ਭਾਰਤੀ ਫੌਜ ਬਾਰੇ ਐਸਜੀਪੀਸੀ ਦਾ ਵੱਡਾ ਖੁਲਾਸਾ, ਆਹ ਦੇਖੋ ਵੀਡੀਓ ਤੇ ਕਰੋ ਫੈਸਲਾ ਕੌਣ ਸੱਚ ਬੋਲ ਰਿਹੈ?

TeamGlobalPunjab
4 Min Read

ਅੰਮ੍ਰਿਤਸਰ : ਜੂਨ 1984 ਦੌਰਾਨ ਭਾਰਤੀ ਫੌਜ ਵੱਲੋਂ ਜਦੋਂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਮਲਾ ਕੀਤਾ ਗਿਆ ਸੀ ਤਾਂ ਉਸ ਵੇਲੇ ਇਸ ਧਾਰਮਿਕ ਸਥਾਨ ਅੰਦਰ ਸਥਿਤ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚੋਂ ਫੌਜ ਵੱਲੋਂ ਸਿੱਖ ਧਰਮ ਨਾਲ ਸਬੰਧਤ ਬੇਸ਼ਕਿਮਤੀ ਸਾਹਿਤ ਅਤੇ ਧਾਰਮਿਕ ਗ੍ਰੰਥ ਚੋਰੀ ਕਰ ਲਏ ਜਾਣ ਦੇ ਦੋਸ਼ ਸ਼੍ਰੋਮਣੀ ਕਮੇਟੀ ਵਾਲੇ ਹਮਲੇ ਤੋਂ ਬਾਅਦ ਲਗਾਤਾਰ ਲਗਾਉਂਦੇ ਆ ਰਹੇ ਸਨ, ਪਰ ਬੀਤੇ ਦਿਨੀਂ ਮੀਡੀਆ ਰਿਪੋਰਟਾਂ ਨੇ ਇਹ ਕਹਿ ਕੇ ਸਨਸਨੀ ਪੈਦਾ ਕਰ ਦਿੱਤੀ ਕਿ ਭਾਰਤੀ ਫੌਜ ਨੇ ਤਾਂ ਉਹ ਸਮਾਨ ਤੇ ਸਾਰਾ ਸਾਹਿਤ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਲਿਖਤੀ ਰਸੀਦ ਲੈ ਕੇ ਵਾਪਸ ਮੋੜ ਦਿੱਤਾ ਸੀ, ਪਰ ਜਿਨ੍ਹਾਂ ਲੋਕਾਂ ਦੇ ਹਵਾਲੇ ਫੌਜ ਨੇ ਉਹ ਸਮਾਨ ਕੀਤਾ ਸੀ, ਉਨ੍ਹਾਂ ਅਤੇ ਕੁਝ ਹੋਰ ਲੋਕਾਂ ਨੇ ਰਲ ਕੇ ਉਸ ਸਮਾਨ ਨੂੰ ਦੇਸ਼ ਵਿਦੇਸ਼ ਵਿੱਚ ਕਰੋੜਾ ਰੁਪਏ ਕੀਮਤ ਲੈ ਵੇਚ ਦਿਆਂ ਖੁਰਦ ਬੁਰਦ ਕਰ ਦਿੱਤਾ। ਇਨ੍ਹਾਂ ਰਿਪੋਰਟਾਂ ਨੇ ਜਿੱਥੇ ਸਿੱਖਾਂ ਦੇ ਧਾਰਮਿਕ ਜ਼ਜਬਾਤਾਂ ਨੂੰ ਡੂੰਘੀ ਸੱਟ ਮਾਰੀ ਉੱਥੇ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਵੀ ਆਪਣੀ ਸਾਖ ਬਚਾਉਣ ਲਈ ਅੱਗੇ ਆਉਣਾ ਪਿਆ। ਇਸ ਸਬੰਧ ਵਿੱਚ ਬੀਤੀ ਕੱਲ੍ਹ ਹੋਈ ਮੀਟਿੰਗ ਦੌਰਾਨ ਜਿੱਥੇ ਐਸਜੀਪੀਸੀ ਵਾਲਿਆਂ ਨੇ ਇਹ ਕਹਿ ਕੇ ਮਾਮਲੇ ਤੋਂ ਪੱਲਾ ਹੀ ਝਾੜ ਲਿਆ ਕਿ ਫੌਜ ਵਾਲੇ ਝੂਠ ਬੋਲ ਰਹੇ ਹਨ, ਕਿਉਂਕਿ ਉਨ੍ਹਾਂ ਨੇ ਇਸ ਵਿੱਚੋਂ ਕੁਝ ਸਮਾਨ ਤਾਂ ਵਾਪਸ ਮੋੜਿਆ ਸੀ, ਪਰ ਪੂਰਾ ਨਹੀਂ। ਉੱਧਰ ਦੂਜੇ ਪਾਸੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਾਬਕਾ ਨਿਰਦੇਸ਼ਕ ਡਾ. ਅਨੁਰਾਗ ਸਿੰਘ ਦਾ ਕਹਿਣਾ ਹੈ ਕਿ ਹੁਣ ਜਿਹੜੀਆਂ ਇਕੱਤਰਤਾਵਾਂ ਸ਼੍ਰੋਮਣੀ ਕਮੇਟੀ ਵੱਲੋਂ ਕੀਤੀਆਂ ਜਾ ਰਹੀਆਂ ਹਨ, ਉਸ ਦਾ ਕੋਈ ਫਾਇਦਾ ਨਹੀਂ ਹੈ ਕਿਉਂਕਿ ਇਹੋ ਜਿਹੀਆਂ ਇਕੱਤਰਤਾਵਾਂ ਸਿਰਫ ਖਾਣ ਅਤੇ ਧੋਖਾ ਦੇਣ ਲਈ ਹੀ ਹੁੰਦੀਆਂ ਹਨ।  ਉਨ੍ਹਾਂ ਕਿਹਾ ਕਿ ਜਿਹੜੇ ਧਾਰਮਿਕ ਗ੍ਰੰਥਾਂ ਨੂੰ ਵਿਦੇਸ਼ਾਂ ਵਿੱਚ ਵੇਚੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਨ੍ਹਾਂ ਵਿੱਚੋਂ ਸੁਨਹਿਰੀ ਦਸਮ ਗ੍ਰੰਥ ਤੇ ਭਗਤ ਸੂਰਦਾਸ ਰਚਿਤ ਭਗਵਤ ਪੁਰਾਨ ਗ੍ਰੰਥ ਉਨ੍ਹਾਂ ਨੇ ਵਿਦੇਸ਼ ਵਿੱਚ ਇੱਕ ਪ੍ਰਦਰਸ਼ਨੀ ਦੌਰਾਨ ਦੇਖੇ ਜਾਣ ‘ਤੇ ਜਾਣਕਾਰੀ ਜਨਤਕ ਕੀਤੀ ਸੀ। ਜਦਕਿ ਇਨ੍ਹਾਂ ਗ੍ਰੰਥਾਂ ਨੂੰ ਵਿਦੇਸ਼ ਭੇਜੇ ਜਾਣ ਸਬੰਧੀ ਸਿੱਖ ਰੈਫਰੈਂਸ ਲਾਇਬ੍ਰੇਰੀ ‘ਚ ਕੋਈ ਰਿਕਾਰਡ ਮੌਜੂਦ ਨਹੀਂ ਹੈ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਸ ਮਸਲੇ ਦੀ ਪੜਤਾਲ ਕਰਨ ਲਈ ਬੁਲਾਈ ਗਈ ਮੀਟਿੰਗ ਵਿੱਚ ਐਸਜੀਪੀਸੀ ਦੇ ਸਾਬਕਾ ਲਾਇਬ੍ਰੇਰੀਅਨ ਅਤੇ ਕਈ ਹੋਰ ਅਧਿਕਾਰੀਆਂ ਨੇ ਸਮੂਲੀਅਤ ਕੀਤੀ, ਤੇ ਮੀਡੀਆ ਵਿੱਚ ਛਪੀਆਂ ਰਿਪੋਰਟਾਂ ‘ਤੇ ਡੂੰਘੀ ਚਿੰਤਾ ਜਾਹਰ ਕਰਦਿਆਂ ਸਮੇਂ ਦੇ ਸ਼੍ਰੋਮਣੀ ਕਮੇਟੀ ਅਧਿਕਾਰੀਆਂ ਨੂੰ ਰਿਪੋਰਟਾਂ ਵਿੱਚ ਲਾਏ ਦੋਸ਼ਾਂ ਸਬੰਧੀ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ। ਇਸ ਮੌਕੇ ਐਸਜੀਪੀਸੀ ਵੱਲੋਂ ਇੱਕ ਜਾਂਚ ਕਮੇਟੀ ਵੀ ਬਣਾਈ ਗਈ। ਜਿਸ ਵਿੱਚ ਟਰੱਸਟੀ ਮੈਂਬਰ, ਹਥਲਿਖਤਾਂ ਦੇ ਮਾਹਰ, ਕਨੂੰਨੀ ਮਾਹਰ ਅਤੇ ਐਸਜੀਪੀਸੀ ਅਧਿਕਾਰੀ ਸ਼ਾਮਲ ਹਨ। ਮੀਟਿੰਗ ਵਿੱਚ ਦਾਅਵਾ ਕੀਤਾ ਗਿਆ ਕਿ ਜੇਕਰ ਇਸ ਜਾਂਚ ਕਮੇਟੀ ਨੂੰ ਇਸ ਮਾਮਲੇ ਦੀ ਜਾਂਚ ਕਰਨ ਲਈ ਵਿਦੇਸ਼ਾਂ ‘ਚ ਵੀ ਜਾਣਾ ਪਿਆ ਤਾਂ ਇਹ ਉੱਥੇ ਜਾ ਕੇ ਵੀ ਆਪਣੀ ਪੜਤਾਲ ਕਰੇਗੀ। ਦੱਸ ਦਈਏ ਕਿ ਇਸ ਕਮੇਟੀ ‘ਚ ਐਸਜੀਪੀਸੀ ਦੇ ਸਾਬਕਾ ਅਤੇ ਮੌਜੂਦਾ 21 ਅਧਿਕਾਰੀ ਸ਼ਾਮਲ ਹਨ।

ਮੀਟਿੰਗ ਤੋਂ ਬਾਅਦ ਐਸਜੀਪੀਸੀ ਦੇ ਚੀਫ ਸਕੱਤਰ ਡਾ. ਰੂਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਮਾਮਲਾ ਬੇਹੱਦ ਸੰਵੇਦਨਸ਼ੀਲ ਹੈ, ਅਤੇ ਜਾਂਚ ਦੌਰਾਨ ਜੇਕਰ ਕੋਈ ਵੀ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 1984 ‘ਚ ਕੀਤੇ ਗਏ ਸਾਕਾ ਨੀਲਾ ਤਾਰਾ ਫੌਜੀ ਆਪ੍ਰੇਸ਼ਨ ਤੋਂ ਬਾਅਦ ਸਿੱਖ ਰੈਫਰੈਂਸ ਲਾਇਬ੍ਰੇਰੀ ‘ਚ 17 ਸਕੱਤਰ, 18 ਲਾਇਬ੍ਰੇਰੀ ਇੰਚਾਰਜ, 2 ਨਿਰਦੇਸ਼ਕ ਅਤੇ 8 ਲਾਇਬ੍ਰੇਰੀਅਨ ਸੇਵਾ ਮੁਕਤ ਹੋ ਚੁਕੇ ਹਨ। ਉਨ੍ਹਾਂ ਇੱਥੇ ਸਵਾਲ ਕੀਤਾ ਕਿ ਜੇਕਰ ਕੇਂਦਰ ਸਰਕਾਰ ਅਤੇ ਫੌਜ ਨੇ ਲਾਇਬ੍ਰੇਰੀ ਦਾ ਪੂਰਾ ਸਮਾਨ ਵਾਪਸ ਕਰ ਦਿੱਤਾ ਸੀ ਤਾਂ ਇਨ੍ਹਾਂ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਪਤਾ ਕਿਉਂ ਨਹੀਂ ਲੱਗਿਆ? ਉਨ੍ਹਾਂ ਕਿਹਾ ਕਿ ਇਸ ਸਮੇਂ ਰਿਕਾਰਡ ਅਨੁਸਾਰ ਲਾਇਬ੍ਰੇਰੀ ‘ਚ ਕੁੱਲ 24 ਹਜ਼ਾਰ 9 ਸੌ 99 ਪੁਸਤਕਾਂ, 560 ਹਥਲਿਖਤ ਪਾਵਨ ਸਰੂਪ ਅਤੇ 1 ਹਜ਼ਾਰ 3 ਸੌ 98 ਹਥਲਿਖਤ ਪੋਥੀਆਂ ਮੌਜੂਦ ਹਨ।

ਹੋਰ ਕੀ ਕਹਿਣਾ ਹੈ ਡਾ. ਰੂਪ ਸਿੰਘ ਦਾ ਇਹ ਜਾਣਨ ਲਈ ਹੇਠ ਦਿੱਤੀ ਵੀਡੀਓ ‘ਤੇ ਕਲਿੱਕ ਕਰੋ ਤੇ ਜਾਣੋ ਕਿ ਕੀ ਹੈ ਪੂਰਾ ਮਾਮਲਾ?

- Advertisement -

 

https://youtu.be/6gPJPiwsR0U

Share this Article
Leave a comment