ਬੇਅਦਬੀ ਮਾਮਲਾ : ਗੁਨਾਹਗਾਰ ਕੌਣ?

TeamGlobalPunjab
8 Min Read

ਅਵਤਾਰ ਸਿੰਘ

ਸੀਨੀਅਰ ਪੱਤਰਕਾਰ

ਪੰਜਾਬ ਵਿੱਚ ਸਿਆਸਤ ਦੀਆਂ ਬੀਤੇ ਐਤਵਾਰ (9 ਦਸੰਬਰ) ਨੂੰ ਦੋ ਤਿੰਨ ਖ਼ਬਰਾਂ ਅਹਿਮ ਰਹੀਆਂ। ਇਹਨਾਂ ਵਿੱਚ ਪਹਿਲੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਸਭ ਤੋਂ ਵੱਡੀ ਉਮਰ ਦੇ  ਸਿਆਸੀ ਆਗੂ ਅਤੇ ਪੰਜਾਬ ਦੇ ਨੈਲਸਨ ਮੰਡੇਲਾ ਅਖਵਾਉਣ ਵਾਲੇ ਪ੍ਰਕਾਸ਼ ਸਿੰਘ ਬਾਦਲ ਦਾ 92ਵਾਂ ਜਨਮ ਦਿਨ ਮਨਾਉਣਾ। ਦੂਜੀ ਪੰਜਾਬ ਸਰਕਾਰ ਵਿੱਚ ਮੌਜੂਦਾ ਸਹਿਕਾਰੀ ਅਤੇ ਜੇਲ੍ਹ ਵਿਭਾਗ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਆਪਣੀ ਸਰਕਾਰ ਦੀ ਨਾਕਾਮੀ ਖਿਲਾਫ ਬਿਆਨ ਦੇਣਾ। ਵੈਸੇ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਬੇਰੁਜ਼ਗਾਰ ਅਧਿਆਪਕਾਂ ਖਿਲਾਫ ਵਰਤੀ ਗਈ ਮਾੜੀ ਸ਼ਬਾਦਵਲੀ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਇਸ ਦਾ ਗੰਭੀਰ ਨੋਟਿਸ ਲੈਂਦਿਆਂ ਇਸ ਮੁੱਦੇ ਨੂੰ ਸੰਸਦ ਵਿੱਚ ਉਠਾਉਣ ਵਾਲੀ ਖ਼ਬਰ ਵੀ ਚਰਚਾ ਦਾ ਵਿਸ਼ਾ ਬਣਦੀ ਵਿਖਾਈ ਦਿੱਤੀ। ਇਹ ਖ਼ਬਰਾਂ ਦੇਰ ਰਾਤ ਤਕ ਲੋਕਾਂ ਦੀਆਂ ਉਂਗਲੀਆਂ ਦੇ ਪੋਟਿਆਂ (ਸੋਸ਼ਲ ਮੀਡੀਆ) ਹੇਠ ਪੜ੍ਹ/ਦੇਖ ਹੁੰਦੀਆਂ ਰਹੀਆਂ ਅਤੇ ਸੋਮਵਾਰ ਸਵੇਰ ਨੂੰ ਅਖਬਾਰਾਂ ਦੀਆਂ ਸੁਰਖੀਆਂ ਬਣ ਗਈਆਂ। ਲੋਕਾਂ ਦੇ ਧਿਆਨ ਵਿੱਚ ਆਈ ਹਰ ਖ਼ਬਰ ਦੀ ਚਰਚਾ ਹੋਣੀ ਸੁਭਾਵਿਕ ਹੈ।

ਰਿਪੋਰਟਾਂ ਅਨੁਸਾਰ ਸਿਆਸਤ ਨੇ ਇਕ ਨਵਾਂ ਮੋੜ ਲੈਂਦਿਆਂ ਪੰਜਾਬ ਦੇ ਬਰਗਾੜੀ ਅਤੇ ਬਹਿਬਲ ਕਲਾਂ ਵਿੱਚ ਵਾਪਰੀਆਂ ਬੇਅਦਬੀ ਦੀਆਂ ਘਟਨਾਵਾਂ ਦਾ ਮੁੱਦਾ ਮੁੜ ਭਖਣ ਲੱਗ ਪਿਆ ਹੈ। ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵਿੱਚ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਆਪਣੀ ਹੀ ਸਰਕਾਰ ਵਿਰੁੱਧ ਬਿਆਨ ਦਾਗ ਦਿੱਤਾ ਕਿ ‘ਜੇ ਬੇਅਦਬੀ ਕਾਂਡ ਦੇ ਮੁਲਜ਼ਮਾਂ ਨੂੰ ਸਜਾਵਾਂ ਨਾ ਦਿਵਾ ਸਕੇ ਤਾਂ ਵਜ਼ੀਰੀ ਕਿਸ ਕੰਮ।’ ਜ਼ਿਕਰ-ਏ-ਗੌਰ ਹੈ ਕਿ ਸਾਲ 2015 ਵਿੱਚ ਪੰਜਾਬ ’ਚ ਕਈ ਥਾਂਵਾਂ ’ਤੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਾਅਦ ’ਚ ਹੋਏ ਗੋਲੀ ਕਾਂਡ ਦੀਆਂ ਘਟਨਾਵਾਂ ਲਈ ਇਨਸਾਫ਼ ਨਾ ਮਿਲਣ ’ਤੇ ਅਲਾਇਸ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਰਿਹਾਇਸ਼ ਪਿੰਡ ਧਾਰੋਵਾਲੀ ਅੱਗੇ ਰੋਸ ਧਰਨਾ ਦਿੱਤਾ ਗਿਆ ਸੀ। ਧਰਨਾਕਾਰੀਆਂ ਨੇ ਅਕਾਲੀ-ਭਾਜਪਾ ਸਰਕਾਰ ਵਾਂਗ ਮੌਜੂਦਾ ਸਰਕਾਰ ਵੱਲੋਂ ਵੀ ਗੁਨਾਹਗਾਰਾਂ ਖ਼ਿਲਾਫ਼ ਕੋਈ ਕਾਰਵਾਈ ਨਾ ਹੋਣ ’ਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ। ਇਸ ਦੌਰਾਨ ਰੰਧਾਵਾ ਵੀ ਉਹਨਾਂ ਨਾਲ ਜਾ ਕੇ ਬੈਠ ਗਏ। ਸ੍ਰੀ ਰੰਧਾਵਾ ਨੇ ਕਿਹਾ ਕਿ ਸਿੱਖ ਜਥੇਬੰਦੀਆਂ ਦਾ ਰੋਸ ਧਰਨਾ ਜਾਇਜ਼ ਹੈ, ਇਹ ਸ਼ਰਮ ਵਾਲੀ ਗੱਲ ਹੈ ਕਿ ਮੁਲਜ਼ਮਾਂ ਨੂੰ ਸਜ਼ਾਵਾਂ ਦਿਵਾਉਣ ’ਚ ਦੇਰੀ ਹੋ ਰਹੀ ਹੈ। ਉਨ੍ਹਾਂ ਨੇ ਜਜ਼ਬਾਤੀ ਹੁੰਦਿਆਂ ਕਿਹਾ, ‘‘ਅਸਲ ਗੁਨਾਹਗਾਰਾਂ ਨੂੰ ਜੇ ਸਜ਼ਾਵਾਂ ਨਾ ਮਿਲੀਆਂ ਤਾਂ ਲੋਕਾਂ ਨੇ ਵਜ਼ੀਰੀਆਂ ’ਤੇ ਥੁੱਕਣਾ ਤੱਕ ਨਹੀਂ।’’ ਉਹ ਪਹਿਲਾਂ ਵੀ ਬੇਅਦਬੀ ਕਾਂਡ ਲਈ ਆਵਾਜ਼ ਬੁਲੰਦ ਕਰਦੇ ਰਹੇ ਹਨ, ਹੁਣ ਵੀ ਆਪਣੀ ਗੱਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਗੇ ਰੱਖਣਗੇ। ਉਨ੍ਹਾਂ ਕਿਹਾ ਕਿ ਜੇ ਸਹੁੰ ਖਾਧੀ ਨੂੰ ਪੂਰਿਆਂ ਨਾ ਕੀਤਾ ਤਾਂ ਉਸ ਦੀ ਵੀ ਸਜ਼ਾ ਜ਼ਰੂਰ ਮਿਲੇਗੀ। ਇਸ ਲਈ ਉਸ ਨੂੰ ਭਾਵੇਂ ਵਜ਼ੀਰੀ ਕਿਉਂ ਨਾ ਛੱਡਣੀ ਪਵੇ, ਪਰ ਉਹ ਬੇਅਦਬੀ ਕਾਂਡ ਦੇ ਗੁਨਾਹਗਾਰਾਂ ਨੂੰ ਸਜ਼ਾਵਾਂ ਦਿਵਾਉਣ ਲਈ ਯਤਨਸ਼ੀਲ ਰਹਿਣਗੇ। ਧਰਨੇ ਦੀ ਵਿਲੱਖਣਤਾ ਇਹ ਰਹੀ ਕਿ ਮੰਤਰੀ ਰੰਧਾਵਾ ਖ਼ੁਦ ਧਰਨੇ ਵਿੱਚ ਬੈਠੇ ਅਤੇ ਰਾਗੀ ਸਿੰਘਾਂ ਵੱਲੋਂ ਪੁਰਾਤਨ ਸਾਜ਼ਾਂ ਨਾਲ ਗਾਏ ਸ਼ਬਦਾਂ ਨੂੰ ਧਿਆਨ ਨਾਲ ਸੁਣਿਆ। ਇਸ ਸਭ ਕੁਝ ਦੇ ਮੱਦੇਨਜ਼ਰ ਕੀ ਬੇਅਦਬੀ ਦੇ ਅਸਲ ਗੁਨਾਹਗਾਰਾਂ ਨੂੰ ਸਜ਼ਾ ਮਿਲੇਗੀ?

- Advertisement -

ਇਸੇ ਤਰ੍ਹਾਂ ਰਿਪੋਰਟਾਂ ਮੁਤਾਬਿਕ 92 ਸਾਲ ਦੇ ਸਾਬਕਾ ਮੁੱਖ ਮੰਤਰੀ ਜਿਹਨਾਂ ਨੂੰ ਸਿਆਸਤ ਦੇ ਬਾਬਾ ਬੋਹੜ ਵੀ ਕਿਹਾ ਜਾਂਦਾ ਹੈ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਜਨਮ ਦਿਨ ਉਹਨਾਂ ਦੇ ਜੱਦੀ ਪਿੰਡ ਬਾਦਲ ਵਿੱਚ ਪਰਿਵਾਰ ਦੇ ਮੈਂਬਰਾਂ ਜਿਨ੍ਹਾਂ ‘ਚ ਉਹਨਾਂ ਦੇ ਪੁੱਤਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਉਹਨਾਂ ਦੇ ਪੋਤੇ ਪੋਤੀਆਂ ਤੋਂ ਇਲਾਵਾ ਪਾਰਟੀ ਦੇ ਸੀਨੀਅਰ ਲੀਡਰਾਂ, ਸਾਬਕਾ ਮੰਤਰੀਆਂ ਅਤੇ ਵਿਧਾਇਕਾਂ ਨੇ ਹਾਜ਼ਰੀ ਭਰੀ। ਇਸੇ ਸਮਾਗਮ ਵਿੱਚ ਹਲਕਾ ਲੰਬੀ ਤੋਂ ਪ੍ਰਕਾਸ਼ ਸਿੰਘ ਬਾਦਲ ਖਿਲਾਫ 2012 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਉਮੀਦਵਾਰ ਬਣੇ ਉਹਨਾਂ ਦੇ ਭਰਾ ਗੁਰਦਾਸ ਸਿੰਘ ਬਾਦਲ ਵੀ ਸ਼ਾਮਿਲ ਸਨ। ਪਾਸ਼ ਅਤੇ ਦਾਸ ਨੂੰ ਮੁੜ ਇਕੋ ਮੰਚ ‘ਤੇ ਬੈਠੇ ਦੇਖ ਕੇ ਕਈ ਲੋਕ ਹੈਰਾਨ ਵੀ ਹੋਏ। ਅਕਾਲੀ ਦਲ ਦੇ ਕੁਝ ਆਗੂਆਂ ਨੇ ਮਨ ਹੀ ਮਨ ਵਿੱਚ ਗਿਲਾ ਵੀ ਕੀਤਾ ਹੋਵੇਗਾ। ਭਾਵੇਂ ਕਿਸੇ ਨੇ ਮੂੰਹ ਨਾ ਖੋਲ੍ਹਿਆ ਹੋਵੇ ਪਰ ਉਹਨਾਂ ਦਾ ਇਤਰਾਜ਼ ਕਰਨਾ ਵੀ ਵਾਜਿਬ ਹੈ ਕਿਉਂਕਿ ਗੁਰਦਾਸ ਸਿੰਘ ਬਾਦਲ ਦੇ ਪੁੱਤਰ ਮਨਪ੍ਰੀਤ ਸਿੰਘ ਬਾਦਲ ਅੱਜ ਕੱਲ੍ਹ ਕਾਂਗਰਸ ਨਾਲ ਚੱਲ ਰਹੇ ਹਨ ਅਤੇ ਮੌਜੂਦਾ ਕਾਂਗਰਸ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੇ ਅਹਿਮ ਵਿੱਤ ਮਹਿਕਮੇ ਵਿੱਚ ਖ਼ਜ਼ਾਨਾ ਮੰਤਰੀ ਹਨ। ਦਾਸ ਅਤੇ ਪਾਸ਼ ਪਰਿਵਾਰਾਂ ਵਿਚ ਕਾਫੀ ਦੇਰ ਕੁੜੱਤਣ ਵੀ ਰਹੀ ਪਰ ਹੁਣ ਪਤਾ ਲੱਗਾ ਹੈ ਕਿ ਕੁਝ ਸਮੇਂ ਤੋਂ ਦੋਵੇਂ ਭਰਾ ਮੌਕਾ ਮਿਲਣ ‘ਤੇ ਬੈਠ ਕੇ ਦਿਲ ਦੀਆਂ ਗੱਲਾਂ ਸਾਂਝੀਆਂ ਕਰ ਲੈਂਦੇ ਹਨ। ਇਸ ਗੱਲ ਦਾ ਸਾਨੂੰ ਗਿਆਨ ਵੀ ਹੈ ਕਿ ਸਿਆਸਤ ਵਿੱਚ ਕੋਈ ਪੱਕਾ ਦੋਖੀ ਥੋੜੀ ਬਣ ਜਾਂਦਾ। ਇਹ ਤਾਂ ਆਉਣ ਜਾਣ ਦਾ ਮੇਲਾ ਹੈ। ਚਲੋ ਗੱਲ ਤਾਂ ਜਨਮ ਦਿਨ ਦੀ ਚੱਲ ਰਹੀ ਹੈ। 92ਵੇਂ ਸਾਲਾ ਜਸ਼ਨਾਂ ਦਾ ਕੇਕ ਕੱਟਣ ਤੋਂ ਪਹਿਲਾਂ ਲੰਬੀ ਉਮਰ ਦੀਆਂ ਅਰਦਾਸਾਂ ਵੀ ਹੋਈਆਂ। ਰਿਪੋਰਟਾਂ ਮੁਤਾਬਿਕ ਸ਼੍ਰੀ ਬਾਦਲ ਨੇ ਆਪਣੇ ਸਿਆਸੀ ਜੀਵਨ ਦੇ ਬੇਹਤਰੀਨ ਪਲ ਸਾਂਝੇ ਕਰਦਿਆਂ ਆਖਿਆ ਕਿ ਅਜੋਕੇ ਸਿਆਸਤਦਾਨਾਂ ਨੂੰ ਨਿੱਜੀ ਲਾਲਚਾਂ ਤੋਂ ਉਪਰ ਉੱਠ ਕੇ ਸੂਬੇ ਅਤੇ ਲੋਕ ਹਿੱਤਾਂ ਲਈ ਕੰਮ ਕਰਨਾ ਚਾਹੀਦਾ ਹੈ। ਉਹਨਾਂ ਸੂਬੇ ਵਿੱਚ ਆਪਣੇ ਵਲੋਂ ਕਰਵਾਏ ਕੰਮਾਂ ਦਾ ਖੁਲਾਸਾ ਵੀ ਕੀਤਾ ਹੋਵੇਗਾ, ਪਰ ਸ਼ਾਇਦ ਉਹ ਉਹਨਾਂ ਸਾਰੀਆਂ ਗੱਲਾਂ ਨੂੰ ਭੁੱਲ ਗਏ ਜਿਹਨਾਂ ਦੇ ਸਵਾਲ ਅਜੇ ਖੜ੍ਹੇ ਹਨ।

ਸਿਆਸਤ ਵਿੱਚ 64 ਸਾਲਾਂ ਦਾ ਲੰਬਾ ਸਫਰ ਸ਼੍ਰੀ ਬਾਦਲ ਲਈ ਕਾਫੀ ਘਾਲਣਾ ਵਾਲਾ ਰਿਹਾ ਹੈ। ਇਸ ਘਾਲਣਾ ਵਿੱਚ ਉਹਨਾਂ ਦੀ ਪੰਜਾਬੀ ਸੂਬੇ ਲਈ ਸੰਘਰਸ਼ ਵਿੱਚ ਸ਼ਮੂਲੀਅਤ,1975-77 ਐਮਰਜੈਂਸੀ ਵਿਰੋਧੀ ਮੋਰਚੇ ‘ਚ ਯੋਗਦਾਨ 1982 ਦੇ ਕਪੂਰੀ ਮੋਰਚੇ ਅਤੇ ਧਰਮ ਯੁੱਧ ਤੇ ਸਾਕਾ ਨੀਲਾ ਤਾਰਾ ਤੋਂ ਬਾਅਦ ਫੜੋਫੜੀ ਗਿਣੀ ਜਾਂਦੀ ਹੈ। ਇਸ ਤਰ੍ਹਾਂ ਉਹਨਾਂ ਦੀ ਜੇਲ ਯਾਤਰਾ 17 ਸਾਲ ਗਿਣੀ ਜਾਂਦੀ ਹੈ। ਸ਼ਾਇਦ ਇਸੇ ਅਧਾਰ ‘ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ  ਨੇ ਇਕ ਵਾਰ ਉਹਨਾਂ ਦੀ ਤੁਲਨਾ ਨੈਲਸਨ ਮੰਡੇਲਾ ਨਾਲ ਕਰ ਦਿੱਤੀ ਸੀ ਜੋ 27 ਸਾਲ ਬਰਤਾਨਵੀ ਜੇਲ੍ਹਾਂ ਵਿੱਚ ਰਹੇ ਸਨ। ਪਰ ਬਾਦਲ ਸਾਹਿਬ ਦੇ ਸਿਆਸੀ ਵਿਰੋਧੀ ਇਸ ਨੂੰ ਗ਼ਲਤ ਦੱਸਦੇ ਹਨ। ਇਸ ਤੁਲਨਾ ਨੂੰ ਝੁਠਲਾਉਂਦੇ ਹਨ। ਉਹਨਾਂ ਦਾ ਅਕਾਲੀ ਆਗੂਆਂ ਸਮੇਤ ਸਾਕਾ ਨੀਲਾ ਤਾਰਾ (ਜੂਨ 1984) ਤੋਂ ਰਾਜੀਵ-ਲੌਂਗੋਵਾਲ ਸੰਧੀ (1985) ਦੌਰਾਨ ਲਗਪਗ ਇਕ ਸਾਲ ਜੇਲ੍ਹ ਵਿੱਚ ਰਹੇ,1982-84 ਦੇ ਧਰਮ ਯੁੱਧ ਮੋਰਚੇ ਦੌਰਾਨ ਉਹਨਾਂ ਦਾ ਜੇਲ ਵਿੱਚ ਰਹਿਣ ਦਾ ਸਮਾਂ ਕੁਝ ਮਹੀਨੇ ਹੀ ਬਣਦਾ ਹੈ। ਧਰਮ ਯੁੱਧ ਤੋਂ ਪਹਿਲਾਂ ਉਹ ਜੁਲਾਈ 1975 ਤੋਂ ਮਾਰਚ 1977 ਤਕ ਲਗਪਗ 21 ਮਹੀਨੇ ਸਵੈ -ਇੱਛਾ ਨਾਲ ਜੇਲ੍ਹ ਗਏ ਜਦਕਿ ਵਿਰੋਧੀਆਂ ਨੂੰ ਦੇਸ਼ ਭਰ ਵਿੱਚ ਛਾਪੇ ਮਾਰ ਕੇ ਗ੍ਰਿਫਤਾਰ ਕੀਤਾ ਗਿਆ ਸੀ।1965 ਦੀ ਭਾਰਤ-ਪਾਕ ਜੰਗ ਅਤੇ ਜੂਨ1975 ਦੇ ਵਿਚਕਾਰਲੇ ਸਮੇਂ  ਦੌਰਾਨ ਕੋਈ ਵੀ ਅਕਾਲੀ ਜੇਲ੍ਹ ਨਹੀਂ ਗਿਆ ਦੱਸਿਆ ਜਾਂਦਾ ਹੈ। 1960 ਤੋਂ 1965 ਦੇ ਪੰਜ ਸਾਲ ਮਾਸਟਰ ਤਾਰਾ ਸਿੰਘ ਅਤੇ ਸੰਤ ਫਤਿਹ ਸਿੰਘ ਦੀ ਜਦੋ ਜਹਿਦ ਅਤੇ ਮਰਨ ਵਰਤਾਂ ਦਾ ਦੌਰ ਰਿਹਾ।  ਇਸ ਤਰ੍ਹਾਂ ਬਾਦਲ ਦੀਆਂ ਜੇਲ ਯਾਤਰਾਵਾਂ ਦਾ ਸਮਾਂ ਸਿਰਫ 1957 ਤੋਂ 1960 ਦੇ ਸਾਲ ਬਣਦੇ ਹਨ। 1957 ਵਿੱਚ ਸ਼੍ਰੀ ਬਾਦਲ ਕਾਂਗਰਸ ਦੀ ਟਿਕਟ ‘ਤੇ ਚੁਣੇ ਗਏ ਸਨ। ਇੰਜ ਉਹਨਾਂ ਦੀ ਜੇਲ੍ਹ ਯਾਤਰਾ ਦਾ ਸਮਾਂ ਕੁਝ ਮਹੀਨੇ ਹੀ ਬਣਦਾ ਹੈ। ਅਜੀਤ ਸਿੰਘ ਸਰਹੱਦੀ ਦੀ ਕਿਤਾਬ ‘ਪੰਜਾਬੀ ਸੂਬਾ’ ਵਿੱਚ ਉਹ ਲਿਖਦੇ ਹਨ ਕਿ 24 ਮਈ 1960 ਤੋਂ ਸ਼ੁਰੂ ਹੋਏ ਪੰਜਾਬੀ ਸੂਬਾ ਮੋਰਚੇ ਵਿੱਚ 30000 ਸਿੱਖ ਗ੍ਰਿਫਤਾਰ ਹੋਏ ਜਿਹਨਾਂ ਨੂੰ 9 ਜਨਵਰੀ 1961 ਨੂੰ ਰਿਹਾਅ ਕਰ ਦਿੱਤਾ ਗਿਆ ਸੀ। ਉਹਨਾਂ ਸਾਲਾਂ ਦੌਰਾਨ ਬਾਦਲ ਸਾਹਿਬ ਅਕਾਲੀ ਦਲ ਦੀ ਕਾਰਜਕਾਰਨੀ ਦੇ ਮੈਂਬਰ ਵੀ ਨਹੀਂ ਸਨ। ਇੰਜ ਕੁਲ ਮਿਲਾ ਕਿ ਪ੍ਰਕਾਸ਼ ਸਿੰਘ ਬਾਦਲ ਦਾ ਜੇਲ ਜੀਵਨ ਦਾ ਅਰਸਾ ਚਾਰ ਤੋਂ ਪੰਜ ਸਾਲ ਹੀ ਬਣਦਾ ਦੱਸਿਆ ਜਾਂਦਾ ਹੈ।

Share this Article
Leave a comment