ਪਟਿਆਲਾ : ਚੋਣਾਂ ਦੇ ਇਸ ਮਾਹੌਲ ‘ਚ ਹਰ ਪਾਰਟੀ ਆਪਣੇ ਵਿਰੋਧੀਆਂ ‘ਤੇ ਤੰਜ ਕਸ ਰਹੀ ਹੈ। ਇਸੇ ਮਹੌਲ ‘ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਿਸੇ ਗੱਲੋਂ ਪਿੱਛੇ ਨਹੀਂ ਰਹੇ। ਉਨ੍ਹਾਂ ਗੁਰਦਾਸਪੁਰ ਲੋਕ ਸਭਾ ਸੀਟ ‘ਤੇ ਭਾਜਪਾ ਦੇ ਚਿਹਰੇ ਸੰਨੀ ਦਿਓਲ ‘ਤੇ ਖੂਬ ਨਿਸ਼ਾਨੇ ਸਾਧੇ। ਕੈਪਟਨ ਅਮਰਿੰਦਰ ਸਿੰਘ ਨੇ ਸੰਨੀ ਦਿਓਲ ‘ਤੇ ਆਪਣਾ ਸਿਆਸੀ ਹਮਲਾ ਬੋਲਦਿਆਂ ਕਿਹਾ ਕਿ, ” ਮੈਂ ਅਸਲ ਜਿੰਦਗੀ ਦਾ ਫੌਜੀ ਹਾਂ ਤੇ ਸੰਨੀ ਫਿਲਮੀ ਫੌਜੀ ਹੈ। ਇਹ ਚੋਣਾਂ ਦਾ ਮੈਦਾਨ ਹੈ ਤੇ ਇਸ ਮੈਦਾਨ ‘ਚ ਸਨੀ ਦਿਓਲ ਨੂੰ ਹਰਾ ਕੇ ਰਹਾਂਗੇ।” ਇਹ ਗੱਲ ਉਨ੍ਹਾਂ ਨੇ ਪਟਿਆਲਾ ਵਿਖੇ ਆਪਣੀ ਪਤਨੀ ਮਹਾਰਾਣੀ ਪਰਨੀਤ ਕੌਰ ਦੇ ਨਾਮਜ਼ਦਗੀ ਪੱਤਰ ਦਾਖਲ ਕਰਨ ਸਮੇਂ ਕਹੀ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਗੁਰਦਾਸਪੁਰ ਸੀਟ ਤੋਂ ਫਿਲਮ ਅਭਿਨੇਤਾ ਵਿਨੋਦ ਖੰਨਾ ਨੇ ਚੋਣ ਲੜ ਕੇ ਚਾਰ ਵਾਰ ਇਹ ਸੀਟ ਭਾਜਪਾ ਦੀ ਝੋਲੀ ‘ਚ ਪਾਈ ਸੀ। ਪਰ ਉਨ੍ਹਾਂ ਦੇ ਦੇਹਾਂਤ ਤੋਂ ਬਾਅਦ ਜਦੋਂ ਸਾਲ 2017 ‘ਚ ਉਪ ਚੋਣਾਂ ਹੋਈਆਂ ਸਨ ਤਾਂ ਇਸ ਸੀਟ ਤੋਂ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਨੇ ਜਿੱਤ ਹਾਸਲ ਕੀਤੀ ਸੀ। ਹੁਣ ਭਾਜਪਾ ਕਿਸੇ ਵੀ ਹਾਲ ‘ਚ ਇਸ ਸੀਟ ਤੋਂ ਫਿਰ ਜਿੱਤ ਹਾਸਲ ਕਰਕੇ ਵਿਨੋਦ ਖੰਨਾ ਦੀ ਵਿਰਾਸਤ ਨੂੰ ਬਚਾਉਣਾ ਚਾਹੁੰਦੀ ਹੈ। ਇਸ ਦੇ ਚਲਦਿਆਂ ਭਾਜਪਾ ਨੇ ਬੀਤੇ ਦਿਨੀਂ ਫਿਲਮ ਅਭਿਨੇਤਾ ਸੰਨੀ ਦਿਓਲ ਨੂੰ ਇਸ ਸੀਟ ਤੋਂ ਟਿਕਟ ਦੇ ਦਿੱਤੀ ਹੈ। ਜਾਣਕਾਰੀ ਮੁਤਾਬਕ ਸਨੀ ਦਿਓਲ 29 ਅਪ੍ਰੈਲ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ।
ਦੂਜੇ ਪਾਸੇ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਪਰਨੀਤ ਕੌਰ ਨੇ ਆਪਣੇ ਨਾਮਜ਼ਦਗੀ ਪੱਤਰ ਬੀਤੇ ਦਿਨ ਭਰ ਦਿੱਤੇ ਹਨ। ਇਸ ਦੌਰਾਨ ਮਹਾਰਾਣੀ ਪਰਨੀਤ ਕੌਰ ਦੇ ਨਾਲ ਉਨ੍ਹਾਂ ਦੇ ਪਤੀ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦ ਸਨ। ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਜਿੱਤ ਦਾ ਪੂਰਾ ਭਰੋਸਾ ਦਿੱਤਾ।
ਇਸ ਦੌਰਾਨ ਜਦੋਂ ਪੱਤਰਕਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੇ ਮੁਕਾਬਲੇ ਭਾਜਪਾ ਉਮੀਦਵਾਰ ਦੇ ਰੂਪ ‘ਚ ਸੰਨੀ ਦਿਓਲ ਨੂੰ ਉਤਾਰੇ ਜਾਣ ਦਾ ਸਵਾਲ ਕੀਤਾ ਤਾਂ ਉਨ੍ਹਾਂ ਸੰਨੀ ਦਿਓਲ ‘ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹ ਇੱਕ ਫਿਲਮੀ ਫੌਜੀ ਹੈ ਤੇ ਮੈਂ ਅਸਲ ਜਿੰਦਗੀ ਦਾ ਫੌਜੀ ਹਾਂ ਤੇ ਇਸ ਚੋਣਾਂ ਦੇ ਮੈਦਾਨ ‘ਚ ਅਸੀਂ ਉਸ ਨੂੰ ਹਰਾ ਕੇ ਰਹਾਂਗੇ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਸੰਨੀ ਦਿਓਲ ਤੋਂ ਕੋਈ ਡਰ ਨਹੀਂ ਲਗਦਾ ਤੇ ਜਨਤਾ ਸੁਨੀਲ ਜਾਖੜ ਨੂੰ ਹੀ ਆਪਣਾ ਪ੍ਰਤੀਨਿਧੀ ਚੁਣੇਗੀ।
- Advertisement -