ਬਠਿੰਡਾ ਤੋਂ ਖਹਿਰਾ, ਫਿਰੋਜ਼ਪੁਰ ਤੋਂ ਬੈਂਸ ਨੇ ਘੇਰੀ ਹਰਸਿਮਰਤ, ਹੁਣ ਕਿੱਥੋਂ ਲੜੂ ਚੋਣ, ਪੈ ਗਈ ਭਸੂੜੀ

ਚੰਡੀਗੜ੍ਹ : ਜਿਵੇਂ ਕਿ ਉਮੀਦ ਸੀ ਪੰਜਾਬ ਜਮਹੂਰੀ ਗੱਠਜੋੜ ਨੇ ਆਉਂਦੀਆਂ ਲੋਕ ਸਭਾ ਚੋਣਾ ਸਬੰਧੀ ਹਲਕਾ ਬਠਿੰਡਾ ਤੋਂ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੂੰ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਇਹ ਐਲਾਨ ਚੰਡੀਗੜ੍ਹ ਵਿਖੇ ਇੱਕ ਭਰਵੇਂ ਪੱਤਰਕਾਰ ਸੰਮਲਨ ਦੌਰਾਨ ਗੱਠਜੋੜ ਦੇ ਭਾਈਵਾਲ ਅਤੇ ਪੰਜਾਬ ਫਰੰਟ ਦੇ ਆਗੂ ਡਾ. ਧਰਮਵੀਰ ਗਾਂਧੀ ਨੇ ਸੁਖਪਾਲ ਖਹਿਰਾ ਅਤੇ ਮਾਸਟਰ ਬਲਦੇਵ ਸਿੰਘ ਦੀ ਮੌਜੂਦਗੀ ‘ਚ ਕੀਤਾ। ਬਠਿੰਡਾ ਤੋਂ ਖਹਿਰਾ ਦੀ ਉਮੀਦਵਾਰੀ ਦੇ ਐਲਾਨ ਨਾਲ ਇਹ ਹਲਕਾ ਆਉਂਦੀਆਂ ਚੋਣਾਂ ਦੌਰਾਨ ਜਿੱਤ ਦੇ ਲਿਹਾਜ ਨਾਲ ਪੰਜਾਬ ਅੰਦਰ ਸਭ ਤੋਂ ਵਕਾਰੀ ਸੀਟ ਮੰਨਿਆਂ ਜਾਣ ਲੱਗ ਪਿਆ ਹੈ।

ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਪੰਜਾਬ ਜਮਹੂਰੀ ਗੱਠਜੋੜ ਨੇ ਇਸ ਗੱਲ ਦੀ ਪ੍ਰਵਾਹ ਕੀਤੇ ਬਿਨਾਂ ਕੀ ਕੌਣ ਕਿੱਥੋਂ ਚੋਣ ਲੜ ਰਿਹਾ ਹੈ ਸੁਖਪਾਲ ਸਿੰਘ ਖਹਿਰਾ ਨੂੰ ਬਠਿੰਡਾ ਤੋਂ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਇੱਥੇ ਬੋਲਦਿਆਂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਉਹ ਪ੍ਰਮਾਤਮਾਂ ਦੇ ਸੁਕਰ ਗੁਜ਼ਾਰ ਹਨ ਕਿ ਉਨ੍ਹਾਂ ਨੂੰ ਪੰਜਾਬ ਅੰਦਰ ਦੋ ਤਾਕਤਵਰ ਸਿਆਸੀ ਪਰਿਵਾਰਾਂ ਨੂੰ ਚੁਣੌਤੀ ਦੇਣ ਦਾ ਇੱਕ ਮੌਕਾ ਮਿਲਿਆ ਹੈ। ਖਹਿਰਾ ਨੇ ਕਿਹਾ ਕਿ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੇ ਵਿਰੁੱਧ ਚੋਣ ਲੜ ਰਹੇ ਹਨ ਤੇ ਬਠਿੰਡਾ ਤੋਂ ਪੀਡੀਏ ਨੇ ਉਨ੍ਹਾਂ ਨੂੰ ਉਸ ਬਾਦਲ ਪਰਿਵਾਰ ਦੇ ਵਿਰੁੱਧ ਚੋਣ ਲੜਨ ਲਈ ਉਤਾਰਿਆ ਹੈ ਜਿਸ ਨੇ ਪਿਛਲੇ 50-60 ਸਾਲਾਂ ਤੋਂ ਪੰਜਾਬ ਦੀ ਸਿਆਸਤ ‘ਤੇ ਕਬਜ਼ਾ ਜਮਾ ਕੇ ਸੂਬੇ ਦਾ ਘਾਣ ਕੀਤਾ ਹੈ। ਸੁਖਪਾਲ ਖਹਿਰਾ ਅਨੁਸਾਰ ਜੇਕਰ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਨੇ ਹਰਸਿਮਰਤ ਕੌਰ ਬਾਦਲ ਦਾ ਹਲਕਾ ਬਦਲ ਕੇ ਫਿਰੋਜ਼ਪੁਰ ਕੀਤਾ ਤਾਂ ਉਨ੍ਹਾਂ ਦੀ ਗੱਠਜੋੜ ‘ਚ ਸ਼ਾਮਲ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਉੱਥੋਂ ਚੋਣ ਲੜਨਗੇ। ਇਸ ਮੌਕੇ ਖਹਿਰਾ ਨੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਕਿਹਾ ਕਿ ਬ੍ਰਹਮਪੁਰਾ ਖਡੂਰ ਸਾਹਿਬ ਤੋਂ ਟਕਸਾਲੀ ਪਾਰਟੀ ਦਾ ਉਮੀਦਵਾਰ ਹਟਾ ਕੇ ਉੱਥੇ ਬੀਬੀ ਪਰਮਜੀਤ ਕੌਰ ਖਾਲੜਾ ਦੀ ਜਿੱਤ ਪੱਕੀ ਕਰਨ। ਉਨ੍ਹਾਂ ਕਿਹਾ ਕਿ ਟਕਸਾਲੀਆਂ ਨੂੰ ਖਾਲੜਾ ਪਰਿਵਾਰ ਦੀ ਸਿੱਖੀ ਪ੍ਰਤੀ ਦੇਣ ਨੂੰ ਧਿਆਨ ਵਿੱਚ ਰੱਖਦਿਆਂ ਬੀਬੀ ਖਾਲੜਾ ਦੀ ਮੁਖਾਲਫਤ ਤਿਆਗ ਦੇਣੀ ਚਾਹੀਦੀ ਹੈ। ਇਸ ਮੌਕੇ ਸੁਖਪਾਲ ਖਹਿਰਾ ਉਨ੍ਹਾਂ ਦੇ ਧੁਰ ਵਿਰੋਧੀ ਮੰਨੇ ਜਾਂਦੇ ਭਗਵੰਤ ਮਾਨ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਚੋਣਾਂ ਨੇੜੇ ਹੁਣ ਉਹ ਆਪਣੀ ਆਮ ਆਦਮੀ ਪਾਰਟੀ ‘ਤੇ ਧਿਆਨ ਦੇਣ।

 

 

Check Also

ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ ਲਈ 71 ਕਰੋੜ ਰੁਪਏ ਜਾਰੀ: ਚੀਮਾ

ਚੰਡੀਗੜ੍ਹ:ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਵਿੱਤ …

Leave a Reply

Your email address will not be published.