ਮਾੜਾ ਸਮਾਂ ਨਹੀਂ ਛੱਡ ਰਿਹਾ ਉਮਰਾਨੰਗਲ ਦਾ ਪਿੱਛਾ, ਅੱਜ ਹਾਈ ਕੋਰਟ ਦੇ ਹੁਕਮਾਂ ‘ਤੇ ਖੁੱਲ੍ਹੇਗੀ ਇੱਕ ਕਤਲ ਮਾਮਲੇ ਦੀ ਜਾਂਚ !

ਚੰਡੀਗੜ੍ਹ : ਇੰਝ ਜਾਪਦਾ ਹੈ ਜਿਵੇਂ ਸਾਲ 2015 ਦੌਰਾਨ ਵਾਪਰੇ ਗੋਲੀ ਕਾਂਡ ਮਾਮਲਿਆਂ ਦੀ ਜਾਂਚ ਦੇ ਘੇਰੇ ਵਿੱਚ ਆਏ ਪੰਜਾਬ ਪੁਲਿਸ ਦੇ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਦਾ ਮਾੜਾ ਸਮਾਂ ਉਨ੍ਹਾਂ ਦਾ ਪਿੱਛਾ ਹੀ ਨਹੀਂ ਛੱਡ ਰਿਹਾ। ਬਹਿਬਲ ਕਲਾਂ ਤੇ ਕੋਟਕਪੁਰਾ ਗੋਲੀ ਕਾਂਡ ਮਾਮਲਿਆਂ ਵਿੱਚ ਐਸਆਈਟੀ ਵੱਲੋਂ ਗ੍ਰਿਫਤਾਰ ਕਰਕੇ ਜੇਲ੍ਹ ਭੇਜੇ ਗਏ ਉਮਰਾਨੰਗਲ ਨੂੰ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆਂ ਅਜੇ ਜੁੰਮਾਂ ਜੁੰਮਾਂ ਚੰਦ ਦਿਨ ਹੀ ਬੀਤੇ ਸਨ, ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਇਸ ਪੁਲਿਸ ਅਧਿਕਾਰੀ ਦੇ ਖਿਲਾਫ ਹੁਣ ਦਹਾਕਿਆਂ ਪੁਰਾਣੇ ਇੱਕ ਕਤਲ ਕਾਂਡ ਦੀ ਜਾਂਚ ਖੋਲ੍ਹਣ ਜਾ ਰਹੀ ਹੈ। ਬੱਸ ਫੈਸਲਾ ਇਹ ਹੋਣਾ ਬਾਕੀ ਹੈ ਕਿ ਇਹ ਜਾਂਚ ਕਿਹੜੇ ਪੁਲਿਸ ਅਧਿਕਾਰੀਆਂ ਨੂੰ ਸੌਂਪੀ ਜਾਵੇਗੀ? ਉਮਰਾਨੰਗਲ ਦੇ ਵਕੀਲ ਕਹਿੰਦੇ ਹਨ, ਕਿ ਸਾਨੂੰ ਪੰਜਾਬ ਪੁਲਿਸ ‘ਤੇ ਭਰੋਸਾ ਨਹੀਂ ਤੇ ਪੀੜਤ ਪੱਖ ਕਹਿੰਦਾ ਹੈ, ਕਿ ਬੇਸ਼ੱਕ ਜਾਂਚ ਕਿਸੇ ਬਾਹਰਲੇ ਸੂਬੇ ਦੇ ਆਈ ਪੀ ਐਸ ਅਧਿਕਾਰੀਆਂ ਤੋਂ ਕਰਵਾ ਲਈ ਜਾਵੇ। ਇਸ ‘ਤੇ ਬਚਾਅ ਪੱਖ ਦੇ ਵਕੀਲਾਂ ਨੇ ਅਦਾਲਤ ਤੋਂ ਉਮਰਾਨੰਗਲ ਨਾ ਸਲਾਹ ਕਰਨ ਲਈ ਇੱਕ ਦਿਨ ਦਾ ਸਮਾਂ ਮੰਗਿਆ ਹੈ, ਜਿਸ ‘ਤੇ ਅੱਜ ਫੈਸਲਾ ਆਉਣਾ ਹੈ।

ਦੱਸ ਦਈਏ ਕਿ ਸਾਲ 1994 ਦੌਰਾਨ ਜਦੋਂ ਪੰਜਾਬ ਪੁਲਿਸ ਦੇ ਮੌਜੂਦਾ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਰੋਪੜ ਵਿਖੇ ਡੀ ਐਸ ਪੀ ਅਹੁਦੇ ‘ਤੇ ਤਾਇਨਾਤ ਸੀ, ਤਾਂ ਉਸ ਵੇਲੇ ਉਨ੍ਹਾਂ ਨੇ ਗੁਰਨਾਮ ਸਿੰਘ ਬੰਦਾਲਾ ਨਾਮ ਦੇ ਇੱਕ ਅਜਿਹੇ ਖਾੜਕੂ ਨੂੰ ਪੁਲਿਸ ਮੁਕਾਬਲੇ ‘ਚ ਮਾਰ ਦੇਣ ਦਾ ਦਾਅਵਾ ਕੀਤਾ ਸੀ, ਜਿਸ ਦੇ ਸਿਰ ‘ਤੇ ਹਜ਼ਾਰਾਂ ਰੁਪਏ ਦਾ ਇਨਾਮ ਸੀ। ਮੁਕਾਬਲੇ ਤੋਂ ਬਾਅਦ ਉਮਰਾਨੰਗਲ ਨੂੰ ਇਨਾਮ ਵੀ ਮਿਲਿਆ ਤੇ ਸ਼ਾਬਾਸ਼ੀ ਵੀ। ਪਰ ਕੁਝ ਚਿਰ ਬਾਅਦ ਜਿਸ ਗੁਰਨਾਮ ਸਿੰਘ ਬੰਦਾਲਾ ਨੂੰ ਮਾਰ ਗਿਰਾਉਣ ਦਾ ਉਮਰਾਨੰਗਲ ਨੇ ਦਾਅਵਾ ਕੀਤਾ ਸੀ, ਉਹ ਬੰਦਾਲਾ ਆਪ ਖੁਦ ਸਾਹਮਣੇ ਆ ਗਿਆ ਤੇ ਉਸ ਨੇ ਉਮਰਾਨੰਗਲ ਵੱਲੋਂ ਕੀਤੇ ਪੁਲਿਸ ਮੁਕਾਬਲੇ ਦੇ ਦਾਅਵਿਆਂ ਦੀਆਂ ਧੱਜੀਆਂ ਉਡਾ ਦਿੱਤੀਆਂ। ਫਿਰ ਸਵਾਲ ਇਹ ਉਠਿਆ ਕਿ ਉਹ ਸਖ਼ਸ਼ ਕੌਣ ਸੀ ਜਿਹੜਾ ਉਮਰਾਨੰਗਲ ਨਾਲ ਪੁਲਿਸ ਮੁਕਾਬਲੇ ਦੌਰਾਨ ਮਾਰਿਆ ਗਿਆ ਸੀ? ਇਸੇ ਦੌਰਾਨ ਕਾਲਾ ਅਫਗਾਨਾਂ ਇਲਾਕਾ ਵਾਸੀ ਇੱਕ ਵਿਅਕਤੀ ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ‘ਚ ਅਰਜੀ ਪਾ ਕੇ ਦੋਸ਼ ਲਾਏ ਕਿ ਜਿਸ ਵੇਲੇ ਉਮਰਾਨੰਗਲ ਰੋਪੜ ਦੇ ਡੀਐਸਪੀ ਵਜੋਂ ਤਾਇਨਾਤ ਸਨ ਤਾਂ ਉਨ੍ਹਾਂ ਨੇ ਗੁਰਨਾਮ ਸਿੰਘ ਬੰਦਾਲਾ ਨੂੰ ਨਹੀਂ ਉਸ ਦੇ ਪਤੀ ਸੁਖਪਾਲ ਸਿੰਘ ਨੂੰ ਬੰਦਾਲਾ ਦੀ ਥਾਂ  ਮਾਰ ਦਿੱਤਾ ਸੀ, ਤੇ ਉਸ ਦੇ ਪਤੀ ਦੀ ਲਾਸ਼ ਦਿਖਾ ਕੇ ਕਿਹਾ ਸੀ, ਕਿ ਪੁਲਿਸ ਮੁਕਾਬਲੇ ‘ਚ ਗੁਰਨਾਮ ਸਿੰਘ ਬੰਦਾਲਾ ਨੂੰ ਮਾਰ ਦਿੱਤਾ ਗਿਆ ਹੈ। ਮਾਮਲਾ ਭਖਿਆ ਤਾਂ ਉਸ ਵੇਲੇ ਗਿਆਰਾਂ ਸਾਲ ਬਾਅਦ ਇਸ ਮਾਮਲੇ ਦੀ ਐਫਆਈ ਆਰ ਦਰਜ ਕੀਤੀ ਗਈ ਸੀ ਤੇ ਸੁਖਪਾਲ ਸਿੰਘ ਦੇ ਪਰਿਵਾਰ ਦੀ ਹੁਣ ਹਾਈ ਕੋਰਟ ਤੋਂ ਇਹ ਮੰਗ ਹੈ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ, ਪਰ ਹਾਈ ਕੋਰਟ ਨੇ ਇਹ ਕਹਿੰਦਿਆਂ ਸੀਬੀਆਈ ਨੂੰ ਇਸ ਮਾਮਲੇ ਦੀ ਜਾਂਚ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਸੀਬੀਆਈ ਕੋਲ ਪਹਿਲਾਂ ਹੀ ਬਹੁਤ ਜਿਆਦਾ ਕੰਮ ਹੈ।

ਹੁਣ ਅਦਾਲਤ ਅੰਦਰ ਬਹਿਸ ਇਸ ਗੱਲ ਦੀ ਚੱਲ ਰਹੀ ਹੈ, ਕਿ ਇਸ ਮਾਮਲੇ ਦੀ ਜਾਂਚ ਲਈ ਬਣਾਈ ਗਈ ਐਸਆਈਟੀ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾਵੇਗਾ? ਜਿੱਥੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਇਸ ਮਾਮਲੇ ਦੀ ਜਾਂਚ ਪੰਜਾਬ ਵੀਜੀਲੈਂਸ ਤੋਂ ਕਰਵਾਉਣ ਦਾ ਸੁਝਾਅ ਅਦਾਲਤ ਕੋਲ ਇਸ ਲਈ ਰਖਦੇ ਹਨ ਕਿਉਂਕਿ ਨੰਦਾ ਅਨੁਸਾਰ ਵੀਜੀਲੈਂਸ ਵਿਭਾਗ ਪੰਜਾਬ ਦੇ ਗ੍ਰਹਿ ਸਕੱਤਰ ਅਧੀਨ ਆਉਂਦਾ ਹੈ ਤੇ ਡੀਜੀਪੀ ਨਾਲ ਇਸ ਵਿਭਾਗ ਦਾ ਕੋਈ ਸਬੰਧ ਨਹੀਂ ਹੈ, ਉੱਥੇ ਉਮਰਾਨੰਗਲ ਦੇ ਵਕੀਲ ਅਦਾਲਤ ਵਿੱਚ ਦਾਅਵਾ ਕਰਦੇ ਹਨ ਕਿ ਪੰਜਾਬ ਪੁਲਿਸ ਤਾਂ ਪਹਿਲਾਂ ਹੀ ਉਮਰਾਨੰਗਲ ਨੂੰ ਫਸਾਉਣ ਦੀ ਤਾਕ ਵਿੱਚ ਹੈ, ਲਿਹਾਜਾ ਇਹ ਜਾਂਚ ਪੰਜਾਬ ਪੁਲਿਸ ਤੋਂ ਨਾ ਕਰਵਾਈ ਜਾਵੇ।

ਉੱਧਰ ਇਸੇ ਮਾਮਲੇ ਵਿੱਚ ਸ਼ਿਕਾਇਤ ਕਰਤਾ ਦਲਬੀਰ ਕੌਰ ਦੇ ਵਕੀਲਾਂ ਦਾ ਕਹਿਣਾ ਹੈ ਕਿ ਇਸ ਐਸਆਈਟੀ ਵਿੱਚ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਤੋਂ ਇਲਾਵਾ ਕਿਸੇ ਬਾਹਰਲੇ ਸੂਬੇ ਦੇ ਅਜਿਹੇ ਉੱਚ ਪੁਲਿਸ ਅਧਿਕਾਰੀ ਨੂੰ ਸ਼ਾਮਲ ਕੀਤਾ ਜਾਵੇ ਜਿਹੜਾ ਕਿ ਉਮਰਾਨੰਗਲ ਦੇ ਅਹੁਦੇ ਤੋਂ ਉੱਚੇ ਅਹੁਦੇ ‘ਤੇ ਤਾਇਨਾਤ ਹੋਵੇ। ਇੰਨਾਂ ਸੁਣਦਿਆਂ ਹੀ ਉਮਰਾਨੰਗਲ ਦੇ ਵਕੀਲ ਨੇ ਅਦਾਲਤ ਨੂੰ ਬੇਨਤੀ ਕੀਤੀ, ਕਿ ਉਨ੍ਹਾਂ ਨੂੰ ਇੱਕ ਦਿਨ ਦਾ ਸਮਾਂ ਦਿੱਤਾ ਜਾਵੇ ਤਾਂ ਕਿ ਉਹ ਉਮਰਾਨੰਗਲ ਨਾਲ ਇਸ ਮਾਮਲੇ ਵਿੱਚ ਸਲਾਹ ਕਰ ਸਕਣ। ਲਿਹਾਜਾ ਹੁਣ ਇਹ ਤੈਅ ਹੈ ਕਿ ਗੋਲੀ ਕਾਂਡ ਮਾਮਲੇ ਤੋਂ ਇਲਾਵਾ ਉਮਰਾਨੰਗਲ ‘ਤੇ ਇੱਕ ਕਤਲ ਮਾਮਲੇ ਵਿੱਚ ਸਜਾ ਹੋਣ ਦੀ ਤਲਵਾਰ ਵੀ ਉਨੀਂ ਦੇਰ ਤੱਕ ਲਟਕਦੀ ਰਹੇਗੀ, ਜਿੰਨੀ ਦੇਰ ਤੱਕ ਉਹ ਇਸ ਕੇਸ ਵਿੱਚੋਂ ਵੀ ਬਰੀ ਨਹੀਂ ਹੋ ਜਾਂਦੇ।

 

Check Also

ਮੁੱਖ ਮੰਤਰੀ ਦੀ ਗੈਂਗਸਟਰ ਵਿਰੋਧੀ ਮੁਹਿੰਮ ਨੂੰ ਮਿਲੀ ਹੋਰ ਵੱਡੀ ਸਫ਼ਲਤਾ, ਪਿੰਦਰੀ ਗੈਂਗ ਦੇ 10 ਗੈਂਗਸਟਰ ਕੀਤੇ ਕਾਬੂ

ਚੰਡੀਗੜ੍ਹ/ਰੂਪਨਗਰ: ਪੰਜਾਬ ਪੁਲਿਸ ਵੱਲੋਂ ਗੈਂਗਸਟਰਾਂ ਖਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜਾਰੀ ਰੱਖਦਿਆਂ ਰੂਪਨਗਰ ਪੁਲਿਸ …

Leave a Reply

Your email address will not be published.