ਫਰੀਦਕੋਟ : ਖ਼ਬਰ ਐ ਕਿ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਐਸਆਈਟੀ ਨੇ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਨੂੰ ਐਫਆਈਆਰ 129 ਵਿੱਚ ਮੁਲਜ਼ਮ ਬਣਾ ਲਿਆ ਹੈ, ਜਿਸ ਦੇ ਅਧਾਰ ‘ਤੇ ਇਹ ਜਾਂਚ ਏਜੰਸੀ ਅਦਾਲਤ ਵਿੱਚ ਬਰਾੜ ਵੱਲੋਂ ਬਲੈਂਕਟ ਬੇਲ ਹਾਸਲ ਕਰਨ ਲਈ ਪਾਈ ਗਈ ਅਰਜ਼ੀ ਨੂੰ ਖਾਰਜ ਕਰਵਾਉਣ ਵਿੱਚ ਵੀ ਕਾਮਯਾਬ ਰਹੀ ਹੈ। ਇਨ੍ਹਾਂ ਹਲਾਤਾਂ ਵਿੱਚ ਹੁਣ ਕਿਹਾ ਜਾ ਰਿਹਾ ਹੈ ਕਿ ਪੁਲਿਸ ਕਿਸੇ ਵੇਲੇ ਵੀ ਮਨਤਾਰ ਬਰਾੜ ਨੂੰ ਗ੍ਰਿਫਤਾਰ ਕਰ ਸਕਦੀ ਹੈ।
ਜ਼ਿਕਰਯੋਗ ਹੈ ਕਿ ਜਦੋਂ ਤੋਂ ਐਸਆਈਟੀ ਨੇ ਇਸ ਸਾਬਕਾ ਅਕਾਲੀ ਵਿਧਾਇਕ ਮਨਤਾਰ ਸਿੰਘ ਬਰਾੜ ਤੋਂ 10 ਘੰਟੇ ਤੱਕ ਲੰਮੀ ਪੁੱਛਤਾਛ ਕੀਤੀ ਹੈ ਉਸ ਦਿਨ ਤੋਂ ਮਨਤਾਰ ਸਿੰਘ ਬਰਾੜ ਦੇ ਮਨ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦਾ ਡਰ ਬੈਠਿਆ ਹੋਇਆ ਸੀ, ਤੇ ਸ਼ਾਇਦ ਇਸੇ ਲਈ ਬਰਾੜ ਨੇ ਫਰੀਦਕੋਟ ਦੀ ਸੈਸ਼ਨ ਅਦਾਲਤ ਵਿੱਚ ਬਲੈਂਕਟ ਬੇਲ ਹਾਸਲ ਕਰਨ ਲਈ ਅਰਜ਼ੀ ਵੀ ਦਾਖ਼ਲ ਕੀਤੀ ਸੀ, ਜਿਸ ‘ਤੇ ਐਸਆਈਟੀ ਨੇ ਬਰਾੜ ਦੇ ਰੋਲ ਨੂੰ ਲੈ ਕੇ ਕੁਝ ਦਸਤਾਵੇਜ਼ ਅਦਾਲਤ ਵਿੱਚ ਪੇਸ਼ ਕੀਤੇ ਸਨ ਤੇ ਇਸ ਬਲੈਂਕਟ ਬੇਲ ਦੀ ਅਰਜ਼ੀ ‘ਤੇ ਮੰਗਲਵਾਰ ਨੂੰ ਦੋਵਾਂ ਪੱਖਾਂ ਦੀ ਬਹਿਸ ਵੀ ਪੂਰੀ ਹੋ ਗਈ ਸੀ।
ਅਦਾਲਤ ਵਿੱਚ ਬਹਿਸ ਦੌਰਾਨ ਐਸਆਈਟੀ ਨੇ ਖੁਲਾਸਾ ਕੀਤਾ ਕਿ ਅਗਸਤ 2018 ਨੂੰ ਕੋਟਕਪੁਰਾ ਗੋਲੀ ਕਾਂਡ ਸਬੰਧੀ ਦਰਜ਼ ਕੀਤੀ ਗਈ ਐਫਆਈਆਰ ਨੰਬਰ 129 ਵਿੱਚ ਮਨਤਾਰ ਬਰਾੜ ਦਾ ਨਾਮ ਵੀ ਦਰਜ਼ ਹੈ। ਜਿਨ੍ਹਾਂ ਤੱਥਾਂ ਦੇ ਪ੍ਰਕਾਸ਼ ਵਿੱਚ ਆਉਣ ਤੋਂ ਬਾਅਦ ਅੱਜ ਇਸ ਮਾਮਲੇ ‘ਤੇ ਫਰੀਦਕੋਟ ਵਿਖੇ ਜੱਜ ਹਰਪਾਲ ਸਿੰਘ ਦੀ ਸੈਸ਼ਨ ਅਦਾਲਤ ਨੇ ਮਨਤਾਰ ਬਰਾੜ ਦੀ ਬਲੈਂਕਟ ਬੇਲ ਹਾਸਲ ਕਰਨ ਵਾਲੀ ਅਰਜ਼ੀ ਨੂੰ ਖਾਰਜ ਕਰ ਦਿੱਤਾ।
- Advertisement -