ਇਸਲਾਮਾਬਾਦ : ਕਹਿੰਦੇ ਨੇ ਜਦੋਂ ਇਨਸਾਨ ਨੂੰ ਗੁੱਸਾ ਆਉਂਦਾ ਹੈ ਤਾਂ ਉਹ ਆਪਣੀ ਮਾਨਸਿਕਤਾ ਗੁਆ ਦਿੰਦਾ ਹੈ ਤੇ ਕੁਝ ਵੀ ਕਰ ਬੈਠਦਾ ਹੈ। ਕੁਝ ਇਸੇ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆਇਆ ਹੈ ਪਾਕਿਸਤਾਨ ‘ਚ ਜਿੱਥੇ ਸਿਰਫ ਛੋਟੀ ਜਿਹੀ ਗੱਲ ਕਾਰਨ ਹੀ ਇੱਕ ਵਿਦਿਆਰਥੀ ਨੇ ਆਪਣੇ ਪ੍ਰੋਫੈਸਰ ਦਾ ਕਤਲ ਕਰ ਦਿੱਤਾ। ਦਰਅਸਲ ਬਹਾਵਲਪੁਰ ਦੇ ਇੱਕ ਨਿੱਜ਼ੀ ਕਾਲਜ਼ ‘ਚ ਲੜਕੇ ਅਤੇ ਲੜਕੀਆਂ ਦਾ ਇਕੱਠਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ ਜੋ ਕਿ ਉੱਥੋਂ ਦੇ ਰਹਿਣ ਵਾਲੇ ਖਤੀਬ ਹੁਸੈਨ ਨਾਮ ਦੇ ਲੜਕੇ ਨੂੰ ਬਿਲਕੁਲ ਪਸੰਦ ਨਹੀਂ ਆਇਆ ਜਿਸ ਤੋਂ ਭੜਕਦਿਆਂ ਖਤੀਬ ਨੇ ਪ੍ਰੋਫੈਸਰ ਦਾ ਕਤਲ ਕਰ ਦਿੱਤਾ।
ਦੱਸ ਦਈਏ ਕਿ ਖਤੀਬ ਹੁਸੈਨ ਨੂੰ ਇਹ ਪ੍ਰੋਗਰਾਮ ਗੈਰ ਇਸਲਾਮੀ ਲਗਦਾ ਸੀ। ਉਹ ਸੋਚਦਾ ਸੀ ਕਿ ਕੁੜੀਆਂ ਅਤੇ ਮੁੰਡਿਆਂ ਦਾ ਇੱਕ ਪਾਰਟੀ ‘ਚ ਇਕੱਠੇ ਹੋਣਾ ਇਸਲਾਮ ਦੇ ਵਿਰੁੱਧ ਹੈ, ਜਿਸ ਕਾਰਨ ਖਤੀਬ ਦੀ ਪ੍ਰੋਫੈਸਰ ਨਾਲ ਜਬਰਦਸਤ ਬਹਿਸ ਹੋ ਗਈ। ਇਸ ਤੋਂ ਬਾਅਦ ਜਦੋਂ 20 ਮਾਰਚ ਨੂੰ ਪ੍ਰੋਫੈਸਰ ਕਾਲਜ਼ ਜਾ ਰਿਹਾ ਸੀ ਤਾਂ ਖਤੀਬ ਨੇ ਪ੍ਰੋਫੈਸਰ ‘ਤੇ ਹਮਲਾ ਕਰ ਦਿੱਤਾ। ਉਸ ਸਮੇਂ ਪ੍ਰੋਫੈਸਰ ਦਾ ਪੁੱਤਰ ਵੀ ਉਸ ਦੇ ਨਾਲ ਸੀ। ਜਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖਤੀਬ ਨੇ ਪ੍ਰੋਫੈਸਰ ਦੇ ਸਿਰ ਅਤੇ ਪੇਟ ‘ਚ ਚਾਕੂ ਨਾਲ ਹਮਲਾ ਕੀਤਾ। ਜਿਸ ਤੋਂ ਬਾਅਦ ਉਸ ਦਾ ਪਿਤਾ ਬੇਹੋਸ਼ ਹੋ ਗਿਆ। ਪ੍ਰੋਫੈਸਰ ਦੇ ਪੁੱਤਰ ਅਨੁਸਾਰ ਇਹ ਹਮਲਾ ਕਰਕੇ ਖਤੀਬ ਨੇ ਉੱਚੀ ਉੱਚੀ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਕਿ ‘ ਮੈਂ ਪ੍ਰੋਫੈਸਰ ਨੂੰ ਮਾਰ ਦਿੱਤਾ ਹੈ, ਮੈ ਉਸ ਨੂੰ ਦੱਸਿਆ ਸੀ ਕਿ ਮੁੰਡੇ ਅਤੇ ਕੁੜੀਆਂ ਦਾ ਇਕੱਠਾ ਪ੍ਰੋਗਰਾਮ ਇਸਲਾਮ ਦੇ ਵਿਰੁੱਧ ਹੈ, ਪਰ ਉਹ ਨਹੀਂ ਮੰਨਿਆ।‘ ਇਸ ਤੋਂ ਬਾਅਦ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ।