Home / ਸਿਆਸਤ / ਪੰਜਾਬ ਦੀ ਸਾਬਕਾ ਮੁੱਖ ਮੰਤਰੀ ਨੇ ਸਵਾਲ ਪੁੱਛਣ ਵਾਲੇ ਨੂੰ ਜੜਿਆ ਥੱਪੜ, ਵਿਰੋਧੀ ਕਹਿੰਦੇ ਪਰਚਾ ਦਿਓ!

ਪੰਜਾਬ ਦੀ ਸਾਬਕਾ ਮੁੱਖ ਮੰਤਰੀ ਨੇ ਸਵਾਲ ਪੁੱਛਣ ਵਾਲੇ ਨੂੰ ਜੜਿਆ ਥੱਪੜ, ਵਿਰੋਧੀ ਕਹਿੰਦੇ ਪਰਚਾ ਦਿਓ!

ਲਹਿਰਾਗਾਗਾ : ਚੋਣਾਂ ਦੇ ਇਸ ਭਖ ਰਹੇ ਮਾਹੌਲ ‘ਚ ਹਰ ਵਿਧਾਇਕ ਆਪਣੀਆਂ ਚੋਣ ਰੈਲੀਆਂ ਕਰ ਰਿਹਾ ਹੈ, ਪਰ ਇਸ ਵਾਰ ਦੀਆਂ ਚੋਂਣਾਂ ਦੀ ਖ਼ਾਸ ਗੱਲ ਇਹ ਹੈ ਕਿ ਲਗਭਗ ਹਰ ਲੀਡਰ ਨੂੰ ਹੀ ਜਨਤਾ ਦੇ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਤਿੱਖੇ ਸਵਾਲਾਂ ਦਾ ਕਈ ਲੀਡਰ ਤਾਂ ਬਾਖੂਬੀ ਜਵਾਬ ਦਿੰਦੇ ਹਨ, ਪਰ ਕਈ ਆਗੂ ਸਵਾਲ ਪੁੱਛੇ ਜਾਣ ‘ਤੇ ਇੰਨੇ ਭੜਕ ਜਾਂਦੇ ਹਨ ਕਿ ਉਨ੍ਹਾਂ ਦਾ ਗੁੱਸਾ ਸੱਤਵੇਂ ਆਸਮਾਨ ‘ਤੇ ਪਹੁੰਚ ਜਾਂਦਾ ਹੈ, ਤੇ ਗੁੱਸੇ ‘ਚ ਕਈ ਵਾਰ ਉਹ ਅਜਿਹੀ ਹਰਕਤ ਕਰ ਬੈਠਦੇ ਹਨ ਕਿ ਜਿੱਥੇ ਦੇਖਣ ਸੁਣਨ ਵਾਲੇ ਲੋਕ ਇਹ ਸੋਚ ਕੇ ਹੈਰਾਨ ਰਹਿ ਜਾਂਦੇ ਹਨ ਕਿ ਉਨ੍ਹਾਂ ਦਾ ਹਰਮਨ ਪਿਆਰਾ ਨੇਤਾ ਇਹ ਕੀ ਕਰ ਗਿਆ? ਉੱਥੇ ਦੂਜੇ ਪਾਸੇ ਵਿਰੋਧੀ ਪਾਰਟੀਆਂ ਇਸ ਨੂੰ ਆਪਣਾ ਚੋਣ ਮੁੱਦਾ ਬਣਾ ਕੇ ਰੈਲੀਆਂ ‘ਚ ਭੰਡਣਾ ਸ਼ੁਰੂ ਕਰ ਦਿੰਦੀਆਂ ਹਨ। ਕੁਝ ਅਜਿਹਾ ਹੀ ਮਾਮਲਾ ਬੀਤੇ ਦਿਨ ਵੀ ਸਾਹਮਣੇ ਆਇਆ। ਜਦੋਂ ਸਵਾਲ ਪੁੱਛੇ ਜਾਣ ‘ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਭੜਕ ਗਏ ਕਿ ਉਨ੍ਹਾਂ ਨੇ ਸਵਾਲ ਪੁੱਛਣ ਵਾਲੇ ਨੌਜਵਾਨ ਨੂੰ ਥੱਪੜ ਜੜ ਦਿੱਤਾ। ਇਸ ਤੋਂ ਬਾਅਦ ਬੀਬੀ ਜੀ ਦੇ ਇਸ ਕਦਮ ਦੀ ਨਿੰਦਾ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਉਨ੍ਹਾਂ ‘ਤੇ ਕੇਸ ਦਰਜ ਕਰਨ ਦੀ ਮੰਗ ਕੀਤੀ ਹੈ। ਦੱਸ ਦਈਏ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਵਿਧਾਨ ਸਭਾ ਹਲਕਾ ਲਹਿਰਾਗਾਗਾ ਦੇ ਪਿੰਡ ਬਸ਼ਹਿਰਾ ਵਿਖੇ ਸੀਨੀਅਰ ਕਾਂਗਰਸੀ ਆਗੂ ਤੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਠਲ ਪਾਰਟੀ ਵੱਲੋਂ ਇਸ ਹਲਕੇ ਵਿੱਚ ਖੜ੍ਹੇ ਕੀਤੇ ਗਏ ਉਮੀਦਵਾਰ ਕੇਵਲ ਸਿੰਘ ਢਿੱਲੋਂ ਦੇ ਹੱਕ ਵਿੱਚ ਪ੍ਰਚਾਰ ਕਰਨ ਆਏ ਸਨ। ਚਲਦੀ ਰੈਲੀ ਦੌਰਾਨ ਪਿੰਡ ਦੇ ਵਸਨੀਕ ਇੱਕ ਨੌਜਵਾਨ ਨੇ ਬੀਬੀ ਭੱਠਲ ਨੂੰ ਜਦੋਂ ਸਵਾਲ ਕੀਤਾ, ਕਿ ਉਨ੍ਹਾਂ ਨੇ ਪਿਛਲੇ 25 ਸਾਲਾਂ ਵਿੱਚ ਆਪਣੇ ਹਲਕੇ ਲਈ ਕੀ ਕੰਮ ਕੀਤਾ ਹੈ? ਇੰਨਾ ਸੁਣਦਿਆਂ ਹੀ ਬੀਬਾ ਜੀ ਇੰਨੇ ਤੈਸ਼ ਵਿੱਚ ਆ ਗਏ ਕਿ ਉਨ੍ਹਾਂ ਨੂੰ ਇਹ ਵੀ ਯਾਦ ਨਹੀਂ ਰਿਹਾ ਕਿ ਉਹ ਚੋਣ ਰੈਲੀ ‘ਚ ਹਨ ਤੇ ਕੈਮਰੇ ਦੀ ਅੱਖ ਉਨ੍ਹਾਂ ਨੂੰ ਦੇਖ ਰਹੀ ਹੈ, ਉਨ੍ਹਾਂ ਨੇ ਆਵ ਦੇਖਿਆ ਨਾ ਤਾਵ ਤੁਰੰਤ ਉਸ ਸਵਾਲ ਕਰਨ ਵਾਲੇ ਨੌਜਵਾਨ ਦੇ ਥੱਪੜ ਜੜ ਦਿੱਤਾ। ਇਹ ਘਟਨਾ ਇੰਨੀ ਤੇਜੀ ਨਾਲ ਵਾਪਰੀ ਕਿ ਥੱਪੜ ਮਾਰਨ ਤੋਂ ਬਾਅਦ ਬੀਬੀ ਰਜਿੰਦਰ ਕੌਰ ਭੱਠਲ ਤਾਂ ਆਪਣੇ ਸਾਥੀਆਂ ਨਾਲ ਪੈਦਲ ਤੁਰਦੀ ਹੋਈ ਘਟਨਾਂ ਵਾਲੀ ਥਾਂ ਤੋਂ ਅੱਗੇ ਲੰਘ ਗਈ ਪਰ ਥੱਪੜ ਖਾਣ ਵਾਲਾ ਨੌਜਵਾਨ ਅਤੇ ਉਸ ਦੇ ਸਾਥੀ ਕਿੰਨੀ ਦੇਰ ਸੁੰਨ ਹੋਏ ਉੱਥੇ ਹੀ ਖੜ੍ਹੇ ਰਹੇ। ਇਹ ਸਾਰਾ ਘਟਨਾਕ੍ਰਮ ਮੌਕੇ ‘ਤੇ ਮੌਜੂਦ ਕੈਮਰਿਆਂ ਨੇ ਰਿਕਾਰਡ ਕਰ ਲਿਆ ਜੋ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦੀ ਸੋਭਾ ਵਧਾ ਰਿਹਾ ਹੈ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਨੇ ਬੀਬੀ ਰਜਿੰਦਰ ਕੌਰ ਭੱਠਲ ਨੂੰ ਰੱਜ ਕੇ ਭੰਡਣਾ ਸ਼ੁਰੂ ਕਰ ਦਿੱਤਾ। ਭੰਡਣ ਵਾਲੇ ਇਹ ਵੀ ਭੁੱਲ ਗਏ ਕਿ ਉਨ੍ਹਾਂ ਦੀਆਂ ਆਪਣੀਆਂ ਰੈਲੀਆਂ ਵਿੱਚ ਸਵਾਲ ਕਰਨ ਵਾਲਿਆਂ ਦਾ ਉਨ੍ਹਾਂ ਦੇ ਸਮਰਥਕ ਕੀ ਹਾਲ ਕਰਦੇ ਹਨ? ਭਖੀ ਹੋਈ ਇਸ ਰਾਜਨੀਤੀ ਵਿੱਚ ਬੋਲਦਿਆਂ ਜਿੱਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਨੇ ਇਸ ਘਟਨਾ ਨੂੰ ਨਿੰਦਣਯੋਗ ਕਰਾਰ ਦਿੰਦਿਆਂ ਕਿਹਾ ਕਿ ਲੋਕਾਂ ਨੂੰ ਸਵਾਲ ਕਰਨ ਦੀ ਆਦਤ ਅਸੀਂ ਪਾਈ ਹੈ ਤੇ ਲੋਕ ਸਾਡੇ ਤੋਂ ਵੀ ਸਵਾਲ ਕਰਦੇ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਤਾਂ ਬੀਬੀ ਭੱਠਲ ਵਿਰੁੱਧ ਕੇਸ ਦਰਜ਼ ਕਰਨ ਦੀ ਮੰਗ ਤੱਕ ਕਰ ਦਿੱਤੀ ਹੈ। ਮਜੀਠੀਆ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਪ੍ਰਚਾਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਉਸ ਥੱਪੜ ਖਾਣ ਵਾਲੇ ਨੌਜਵਾਨ ਨੂੰ ਸਨਮਾਨਿਤ ਕਰਦੇ ਹੋਏ ਸਰਕਾਰ ਤੋਂ ਉਸ ਲਈ ਇਨਸਾਫ ਦੀ ਮੰਗ ਜਰੂਰ ਕਰੇਗੀ।

Check Also

ਟਰੰਪ ਵਿਰੁੱਧ ਪੰਜਾਬ ‘ਚ ਉੱਠਿਆ ਵਿਦਰੋਹ, ਜਥੇਬੰਦੀਆਂ ਨੇ ਕੀਤਾ ਵੱਡਾ ਐਲਾਨ

ਬਰਨਾਲਾ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਭਾਰਤ ਦੌਰੇ ‘ਤੇ ਪਹੁੰਚੇ ਹਨ। ਇਸ ਦੌਰਾਨ ਜਿੱਥੇ …

Leave a Reply

Your email address will not be published. Required fields are marked *