Home / ਸਿਆਸਤ / ਮੈਂ ਹੌਂਸਲਾ ਨਹੀਂ ਹਾਰਿਆ, ਪਿਕਚਰ ਅਜੇ ਬਾਕੀ ਹੈ ਮੇਰੇ ਦੇਸਤ : ਖਹਿਰਾ, ਸਿੱਧੂ ਨੂੰ ਕਿਹਾ ਸਾਡੇ ਨਾਲ ਆਜੋ ਕਾਂਗਰਸ ਨੇ ਤੁਹਾਨੂੰ ਵੈਸੇ ਵੀ ਕੱਢ ਦੇਣੈ..

ਮੈਂ ਹੌਂਸਲਾ ਨਹੀਂ ਹਾਰਿਆ, ਪਿਕਚਰ ਅਜੇ ਬਾਕੀ ਹੈ ਮੇਰੇ ਦੇਸਤ : ਖਹਿਰਾ, ਸਿੱਧੂ ਨੂੰ ਕਿਹਾ ਸਾਡੇ ਨਾਲ ਆਜੋ ਕਾਂਗਰਸ ਨੇ ਤੁਹਾਨੂੰ ਵੈਸੇ ਵੀ ਕੱਢ ਦੇਣੈ..

ਬਠਿੰਡਾ :  ਇੱਕ ਦਿਨ ਪਹਿਲਾਂ ਜਿਹੜੇ ਸੁਖਪਾਲ ਸਿੰਘ ਖਹਿਰਾ ਮੀਡੀਆ ਨਾਲ ਗੱਲਬਾਤ ਕਰਦਿਆਂ ਟਾਂਏ ਟਾਂਏ ਫਿਸ਼ ਵਾਲੇ ਹੌਂਸਲੇ ਵਿੱਚ ਇਹ ਕਹਿੰਦੇ ਦਿਖਾਈ ਦੇ ਰਹੇ ਸਨ ਕਿ, “ਚੋਣਾਂ ਦੇ ਨਤੀਜੇ ਦੇਖ ਕੇ ਮੈਨੂੰ ਡੂੰਘੀ ਸੱਟ ਵੱਜੀ ਹੈ, ਤੇ ਜਿਨ੍ਹਾਂ ਦਾ ਇਹ ਕਹਿਣਾ ਸੀ ਕਿ ਇੰਝ ਜਾਪਦਾ ਹੈ ਕਿ ਮੈਂ ਇਸ ਚੋਣ ਪ੍ਰਕਿਰਿਆ ਲਈ ਆਯੋਗ ਹਾਂ, ਤੇ ਹੁਣ ਨੇੜਲੇ ਭਵਿੱਖ ਵਿੱਚ ਮੈਂ ਚੋਣ ਨਹੀਂ ਲੜਾਂਗਾ” ਅੱਜ ਉਹ ਹੀ ਸੁਖਪਾਲ ਸਿੰਘ ਖਹਿਰਾ ਇੱਕ ਵਾਰ ਫਿਰ ਸੋਸ਼ਲ ਮੀਡੀਆ ‘ਤੇ ਲਾਇਵ ਹੋਏ, ਤੇ ਆਉਂਦਿਆਂ ਸਾਰ ਉਨ੍ਹਾਂ ਨੇ ਸਭ ਤੋਂ ਪਹਿਲਾਂ ਮੀਡੀਆ ਵਾਲਿਆਂ ਨੂੰ ਭੰਡਦਿਆਂ ਇਹ ਕਹਿ ਦਿੱਤਾ ਕਿ, “ਮੈਂ ਤਾਂ ਕੁਝ ਹੋਰ ਹੀ ਕਿਹਾ ਸੀ ਪਰ ਇਨ੍ਹਾਂ ਲੋਕਾਂ ਨੇ ਮੇਰੇ ਬਿਆਨ ਨੂੰ ਕਿਸੇ ਹੋਰ ਢੰਗ ਨਾਲ ਪੇਸ਼ ਕਰ ਦਿੱਤਾ।” ਖਹਿਰਾ ਨੇ ਕਿਹਾ ਕਿ, “ਮੈਂ ਹੌਂਸਲਾ ਨਹੀਂ ਹਾਰਿਆ ਤੇ ਅਸੀਂ ਜਿਸ ਸਿਸਟਮ ਦੇ ਖਿਲਾਫ ਲੜਾਈ ਸ਼ੁਰੂ ਕੀਤੀ ਸੀ, ਉਹ ਲੜਾਈ ਹੁਣ ਵੀ ਡਟ ਕੇ ਲੜਾਂਗੇ।” ਇੱਥੇ ਉਨ੍ਹਾਂ ਨੇ ਜਿੱਥੇ ਨਵਜੋਤ ਸਿੰਘ ਸਿੱਧੂ ਨੂੰ ਵੀ ਆਪਣੇ ਗੱਠਜੋੜ ਦੇ ਨਾਲ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ, “ਸਿੱਧੂ ਸਾਬ੍ਹ, ਛੱਡੋਂ ਕਾਂਗਰਸ ਪਾਰਟੀ, ਇਨ੍ਹਾਂ ਨੇ ਤੁਹਾਨੂੰ ਵੈਸੇ ਵੀ ਕੱਢ ਦੇਣਾ ਹੈ, ਆਓ ਆਪਾਂ ਰਲ ਕੇ ਇੱਕ ਅਜਿਹਾ ਸਾਂਝਾ ਮੁਹਾਜ ਬਣਾਈਏ ਜਿਸ ਦਾ ਇੱਕ ਵਿਧਾਨ, ਇੱਕ ਨਿਸ਼ਾਨ ਤੇ ਇੱਕ ਪ੍ਰਧਾਨ ਹੋਵੇ।” ਉੱਥੇ ਦੂਜੇ ਪਾਸੇ ਉਨ੍ਹਾਂ ਨੇ ਪੰਜਾਬ ਵਿੱਚ ਇੱਕ ਸੀਟ ਨੂੰ ਛੱਡ ਕੇ ਬਾਕੀ ਜਗ੍ਹਾ ਬੁਰੀ ਤਰ੍ਹਾਂ ਹਾਰ ਦਾ ਮੂੰਹ ਦੇਖ ਚੁੱਕੀ ਆਮ ਆਦਮੀ ਪਾਰਟੀ ਨੂੰ ਵੀ ਕਿਹਾ ਕਿ, “ਅਜੇ ਵੀ ਵੇਲਾ ਹੈ, ਇਕੱਠੋ ਹੋ ਜਾਓ, ਤਾਂ ਹੀ 2022 ਦੀਆਂ ਵਿਧਾਨ ਸਭਾ ਚੋਣਾਂ ਪੰਜਾਬ ਦੇ ਦੋ ਰਵਾਇਤੀ ਪਰਿਵਾਰਾਂ ਦੇ ਖਿਲਾਫ ਲੜੀਆਂ ਜਾ ਸਕਣਗੀਆਂ।”

ਆਪਣੀ ਇਸ ਲਾਇਵ ਵੀਡੀਓ ਵਿੱਚ ਸੁਖਪਾਲ ਖਹਿਰਾ ਨੇ ਕਿਹਾ ਕਿ, “ਜਿਸ ਢੰਗ ਨਾਲ ਮੌਜੂਦਾ ਚੋਣਾਂ ਦੌਰਾਨ ਲੋਕਾਂ ਨੇ ਮੇਰੇ ਵਿਰੁੱਧ ਵੋਟਾਂ ਪਾਈਆਂ ਹਨ, ਉਸ ਨੂੰ ਦੇਖਦਿਆਂ ਮੈਂ ਆਪਣੀ ਪ੍ਰਧਾਨਗੀ ਦੇ ਆਹੁਦੇ ਤੋਂ ਅਸਤੀਫਾ ਦਿਆਂਗਾ ਤੇ ਮੇਰੀ ਪਾਰਟੀ ਇਸ ਤੋਂ ਬਾਅਦ ਜਿਸ ਨੂੰ ਮਰਜੀ ਪ੍ਰਧਾਨ ਬਣਾਵੇ, ਮੈਨੂੰ ਕਿਸੇ ਆਹੁਦੇ ਦਾ ਕੋਈ ਲਾਲਚ ਨਹੀਂ ਹੈ।” ਉਨ੍ਹਾਂ ਕਿਹਾ ਕਿ ਹੁਣ ਵੇਲਾ ਆ ਗਿਆ ਹੈ, ਜਦੋਂ ਡਾਕਟਰ ਗਾਂਧੀ ਬੈਂਸ ਭਰਾ ਅਤੇ ਉਨ੍ਹਾਂ ਦੀ ਪੰਜਾਬ ਏਕਤਾ ਪਾਰਟੀ ਇੱਕ ਝੰਡੇ ਤੇ ਇੱਕ ਪਾਰਟੀ ਵਿੱਚ ਇਕੱਠੀਆਂ ਹੋ ਜਾਣ, ਤੇ ਇਸ ਤੋਂ ਬਾਅਦ ਉਹ ਨਾ ਇਸ ਪਾਰਟੀ ਵਿੱਚ ਪ੍ਰਧਾਨ ਬਣਨਗੇ ਤੇ ਨਾ ਕੋਈ ਆਹੁਦਾ ਲੈਣਗੇ। ਖਹਿਰਾ ਨੇ ਕਿਹਾ ਕਿ ਉਹ ਸਾਰੇ ਰਲ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਨਿਸ਼ਾਨ,  ਇੱਕ ਵਿਧਾਨ ਤੇ ਇੱਕ ਪ੍ਰ੍ਧਾਨ ਵਾਲਾ ਪਾਏਦਾਰ ਬਦਲ ਦੇਣਗੇ।

ਇੱਥੇ ਉਨ੍ਹਾਂ ਨੇ ਪੰਜਾਬ ਦੇ ਕੈਬਨਿੱਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਵੀ ਆਪਣੇ ਨਾਲ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਿਸ ਸਥਿਤੀ ਵਿੱਚ ਇਸ ਵੇਲੇ ਨਵਜੋਤ ਸਿੰਘ ਸਿੱਧੂ ਹਨ, ਜੇ ਤਾਂ ਉਹ ਪੰਜਾਬ ਦੇ ਜਾਗੀਰਦਾਰ ਟੱਬਰਾਂ ਖਿਲਾਫ ਦੋਸਤਾਨਾ ਮੈਚ ਖੇਡੇ ਜਾਣ ਵਾਲੇ ਆਪਣੇ ਬਿਆਨ ਤੋਂ ਪਿੱਛੇ ਹਟ ਕੇ ਆਪਣੇ ਲਫਜ ਵਾਪਸ ਲੈਂਦੇ ਹਨ ਤਾਂ ਉਹ ਇਹ ਸਮਝਦੇ ਹਨ, ਕਿ ਸਿੱਧੂ ਦੀ ਸਖ਼ਸ਼ੀਅਤ ਨੂੰ ਬਹੁਤ ਵੱਡੀ ਢਾਹ ਲੱਗੇਗੀ। ਉਨ੍ਹਾਂ ਦਾਅਵਾ ਕੀਤਾ ਕਿ ਕਾਂਗਰਸ ਪਾਰਟੀ ਵਿੱਚ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਨਵਜੋਤ ਸਿੰਘ ਸਿੱਧੂ ਨੂੰ ਰਹਿਣ ਨਹੀਂ ਦੇਣਗੇ, ਕਿਂਉਂਕਿ ਰਾਹੁਲ ਗਾਂਧੀ ਰਾਸ਼ਟਰੀ ਪੱਧਰ ‘ਤੇ ਕਮਜੋਰ ਹੋ ਗਏ ਹਨ ਤੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿੱਚ 8 ਸੀਟਾਂ ਜਿੱਤਣ ਤੋਂ ਬਾਅਦ ਰਾਹੁਲ ਗਾਂਧੀ ‘ਤੇ ਦਬਾਅ ਪਾ ਕੇ ਸਿੱਧੂ ਨੂੰ ਆਪਣੀ ਵਜ਼ਾਰਤ ਵਿੱਚੋਂ ਬਾਹਰ ਕਢਵਾ ਦੇਣਗੇ। ਜਿਸ ਗੱਲ ਦੇ ਕੈਪਟਨ ਨੇ ਪਹਿਲਾਂ ਹੀ ਸੰਕੇਤ ਦੇ ਦਿੱਤੇ ਹਨ, ਕਿ ਨਵਜੋਤ ਸਿੰਘ ਸਿੱਧੂ ਆਪਣੇ ਮਹਿਕਮੇ ਨੂੰ ਚਲਾਉਣ ਲਈ ਨਾ ਕਾਬਲ ਹਨ, ਤੇ ਬਠਿੰਡਾ ਤੋਂ ਇਲਾਵਾ ਪੰਜਾਬ ‘ਚ ਜਿਹੜੀਆਂ ਬਾਕੀ ਦੀਆਂ ਸੀਟਾਂ ‘ਤੇ ਕਾਂਗਰਸ ਦੀ ਹਾਰ ਹੋਈ ਹੈ, ਉਸ ਲਈ ਸਿੱਧੂ ਜਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਕੈਪਟਨ ਨੇ 5 ਸੀਟਾਂ ਦੀ ਹਾਰ ਦਾ ਠੀਕਰਾ ਸਿੱਧੂ ਦੇ ਸਿਰ ‘ਤੇ ਭੰਨ੍ਹਣ ਦੀ ਪੂਰੀ ਤਿਆਰੀ ਕਰ ਲਈ ਹੈ। ਅਜਿਹੇ ਵਿੱਚ ਇਹ ਸਿੱਧੂ ਨੇ ਦੇਖਣਾ ਹੈ ਕਿ ਉਹ ਸਿਰਫ ਵਜ਼ਾਰਤ ‘ਚ ਬਣੇ ਰਹਿਣ ਲਈ ਆਪਣੇ ਕਹੇ ਹੋਏ ਸ਼ਬਦ ਵਾਪਸ ਲੈਣਗੇ ਜਾਂ ਪੰਜਾਬ ਵਾਸਤੇ ਸਟੈਂਡ ਲੈ ਕੇ ਖੜ੍ਹੇ ਹੋਣਗੇ।”

ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਕਈ ਵਾਰ ਖ਼ਬਰ ਦਾ ਮੁੱਲ ਵਧਾਉਣ ਲਈ ਉਹ ਕਹਿ ਦਿੰਦੇ ਸਨ, ਕਿ ਜੇਕਰ ਨਵਜੋਤ ਸਿੰਘ ਸਿੱਧੂ ਸਾਡੇ ਨਾਲ ਆ ਕੇ ਖੜ੍ਹਦੇ ਹਨ, ਤਾਂ ਅਸੀਂ ਉਨ੍ਹਾਂ ਦਾ ਸਵਾਗਤ ਕਰਦੇ ਹਾਂ। ਪਰ ਅੱਜ ਉਹ ਨਵਜੋਤ ਸਿੰਘ ਸਿੱਧੂ ਨੂੰ ਕਹਿਣਾ ਚਾਹੁੰਦੇ ਹਨ ਕਿ, “ਆਓ! ਛੱਡੋ ਕਾਂਗਰਸ ਨੂੰ! ਉਨ੍ਹਾਂ ਨੇ ਤੁਹਾਨੂੰ ਵੈਸੇ ਵੀ ਕਿਸੇ ਨਾ ਕਿਸੇ ਬਹਾਨੇ ਕੱਢ ਦੇਣਾ ਹੈ। ਜੇ ਉਹ ਤੁਹਾਨੂੰ ਉੱਥੋਂ ਹਟਾਉਂਦੇ ਹਨ ਜਾਂ ਕੱਢਦੇ ਹਨ, ਜਾਂ ਤੁਸੀਂ ਕਾਂਗਰਸ ਛੱਡਣ ਦਾ ਆਪਣਾ ਮਨ ਬਣਾਉਂਦੇ ਹੋਂ, ਤਾਂ ਅਸੀਂ ਤੁਹਾਡਾ ਇਸ ਗੱਠਜੋੜ ‘ਚ ਸਵਾਗਤ ਕਰਾਂਗੇ।” ਖਹਿਰਾ ਨੇ ਕਿਹਾ ਕਿ ਉਨ੍ਹਾਂ ਦੀ ਇਸ ਮਸਲੇ ‘ਤੇ ਅਜੇ ਨਵਜੋਤ ਸਿੰਘ ਸਿੱਧੂ ਨਾਲ ਗੱਲ ਨਹੀਂ ਹੋਈ, ਪਰ ਉਹ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਜਰੂਰ ਕਰਨਗੇ।

ਸੁਖਪਾਲ ਸਿੰਘ ਖਹਿਰਾ ਨੇ ਇੱਥੇ ਪੰਜਾਬ ਦੇ ਲੋਕਾਂ ਨਾਲ ਵੀ ਨਰਾਜ਼ਗੀ ਜਤਾਉਂਦਿਆਂ ਇੱਕ ਕਹਾਣੀ ਸੁਣਾਈ ਜਿਸ ਦਾ ਸਾਰ ਇਹ ਸੀ, ਕਿ ਸੂਬੇ ਦੇ ਲੋਕ ਟੈਕਸ ਵੀ ਭਰੀ ਜਾ ਰਹੇ ਹਨ, ਛਿੱਤਰ ਵੀ ਖਾਈ ਜਾ ਰਹੇ ਹਨ, ਪਰ ਵੋਟਾਂ ਫਿਰ ਉਨ੍ਹਾਂ ਲੋਕਾਂ ਨੂੰ ਹੀ ਪਾ ਰਹੇ ਹਨ ਜਿਹੜੇ ਉਨ੍ਹਾਂ ਨਾਲ ਧੱਕਾ ਕਰਦੇ ਹਨ, ਕਿਉਂਕਿ ਉਹ ਅਕਲਮੰਦ ਨਹੀਂ ਹਨ।

 

Check Also

ਝੂਠਾ ਪੁਲਿਸ ਮੁਕਾਬਲਾ ਕੇਸ ‘ਚ ਪੈ ਗਿਆ ਰੌਲਾ? ਕੈਪਟਨ ਦੇ ਸੁਰੱਖਿਆ ਸਲਾਹਕਾਰ ਖ਼ੂਬੀ ਰਾਮ ਬਾਰੇ ਸੀਬੀਆਈ ਨੇ ਦਾਇਰ ਕਰ ਤਾ ਅਜਿਹਾ ਜਵਾਬ, ਕਿ ਅਦਾਲਤ ‘ਚ ਛਾ ਗਈ ਚੁੱਪੀ! ..

ਮੁਹਾਲੀ : ਸੀਬੀਆਈ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ …

Leave a Reply

Your email address will not be published. Required fields are marked *