ਮਾਨ ਵੱਲੋਂ ਹੱਥ ਦੀ ਮੁੱਠੀ ਬਣਾ ਕੀਤਾ ਗਿਆ ਇੱਕ ਇਸ਼ਾਰਾ ਬਦਲ ਸਕਦੈ ਚੋਣ ਸਮੀਕਰਣ?

TeamGlobalPunjab
3 Min Read

ਕੁਲਵੰਤ ਸਿੰਘ

ਸੰਗਰੂਰ : 19 ਮਈ ਨੂੰ ਪੂਰੇ ਪੰਜਾਬ ਵਿੱਚ ਲੋਕ ਸਭਾ ਚੋਣਾਂ ਸਬੰਧੀ ਵੋਟਾਂ ਪਾਈਆਂ ਜਾਣੀਆਂ ਹਨ, ਜਿਸ ਤੋਂ ਪਹਿਲਾਂ 17 ਦੀ ਸ਼ਾਮ 6 ਵਜੇ ਚੋਣ ਪ੍ਰਚਾਰ ਵੀ ਬੰਦ ਹੋ ਚੁੱਕਿਆ ਹੈ। ਪਰ ਵੋਟਾਂ ਪੈਣ ਤੋਂ ਚੰਦ ਘੰਟੇ ਪਹਿਲਾਂ ਲੋਕ ਸਭਾ ਹਲਕਾ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਦੀ ਇੱਕ ਵੀਡੀਓ ਖੂਬ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਵੀਡੀਓ ‘ਚ ਮਾਨ ਆਪਣੇ ਹਲਕੇ ਅੰਦਰ ਪੈਂਦੇ ਕਿਸੇ ਪਿੰਡ ਵਿੱਚ ਵੋਟਾਂ ਮੰਗਣ ਲਈ ਰੋਡ ਸ਼ੋਅ ਕਰਦੇ ਦਿਖਾਈ ਦਿੰਦੇ ਹਨ, ਜਿਸ ਵਿੱਚ ਉਹ ਇੱਕ ਅਜਿਹਾ ਇਸ਼ਾਰਾ ਕਰਦੇ ਹਨ, ਕਿ ਸੂਝਵਾਨ ਲੋਕ ਉਸ ਸੀਨ ਨੂੰ ਵਾਰ ਵਾਰ ਰੋਕ ਕੇ ਇਹ ਦੇਖਣ ਲਈ ਮਜ਼ਬੂਰ ਹੋ ਗਏ ਹਨ। ਉਹ ਇਹ ਜਾਣਨਾ ਚਾਹੁੰਦੇ ਹਨ, ਕਿ ਇਹ ਜਾਣਬੁੱਝ ਕੇ ਕੀਤਾ ਗਿਆ ਹੈ ਜਾਂ ਲੋਕ ਇਸ ਦਾ ਮਤਲਬ ਕੁਝ ਹੋਰ ਕੱਢ ਰਹੇ ਹਨ। ਇਸੇ ਲਈ ਇਹ ਵੀਡੀਓ ਖੂਬ ਸੁਰਖੀਆਂ ਬਟੋਰ ਰਹੀ ਹੈ। ਮਾਨ ਵਿਰੋਧੀਆਂ ਦਾ ਇਹ ਦੋਸ਼ ਹੈ, ਕਿ ਵੀਡੀਓ ਵਿੱਚ ਮਾਨ ਇੱਕ ਅਸ਼ਲੀਲ ਇਸ਼ਾਰਾ ਕਰਦੇ ਹਨ, ਜਦਕਿ ਮਾਨ ਹਿਤਾਇਸ਼ੀ ਇਸ ਨੂੰ ਕੋਰੀ ਗੱਪ ਕਰਾਰ ਦੇ ਕੇ, ਅਜਿਹੀ ਗੱਲ ਫੈਲਾਉਣ ਵਾਲਿਆਂ ਨੂੰ ਸੋਸ਼ਲ ਮੀਡੀਆ ‘ਤੇ ਗੰਦੀਆਂ ਗੰਦੀਆਂ ਗਾਲ੍ਹਾਂ ਕੱਢ ਰਹੇ ਹਨ।

ਦਰਅਸਲ, ਇਸ ਵੀਡੀਓ ਨੂੰ ਚਲਾ ਕੇ ਦੇਖਣ ‘ਤੇ ਪਤਾ ਲਗਦਾ ਹੈ, ਕਿ ਜਦੋਂ ਮਾਨ ਆਪਣਾ ਰੋਡ ਸ਼ੋਅ ਕਰਦੇ ਹਨ ਤਾਂ ਉਨ੍ਹਾਂ ਦੇ ਸਮਰਥਕ ਮਾਨ ਦੀ ਗੱਡੀ ਕੋਲ ਇਕੱਠੇ ਹੋ ਜਾਂਦੇ ਹਨ, ਤੇ ਇਨ੍ਹਾਂ ਹਾਲਾਤਾਂ ਨਾਲ ਨਿਬੜਨ ਲਈ ਮਾਨ ਆਪ ਖੁਦ ਹੱਥ ਦੇ ਇਸ਼ਾਰਿਆਂ ਨਾਲ ਲੋਕਾਂ ਨੂੰ ਗੱਡੀ ਅੱਗੋਂ ਹਟਾਉਣ ਲੱਗ ਪੈਂਦੇ ਹਨ। ਅੱਗੇ ਦਿਖਾਈ ਦਿੰਦਾ ਹੈ, ਕਿ ਰੋਡ ਸ਼ੋਅ ਦੌਰਾਨ ਇਕੱਠ ਜਿਆਦਾ ਹੋ ਜਾਂਦਾ ਹੈ, ਪਰ ਰਾਹ ਛੋਟਾ ਹੈ। ਵੀਡੀਓ ਅੱਗੇ ਚਲਦੀ ਹੈ ਤਾਂ ਮਾਨ ਪਹਿਲਾਂ ਗੁਸੇ ‘ਚ ਆਕੇ ਲੋਕਾਂ ਨੂੰ ਸਾਈਡ ‘ਤੇ ਹੋਣ ਲਈ ਅਪੀਲ ਕਰਦੇ ਦਿਖਾਈ ਦਿੰਦੇ ਹਨ, ਪਰ ਇਸ ਅਪੀਲ ਦੇ ਬਾਵਜੂਦ ਵੀ ਜਦੋਂ ਲੋਕ ਪਿੱਛੇ ਨਾ ਹੋਏ ਤਾਂ ਭਗਵੰਤ ਮਾਨ ਹਵਾ ਵਿੱਚ ਭੰਗੜਾ ਪਾਉਂਦੇ ਪਾਉਂਦੇ ਹੱਥ ਦੀ ਮੁੱਠੀ ਬਣਾ ਕੇ ਉਸ ਨੂੰ ਕੱਛ ਨੀਚਿਓਂ ਦੀ ਕੱਢਦੇ ਹੋਏ ਅਜੀਬੋ ਗਰੀਬ ਇਸ਼ਾਰਾ ਕਰਨ ਲੱਗ ਪੈਂਦੇ ਹਨ।

ਇਸ ਵੀਡੀਓ ਨੂੰ ਵੇਖਣ ਵਾਲੇ ਲੋਕ ਆਪੋ ਆਪਣੇ ਢੰਗ ਨਾਲ ਇਸ ‘ਤੇ ਪ੍ਰਤੀਕਿਰਿਆ ਦੇ ਰਹੇ ਹਨ। ਕੋਈ ਮਾਨ ਵੱਲੋਂ ਕੀਤੇ ਗਏ ਇਸ਼ਾਰੇ ਨੂੰ ਅਸ਼ਲੀਲ ਦੱਸ ਰਿਹਾ ਹੈ, ਤੇ ਕੋਈ ਇਸ ਨੂੰ ਭੰਗੜੇ ਦਾ ਇੱਕ ਐਕਸ਼ਨ। ਹੁਣ ਦੋਵਾਂ ਵਿੱਚੋਂ ਕੀ ਸਹੀ ਹੈ, ਇਹ ਤਾਂ ਦੇਖਣ ਵਾਲੇ ਦਾ ਆਪਣਾ ਅੰਦਾਜ ਹੋਵੇਗਾ, ਪਰ ਸੱਚਾਈ ਇਹ ਹੈ ਕਿ ਵੋਟਾਂ ਤੋਂ ਪਹਿਲਾਂ ਹਰ ਬੰਦਾ ਦੂਜੇ ਦੀ ਲੱਤ ਖਿੱਚਣੋਂ ਬਾਜ਼ ਨਹੀਂ ਆ ਰਿਹਾ। ਬਾਕੀ ਇੰਨਾ ਜਰੂਰ ਹੈ ਕਿ ਭਗਵੰਤ ਮਾਨ ਵੀ ਇੱਕ ਪੰਜਾਬੀ ਹਨ ਤੇ ਉਨ੍ਹਾਂ ਨੇ ਇਹ ਇਸ਼ਾਰਾ ਵੀ ਪੰਜਾਬ ਦੇ ਹੀ ਆਪਣੇ ਇੱਕ ਪਿੰਡ ਵਿੱਚ ਕੀਤਾ ਹੈ, ਤੇ ਇੰਨਾ ਵੀ ਪੱਕਾ ਹੈ ਕਿ ਆਪਣਿਆਂ ਨੂੰ ਆਪਣਿਆਂ ਦੀ ਭਾਸ਼ਾ ਤਾਂ ਸਮਝ ਆ ਹੀ ਜਾਂਦੀ ਹੈ, ਭਾਵੇਂ ਉਸ ਨੇ ਮੂੰਹ ਨਾਲ ਕੁਝ ਕਿਹਾ ਹੋਵੇ ਜਾਂ ਨੱਚਦੇ ਨੱਚਦੇ ਹੱਥ ਦੀ ਮੁੱਠੀ ਬਣਾ ਕੇ ਉਸ ਨੂੰ ਹਿਲਾਉਂਦੇ ਹੋਏ ਕੱਛ ਥੱਲੋਂ ਕੱਢ ਲਵੇ।

- Advertisement -

https://youtu.be/MxmuWhF2Qrg

Share this Article
Leave a comment