ਚੰਡੀਗੜ੍ਹ : ਪੰਜਾਬ ਸਰਕਾਰ ਵਲੋਂ ਬੇਅਦਬੀ ਤੇ ਗੋਲੀ ਕਾਂਡ ਨਾਲ ਸਬੰਧਤ ਕੇਸਾਂ ਦੀ ਜਾਂਚ ਕਰਨ ਲਈ ਬਣਾਈ ਗਈ ਐਸ ਆਈ ਟੀ ਨੇ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਦੀ ਜ਼ਮਾਨਤ ਅਰਜ਼ੀ ਦਾ ਪੰਜਾਬ ਤੇ ਹਰਿਆਣਾ ਹਾਈਕੋਰਟ ਵਿੱਚ ਵਿਰੋਧ ਕਰਦਿਆਂ ਇੱਕ ਅਜਿਹਾ ਸੱਚ ਉਜਾਗਰ ਕੀਤਾ ਹੈ ਜਿਸ ਨੂੰ ਸੁਣ ਕੇ ਸਾਰਿਆਂ ਨੇ ਦੰਦਾਂ ਥੱਲੇ ਉਂਗਲਾਂ ਲੈ ਲਈਆਂ ਹਨ। ਇਸ ਜਾਂਚ ਟੀਮ ਦੇ ਮੈਂਬਰ ਤੇ ਕਪੂਰਥਲਾ ਦੇ ਐਸਐਸਪੀ ਸਤਿੰਦਰ ਸਿੰਘ ਨੇ ਅਦਾਲਤ ‘ਚ ਇੱਕ ਹਲਫ਼ਨਾਮਾ ਦੇ ਕੇ ਬਿਆਨ ਦਿੱਤਾ ਹੈ ਕਿ ਭਾਈ ਕ੍ਰਿਸ਼ਨ ਭਗਵਾਨ ਤੇ ਭਾਈ ਗੁਰਜੀਤ ਸਿੰਘ ਨਾਮ ਦੇ ਜੋ ਦੋ ਸਿੰਘ ਬਹਿਬਲ ਕਲਾਂ ਗੋਲੀ ਕਾਂਡ ਮਾਮਲੇ ਵਿੱਚ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਨ, ਉਨ੍ਹਾਂ ਮ੍ਰਿਤਕਾਂ ਦੀ ਪੋਸਟ ਮਾਰਟਮ ਰਿਪੋਟਾਂ ਵਿੱਚੋਂ ਇਹ ਸਾਫ ਹੋ ਗਿਆ ਹੈ ਕਿ ਪੁਲਿਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਇੰਨੀ ਨੇੜੇ ਤੋਂ ਖਲੋ ਕੇ ਉਦੋਂ ਗੋਲੀਆਂ ਮਾਰੀਆਂ ਸਨ ਜਦੋਂ ਉਹ ਬੈਠੇ ਹੋਏ ਸਨ ਤੇ ਇਸ ਦਾ ਨਤੀਜਾ ਇਹ ਨਿੱਕਲਿਆ ਕਿ ਗੋਲੀਆਂ ਦੋਵਾਂ ਦੇ ਸ਼ਰੀਰਾਂ ‘ਚੋਂ ਆਰ ਪਾਰ ਹੋ ਗਈਆਂ। ਇਸ ਹਲਫ਼ਨਾਮੇ ਵਿੱਚ ਪੁਲਿਸ ਨੇ ਇਹ ਵੀ ਸਾਫ ਕੀਤਾ ਕਿ ਘਟਨਾ ਸਬੰਧੀ ਮੋਗਾ ਦੇ ਸਾਬਕਾ ਐਸਐਸਪੀ ਚਰਨਜੀਤ ਸ਼ਰਮਾਂ ਵੱਲੋਂ ਆਤਮ ਰੱਖਿਆ ਵਿੱਚ ਗੋਲੀ ਚਲਾਏ ਜਾਣ ਦਾ ਦਾਅਵਾ ਬਿਲਕੁਲ ਝੂਠਾ ਹੈ।
ਐਸਆਈਟੀ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੂੰ ਇਹ ਵੀ ਦੱਸਿਆ ਕਿ 14 ਅਕਤੂਬਰ 2015 ਨੂੰ ਵਾਪਰੀ ਇਸ ਘਟਨਾ ਮੌਕੇ ਵੀ ਪੁਲਿਸ ਵੱਲੋਂ ਗੋਲੀ ਚਲਾਉਣ ਤੋਂ ਪਹਿਲਾਂ ਡਿਊਟੀ ਮੈਜਿਸ਼ਟ੍ਰੇਟ ਤੋਂ ਇਜਾਜ਼ਤ ਨਹੀਂ ਲਈ ਸੀ। ਸਰਕਾਰੀ ਪੱਖ ਨੇ ਅਦਾਲਤ ਨੂੰ ਦੱਸਿਆ ਕਿ ਉਸ ਮੰਦਭਾਗੇ ਦਿਨ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਤਿਤਰ ਬਿਤਰ ਕਰਨ ਲਈ ਜਿਹੜਾ ਲਾਠੀਚਾਰਜ਼ ਕੀਤਾ ਸੀ ਉਸ ਸਬੰਧੀ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਕਾਨੂੰਨੀ ਪ੍ਰਕਿਰਿਆ ਦੀ ਪਾਲਣਾ ਨਹੀਂ ਕੀਤੀ ਜਦਕਿ ਡਿਊਟੀ ਮੈਜ਼ਿਸ਼ਟ੍ਰੇਟ, ਜੈਤੋ ਦੇ ਨਾਇਬ ਤਹਿਸੀਲਦਾਲ ਪ੍ਰਿਤਪਾਲ ਸਿੰਘ ਮੌਕੇ ‘ਤੇ ਮੌਜੂਦ ਸਨ। ਐਸਆਈਟੀ ਅਨੁਸਾਰ ਪ੍ਰਿਤਪਾਲ ਸਿੰਘ ਨੇ ਇਹ ਖੁਲਾਸਾ ਜਾਂਚ ਦੌਰਾਨ ਆਪਣੇ ਬਿਆਨਾਂ ਵਿੱਚ ਕੀਤਾ ਹੈ। ਅਦਾਲਤ ਵਿੱਚ ਸਿੱਟ ਅਧਿਕਾਰੀ ਨੇ ਦੱਸਿਆ ਕਿ ਪ੍ਰਿਤਪਾਲ ਸਿੰਘ ਨਾਇਬ ਤਹਿਸੀਲਦਾਰ ਜੈਤੋ ਵੱਲੋਂ ਉਨ੍ਹਾਂ ਨੂੰ ਦਿੱਤੇ ਗਏ ਆਪਣੇ ਬਿਆਨਾਂ ਵਿੱਚ ਇਸ ਗੱਲ ‘ਤੇ ਵਿਸ਼ੇਸ਼ ਤੌਰ ‘ਤੇ ਜੋਰ ਦਿੱਤਾ ਹੈ ਕਿ ਘਟਨਾ ਮੌਕੇ ਲਾਠੀਚਾਰਜ਼ ਕਰਨ ਤੋਂ ਪਹਿਲਾਂ ਪੁਲਿਸ ਨੇ ਕਿਸੇ ਕਿਸਮ ਦੀ ਇਜਾਜ਼ਤ ਪਹਿਲਾਂ ਨਹੀਂ ਲਈ ਸੀ, ਤੇ ਇਹੋ ਕਾਰਨ ਹੈ ਕਿ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਪਾਰਟੀ ਦੇ ਬਿਆਨ ਆਪਾ ਵਿਰੋਧੀ ਹਨ। ਇਸ ਹਲਫ਼ਨਾਮੇ ਅਨੁਸਾਰ ਡਿਊਟੀ ਮੈਜਿਸਟ੍ਰੇਟ ਤੋਂ ਇਜਾਜ਼ਤ ਲਏ ਬਿਨਾਂ ਪੁਲਿਸ ਨੇ ਪ੍ਰਦਰਸ਼ਨਕਾਰੀਆਂ ‘ਤੇ ਗੋਲੀ ਚਲਾਈ ਸੀ, ਜਿਸ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਬਾਜਾਖਾਨਾਂ ਥਾਣੇ ਅੰਦਰ ਪਰਚਾ ਦਰਜ਼ ਕੀਤਾ ਗਿਆ ਤੇ ਇਸ ਪਰਚੇ ਵਿੱਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਆਉਣ ਤੋਂ ਬਾਅਦ ਚਰਨਜੀਤ ਸ਼ਰਮਾ, ਬਿਕਰਮ ਸਿੰਘ, ਪ੍ਰਦੀਪ ਸਿੰਘ ਤੇ ਅਮਰਜੀਤ ਸਿੰਘ ਕੁਲਾਰ ਦੇ ਨਾਮ ਸ਼ਾਮਲ ਕੀਤੇ ਗਏ। ਅਦਾਲਤ ਨੂੰ ਦੱਸਿਆ ਗਿਆ ਕਿ ਝੂਠੇ ਸਬੂਤ ਪੈਦਾ ਕਰਨ ਲਈ ਚਰਨਜੀਤ ਸ਼ਰਮਾਂ ਦੀ ਜਿਪਸੀ ‘ਤੇ ਬਠਿੰਡਾ ‘ਚ ਗੋਲੀਆਂ ਚਲਾਈਆਂ ਗਈਆਂ ਤੇ ਦਾਅਵਾ ਇਹ ਕੀਤਾ ਗਿਆ ਕਿ ਇਹ ਗੋਲੀਆਂ ਘਟਨਾ ਮੌਕੇ ਪ੍ਰਦਰਸ਼ਨਕਾਰੀਆਂ ਨੇ ਚਲਾਈਆਂ ਸਨ। ਅੰਤ ਵਿੱਚ ਐਸਆਈਟੀ ਨੇ ਚਰਨਜੀਤ ਸ਼ਰਮਾਂ ਦੀ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਐਸਆਈਟੀ ਨੇ ਕਿਹਾ ਕਿ ਜੇਕਰ ਇਸ ਸਾਬਕਾ ਪੁਲਿਸ ਅਧਿਕਾਰੀ ਨੂੰ ਜ਼ਮਾਨਤ ਦਿੱਤੀ ਗਈ ਤਾਂ ਇਹ ਬਾਹਰ ਜਾ ਕੇ ਜਾਂਚ ਨੂੰ ਪ੍ਰਭਾਵਿਤ ਕਰ ਸਕਦਾ ਹੈ। ਅਦਾਲਤ ਨੇ ਇਸ ਮਾਮਲੇ ਦੀ ਸੁਣਵਾਈ ਆਉਂਦੀ 7 ਮਈ ‘ਤੇ ਪਾ ਦਿੱਤੀ ਹੈ।
- Advertisement -