Home / ਸਿਆਸਤ / ਬਾਦਲ ਦੇ ਪੈਰ ਫੜਨਸਾਰ ਕੈਪਟਨ ਨੇ ਜਗਮੀਤ ਦੀਆਂ ਗੁਪਤ ਗੱਲਾਂ ਸੋਸ਼ਲ ਮੀਡੀਆ ‘ਤੇ ਕੀਤੀਆਂ ਵਾਇਰਲ, ਬਰਾੜ ਕਹਿੰਦਾ ਇਹ ਗੱਲ ਠੀਕ ਨੀਂ!..

ਬਾਦਲ ਦੇ ਪੈਰ ਫੜਨਸਾਰ ਕੈਪਟਨ ਨੇ ਜਗਮੀਤ ਦੀਆਂ ਗੁਪਤ ਗੱਲਾਂ ਸੋਸ਼ਲ ਮੀਡੀਆ ‘ਤੇ ਕੀਤੀਆਂ ਵਾਇਰਲ, ਬਰਾੜ ਕਹਿੰਦਾ ਇਹ ਗੱਲ ਠੀਕ ਨੀਂ!..

ਚੰਡੀਗੜ੍ਹ : ਇੰਝ ਜਾਪਦਾ ਹੈ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਗਮੀਤ ਸਿੰਘ ਬਰਾੜ ਦੇ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਹੋਣ ‘ਤੇ ਬਾਜ਼ ਅੱਖ ਰੱਖੀ ਬੈਠੇ ਸਨ ਤੇ ਜਿਉਂ ਹੀ ਬਾਦਲ ਪਰਿਵਾਰ ਨੇ ਆਪਣਾ ਲਾਵ ਲਸ਼ਕਰ ਲੈ ਕੇ ਬਰਾੜ ਨੂੰ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਲ ਕਰਵਾਇਆ। ਇੱਧਰੋਂ ਕੈਪਟਨ ਅਮਰਿੰਦਰ ਸਿੰਘ ਹੁਰਾਂ ਨੇ ਤੁਰੰਤ ਜਗਮੀਤ ਸਿੰਘ ਬਰਾੜ ਦੇ ਉਹ ਵਟਸਐਪ ਸੁਨੇਹੇ ਜਾਰੀ ਕਰ ਦਿੱਤੇ ਜਿਸ ਵਿੱਚ ਉਹ ਕੈਪਟਨ ਅਮਰਿੰਦਰ ਸਿੰਘ ਦੀਆਂ ਮਿਨਤਾਂ ਕਰਦੇ ਦਿਖਾਈ ਦਿੱਤੇ। ਇਨ੍ਹਾਂ ਵਟਸਐਪ ਸੁਨੇਹਿਆਂ ਵਿੱਚ ਜਗਮੀਤ ਸਿੰਘ ਬਰਾੜ ਕੈਪਟਨ ਅਮਰਿੰਦਰ ਸਿੰਘ ਨੂੰ ਵਾਰ ਵਾਰ ਬੇਨਤੀ ਕਰ ਰਹੇ ਹਨ ਕਿ ਉਨ੍ਹਾਂ ਨੂੰ ਇੱਕ ਵਾਰ ਕਾਂਗਰਸ ‘ਚ ਸ਼ਾਮਲ ਕਰਵਾਲੋ, ਉਹ ਬਾਦਲਾਂ ਨੂੰ ਠਿਕਾਣੇ ਲਾ ਦੇਣਗੇ। ਇਨ੍ਹਾਂ ਵਟਸਐਪ ਸੁਨੇਹਿਆਂ ਬਾਰੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ, ਕਿ ਜਿਹੜੇ ਬਰਾੜ ਬਾਦਲਾਂ ਨੂੰ ਠਿਕਾਣੇ ਲਾਉਣ ਦੀ ਪੇਸ਼ਕਸ਼ ਕਰ ਰਹੇ ਸਨ ਉਨ੍ਹਾਂ ਨੇ ਖੁਦ ਨੂੰ ਬਾਦਲਾਂ ਦੇ ਪੈਰੀ ਸੁੱਟ ਦਿੱਤਾ ਹੈ।
ਅੰਗਰੇਜੀ ਵਿੱਚ ਲਿਖੇ ਇਨ੍ਹਾਂ ਜਾਰੀ ਕੀਤੇ ਗਏ ਵਟਸਐਪ ਸੁਨੇਹਿਆਂ ਦਾ ਜੇਕਰ ਪੰਜਾਬ ‘ਚ ਅਨੁਵਾਦ ਕੀਤਾ ਜਾਵੇ ਤਾਂ ਸਾਫ ਪਤਾ ਲੱਗੇਗਾ ਕਿ ਉਸ ਵਿੱਚ ਬਰਾੜ ਨਵਜੋਤ ਸਿੰਘ ਸਿੱਧੂ ਨੂੰ ਰਾਸ਼ਟਰੀ ਪੱਧਰ ‘ਤੇ ਚੋਣ ਪ੍ਰਚਾਰ ਵਿੱਚ ਰੁਝੇ ਰਹਿਣ ਦਾ ਤਰਕ ਦਿੰਦੇ ਕਹਿੰਦੇ ਹਨ ਕਿ, “ਸਤਿਕਾਰਯੋਗ ਮਹਾਰਾਜਾ ਸਾਹਿਬ ਮੇਰੇ ਪਾਪ ਬਖ਼ਸ਼ ਦਿਓ, ਕਿਉਂਕਿ ਮੁਹੰਮਤ ਇਕਬਾਲ ਵੀ ਕਹਿੰਦੇ ਹਨ, ਕਿ ਗੁਨ੍ਹਾਗਾਰ ਹੂੰ, ਕਾਫਿਰ ਨਹੀਂ ਹੂੰ ਮੈਂ” ਬਰਾੜ ਕੈਪਟਨ ਅਮਰਿੰਦਰ ਸਿੰਘ ਨੂੰ ਕਹਿੰਦੇ ਹਨ ਕਿ ਉਹ ਹਮੇਸ਼ਾਂ ਉਨ੍ਹਾਂ ਦਾ ਸਾਥ ਦੇਣਗੇ, ਤੇ ਆਪਣੀ ਜਿੰਦਗੀ ਦੇ ਬਾਕੀ ਰਹਿੰਦੇ ਸਾਲ ਉਨ੍ਹਾਂ ਨੂੰ ਸਮਰਪਤ ਕਰ ਦੇਣਗੇ।
ਇੱਕ ਵਟਸਐਪ ਸੁਨੇਹੇ ਵਿੱਚ ਤਾਂ ਜਗਮੀਤ ਬਰਾੜ ਇਹ ਵੀ ਲਿਖਦੇ ਹਨ ਕਿ ਜੇਕਰ ਕਾਂਗਰਸ ਪਾਰਟੀ ਕੋਲ ਬਠਿੰਡਾ ਤੋਂ ਮਜਬੂਤ ਜੱਟ ਸਿੱਖ ਚਿਹਰਾ ਨਹੀਂ ਹੈ ਤਾਂ ਉਹ ਉੱਥੋਂ ਚੋਣ ਲੜਨ ਲਈ ਤਿਆਰ ਹਨ। ਇਸ ਬਾਰੇ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹਨ ਕਿ ਜਗਮੀਤ ਬਰਾੜ ਸਰਗਰਮ ਸਿਆਸਤ ‘ਚ ਸ਼ਾਮਲ ਹੋਣ ਲਈ ਇੰਨੇ ਉਤਾਵਲੇ ਸਨ ਕਿ ਉਹ ਕਿਸੇ ਵੀ ਢੰਗ ਨਾਲ ਕੋਈ ਸਿਆਸੀ ਮੁਕਾਮ ਹਾਸਲ ਕਰਨਾ ਚਾਹੁੰਦੇ ਸਨ, ਤੇ ਅਜਿਹੇ ਮੌਕਾਪ੍ਰਸਤਾਂ ਲਈ ਕਾਂਗਰਸ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ।
ਇਸ ਸਬੰਧ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਜਗਮੀਤ ਬਰਾੜ ਨੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਦੇ ਵਟਸਐਪ ਸੁਨੇਹੇ ਮੀਡੀਆ ‘ਚ ਵਾਇਰਲ ਕਰਨ ‘ਤੇ ਸਖਤ ਇਤਰਾਜ ਕੀਤਾ ਹੈ। ਉਨ੍ਹਾਂ ਮੰਨਿਆ ਕਿ, ਉਹ ਬਿਨਾਂ ਸ਼ਰਤ ਕਾਂਗਰਸ ‘ਚ ਸ਼ਾਮਲ ਹੋਣ ਲਈ ਤਿਆਰ ਸਨ, ਇਸ ਲਈ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ , ਸੋਨੀਆਂ ਗਾਂਧੀ ਤੇ ਰਾਹੁਲ ਗਾਂਧੀ ਨੂੰ ਕਈ ਵਟਸਐਪ ਸੁਨੇਹੇ ਭੇਜੇ ਸਨ। ਪਰ ਉਨ੍ਹਾਂ ਅੱਗੇ ਇਹ ਕਹਿ ਕੇ ਗੱਲ ਖਤਮ ਕਰ ਦਿੱਤੀ ਕਿ ਉਹ ਕਿਸੇ ਕਿਸਮ ਦੇ ਨਿੱਜੀ ਹਮਲਿਆਂ ਵਿੱਚ ਨਹੀਂ ਪੈਣਾ ਚਾਹੁੰਦੇ।
ਅੰਗਰੇਜੀ ਦੀ ਇੱਕ ਕਹਾਵਤ ਕਹਿੰਦੀ ਹੈ ਕਿ ਪਿਆਰ ਤੇ ਜੰਗ ਵਿੱਚ ਸਭ ਜਾਇਜ ਹੈ। ਜਗਮੀਤ ਬਰਾੜ ‘ਤੇ ਕੈਪਟਨ ਅਮਰਿੰਦਰ ਸਿੰਘ ਦਾ ਪਿਆਰ ਤਾਂ ਸ਼ਾਇਦ ਉਸ ਵੇਲੇ ਵੀ ਕਦੇ ਦਿਖਾਈ ਨਹੀਂ ਦਿੱਤਾ ਜਦੋਂ ਉਹ ਕਾਂਗਰਸ ਪਾਰਟੀ ‘ਚ ਸ਼ਾਮਲ ਸਨ, ਪਰ ਵਿਰੋਧੀ ਖੇਮੇਂ ਵਿੱਚ ਜਾਂਦਿਆਂ ਹੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ‘ਤੇ ਅਜਿਹਾ ਸਿਆਸੀ ਵਾਰ ਕੀਤਾ ਹੈ ਜਿਹੜਾ ਇਸ ਕਹਾਵਤ ਨੂੰ ਸੌ ਫੀਸਦੀ ਸੱਚ ਕਰਦਾ ਪ੍ਰਤੀਤ ਹੁੰਦਾ ਹੈ। ਹੁਣ ਆਉਣ ਵਾਲੇ ਸਮੇਂ ਵਿੱਚ ਜੇਕਰ ਬਰਾੜ ਕਿਤੋਂ ਅਕਾਲੀ ਦਲ ਦੀ ਟਿਕਟ ‘ਤੇ ਚੋਣ ਲੜਦੇ ਹਨ, ਤਾਂ ਇਸ ਸਿਆਸੀ ਵਾਰ ਦਾ ਅਸਰ ਉਸ ਵੇਲੇ ਕੀ ਹੋਵੇਗਾ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।

Check Also

ਕਾਂਗਰਸ ਪ੍ਰਧਾਨ ਬਣਕੇ ਜਾਖੜ ਨੇ ਦੇਖੋ ਕਿਹੜੀ ਗੱਲੋਂ ਕੀਤੀ ਕੋਰੀ ਨਾਂਹ, ਬੱਲੇ ਓਏ! ਐਤਕੀਂ ਤਗੜਾ ਹੋ ਕੇ ਆਇਐ ਜਾਖੜ ..

ਚੰਡੀਗੜ: ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਹ ਕਹਿ ਕੇ ਉਨ੍ਹਾਂ ਕਿਆਸ ਅਰਾਈਆਂ ‘ਤੇ …

Leave a Reply

Your email address will not be published. Required fields are marked *