰ ਕੋਈ ਹੱਕ ਨਹੀਂ ਹੁੰਦਾ। ਜੇਕਰ ਗੁਰਜੀਤ ਸਿੰਘ ਵਰਗਾ ਕੋਈ ਸਖ਼ਸ਼ ਤਰਕ ਦੇ ਕੇ ਸਵਾਲ ਕਰਦਾ ਵੀ ਹੈ ਤਾਂ ਉਸ ਨੂੰ ਵਿਰੋਧੀਆਂ ਦਾ ਬੰਦਾ ਕਰਾਰ ਦੇ ਕੇ ਝੰਮ ਸੁੱਟਿਆ ਜਾਂਦਾ ਹੈ ਤਾਂ ਕਿ ਉਨ੍ਹਾਂ ਨੂੰ ਸਵਾਲ ਦਾ ਜਵਾਬ ਨਾ ਦੇਣਾ ਪਵੇ ਤੇ ਹੋਰ ਲੋਕ ਇਸ ਮਾਮਲੇ ਤੋਂ ਸਬਕ ਲੈ ਕੇ ਡਰ ਜਾਣ। ਜੇਕਰ ਇਨ੍ਹਾਂ ਲੀਡਰਾਂ ਦੀ ਹੀ ਗੱਲ ਮੰਨ ਲਈ ਜਾਵੇ ਕਿ ਸਵਾਲ ਪੁੱਛਣ ਵਾਲਿਆਂ ਨੂੰ ਵਿਰੋਧੀਆਂ ਨੇ ਭੇਜਿਆ ਹੈ ਤਾਂ ਇੱਥੇ ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕਤੰਤਰ ਵਿੱਚ ਕੀ ਵਿਰੋਧੀਆਂ ਨੂੰ ਸਵਾਲ ਪੁੱਛਣ ਦਾ ਕੋਈ ਹੱਕ ਨਹੀਂ? ਜੇਕਰ ਕੋਈ ਹੱਕ ਨਹੀਂ ਤਾਂ ਫਿਰ ਇਹ ਕਾਹਦਾ ਲੋਕਤੰਤਰ ਹੈ? ਪਰ ਅਜਿਹੇ ਮਾਮਲਿਆਂ ਨੂੰ ਮੂਕ ਦਰਸ਼ਕ ਬਣ ਕੇ ਦੇਖ ਰਹੇ ਮਾਹਰ ਅਜਿਹੇ ਲੀਡਰਾਂ ਹੱਥੋਂ ਕੁੱਟ ਖਾਣ ਵਾਲੇ ਲੋਕਾਂ ਨੂੰ ਹੌਂਸਲਾ ਦਿੰਦਿਆਂ ਕਹਿੰਦੇ ਹਨ ਕਿ ਘਬਰਾਓ ਨਾ ਵੀਰੋ ਡਟੇ ਰਹੋ, ਸਰਹੱਦਾਂ ‘ਤੇ ਖੜ੍ਹੇ ਫੌਜੀ ਜੇਕਰ ਆਪਣੇ ਦੇਸ਼ ਦੀ ਰੱਖਿਆ ਕਰਨ ਲਈ ਦੁਸ਼ਮਣ ਦੀਆਂ ਗੋਲੀਆਂ ਸੀਨੇ ‘ਤੇ ਖਾ ਸਕਦੇ ਹਨ ਤਾਂ ਕਿ ਤੁਸੀਂ ਜ਼ਮਹੂਰੀਅਤ ਬਚਾਉਣ ਲਈ ਚੰਦ ਥੱਪੜ ਨਹੀਂ ਖਾ ਸਕਦੇ? ਯਾਦ ਰੱਖੋ ਥੱਪੜ ਖਾਣ ਵਾਲਿਂਆਂ ਦੀ ਗਿਣਤੀ ਜਿੰਨੀ ਵਧਦੀ ਜਾਵੇਗੀ ਉਨੀ ਮਾਰਨ ਵਾਲਿਆਂ ਦੀ ਗਿਣਤੀ ਘਟਦੀ ਜਾਵੇਗੀ ਤੇ ਇੱਕ ਦਿਨ ਇਹ ਥੱਪੜ ਮਾਰਨ ਵਾਲੇ ਲੋਕ ਅੱਗੇ ਅੱਗੇ ਹੋਣਗੇ ਤੇ ਤੁਸੀਂ ਪਿੱਛੇ ਪਿੱਛੇ।

https://youtu.be/-pr6PPwN2f0

Share this Article
Leave a comment