Home / ਓਪੀਨੀਅਨ / ਪ੍ਰਨੀਤ ਕੌਰ ਆਪਣਿਆਂ ਵੱਲੋਂ ਬੀਜੇ ਕੰਡੇ ਚੁਗੇ ਜਾਂ ਵੋਟਾਂ ਮੰਗੇ, ਵਰਕਰ ਦੁਖੀ, ਡਾ. ਗਾਂਧੀ ਬਾਗ਼ੋ ਬਾਗ਼

ਪ੍ਰਨੀਤ ਕੌਰ ਆਪਣਿਆਂ ਵੱਲੋਂ ਬੀਜੇ ਕੰਡੇ ਚੁਗੇ ਜਾਂ ਵੋਟਾਂ ਮੰਗੇ, ਵਰਕਰ ਦੁਖੀ, ਡਾ. ਗਾਂਧੀ ਬਾਗ਼ੋ ਬਾਗ਼

ਕੁਲਵੰਤ ਸਿੰਘ ਪਟਿਆਲਾ : ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਪਾਰਟੀ ਨੇ ਹੁਣ ਤੱਕ ਪੰਜਾਬ ਦੀਆਂ 11 ਸੀਟਾਂ ‘ਤੇ ਟਿਕਟਾਂ ਦੀ ਵੰਡ ਕੀਤੀ ਹੈ। ਜਿਸ ਤੋਂ ਬਾਅਦ ਪਟਿਆਲਾ ਤੇ ਗੁਰਦਾਸਪੁਰ ਸੀਟ ਨੂੰ ਛੱਡ ਕੇ ਬਾਕੀ ਲਗਭਗ ਸਾਰੇ ਹੀ ਹਲਕਿਆਂ ਤੋਂ ਬਗਾਵਤੀ ਸੁਰਾਂ ਸੁਣਾਈ ਦਿੱਤੀਆਂ ਹਨ। ਇਹ ਸੁਰ ਕਿਤੇ ਹੌਲੀ ਸਨ, ਤੇ ਕਿਤੇ ਤੇਜ਼। ਪਟਿਆਲਾ ਤੇ ਗੁਰਦਾਸਪੁਰ ਸੀਟ ਤੋਂ ਬਗਾਵਤੀ ਸੁਰ ਇਸ ਲਈ ਸੁਣਾਈ ਨਹੀਂ ਦੇ ਰਹੇ, ਕਿਉਂਕਿ ਬਾਕੀ ਦੀਆਂ 11 ਸੀਟਾਂ ‘ਤੇ ਕੁੱਲ 173 ਲੋਕਾਂ ਨੇ ਆਪਣੀਆਂ ਦਾਅਵੇਦਾਰੀਆਂ ਠੋਕੀਆਂ ਸਨ, ਪਰ ਪਟਿਆਲਾ ਤੇ ਗੁਰਦਾਸਪੁਰ ਸੀਟਾਂ ਤੋਂ ਹੀ ਸਿਰਫ 2-2 ਉਮੀਦਵਾਰਾਂ ਨੇ ਹੀ ਚੋਣ ਲੜਨ ਦੀ ਇੱਛਾ ਜਤਾਈ ਸੀ। ਜਿਨ੍ਹਾਂ ਵਿੱਚੋਂ ਇੱਕ ਹਨ ਪ੍ਰਨੀਤ ਕੌਰ, ਜਿਨ੍ਹਾਂ ਨੂੰ ਪਾਰਟੀ ਨੇ ਪਟਿਆਲਾ ਤੋਂ ਟਿਕਟ ਦਿੱਤੀ ਹੈ ਤੇ ਉਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਵੀ ਹਨ, ਤੇ ਦੂਜੇ ਹਨ ਸੁਨੀਲ ਜਾਖੜ, ਜੋ ਕਿ ਕਾਂਗਰਸ ਦੇ ਗੁਰਦਾਸਪੁਰ ‘ਤੋਂ ਉਮੀਦਵਾਰ ਹੋਣ ਦੇ ਨਾਲ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਹਨ।  ਪਟਿਆਲਾ ਤੋਂ ਪ੍ਰਨੀਤ ਕੌਰ ਦਾ ਭਾਵੇਂ ਟਿਕਟਾਂ ਦੀ ਵੰਡ ਨੂੰ ਲੈ ਕੇ ਕੋਈ ਵਿਰੋਧ ਨਹੀਂ ਹੋਇਆ, ਪਰ ਚੋਣ ਪ੍ਰਚਾਰ ਦੌਰਾਨ ਜਿਹੜੇ ਤੱਥ ਮਹਾਰਾਣੀ ਪ੍ਰਨੀਤ ਕੌਰ ਦੇ ਸਾਹਮਣੇ ਆ ਰਹੇ ਹਨ, ਉਸ ਨੇ ਪਾਰਟੀ ਵਫਾਦਾਰਾਂ ਦੀ ਨੀਂਦ ਹਰਾਮ ਕਰਕੇ ਰੱਖ ਦਿੱਤੀ ਹੈ। ਸੂਤਰਾਂ ਅਨੁਸਾਰ ਇਹ ਤੱਥ ਹਨ, ਕੁਝ ਆਪਣਿਆਂ ਦੀਆਂ, ਅਜਿਹੀਆਂ ਕਰਨੀਆਂ, ਜਿਸ ਕਾਰਨ ਲੋਕ ਨਾਰਾਜ਼ ਹਨ, ਤੇ ਹੁਣ ਚੋਣਾਂ ਦੌਰਾਨ ਪ੍ਰਨੀਤ ਕੌਰ ਨੂੰ ਇਸ ਦਾ ਭਾਰੀ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ। ਇਸ ਦੇ ਉਲਟ ਲੋਕਾਂ ਨੂੰ ਡਾ. ਗਾਂਧੀ ਦੀ ਸਾਦਗੀ ਅਤੇ ਹਰ ਕਿਸੇ ਦਾ ਕੰਮ ਕਰਾਉਣ ਲਈ ਉਸ ਨਾਲ ਉਠ ਕੇ ਤੁਰਨ ਦੀ ਕਲਾ ਲੋਕਾਂ ਨੂੰ ਪਸੰਦ ਆ ਰਹੀ ਹੈ, ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਡਾ. ਗਾਂਧੀ ਦਾ ਪਲੜਾ ਇਸ ਵੇਲੇ ਪ੍ਰਨੀਤ ਕੌਰ ‘ਤੇ ਭਾਰੀ ਪੈ ਰਿਹਾ ਹੈ। ਜਿਸ ਨੂੰ ਜਾਣ ਕੇ ਕਾਂਗਰਸ ਵਰਕਰ ਦੁਖੀ ਹਨ, ਕਿ ਮਹਾਰਾਣੀ ਅਜੇ ਵੀ ਨਹੀਂ ਸਮਝ ਰਹੇ, ਕਿ ਉਨ੍ਹਾਂ ਦਾ ਆਪਣਾ ਕੌਣ ਹੈ ਤੇ ਬੇਗਾਨਾਂ ਕੌਣ? ਇਸ ਸਬੰਧ ਵਿੱਚ ਕਾਂਗਰਸ ਪਾਰਟੀ ਦੇ ਅੰਦਰੂਨੀ ਸੂਤਰਾਂ ਨਾਲ ਜਦੋਂ ਵਿਸਥਾਰ ਵਿੱਚ ਚਰਚਾ ਕੀਤੀ ਗਈ ਤਾਂ ਉਨ੍ਹਾਂ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਭਰੇ ਮਨ ਨਾਲ ਦੱਸਿਆ, ਕਿ ਸਾਲ 2017 ਦੌਰਾਨ ਜਦੋਂ ਕਾਂਗਰਸ ਪਾਰਟੀ ਸੱਤਾ ਵਿੱਚ ਆਈ ਸੀ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਵੀ ਮਹਿਲਾਂ ਵਿੱਚ ਕੰਮ ਕਰਾਉਣ ਲਈ ਗਏ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਗਿਆ, ਕਿ ਤੁਸੀਂ ਆਪਣੇ ਵਿਧਾਇਕਾਂ ਕੋਲ ਜਾਓ, ਤੁਹਾਡੇ ਕੰਮ ਉਹ ਹੀ ਕਰਾਉਣਗੇ। ਇਸ ਤੋਂ ਬਾਅਦ ਨਾ ਤਾਂ ਉਨ੍ਹਾਂ ਲੋਕਾਂ ਦੇ ਕੰਮ ਵਿਧਾਇਕਾਂ ਨੇ ਕਰਵਾਏ ਤੇ ਨਾ ਹੀ ਮਹਿਲਾਂ ਵਾਲਿਆਂ ਨੇ ਉਨ੍ਹਾਂ ਦੀ ਸੁਣੀ। ਸੂਤਰਾਂ ਅਨੁਸਾਰ ਹੁਣ ਹਾਲਾਤ ਇਹ ਹਨ ਕਿ ਜਦੋਂ ਉਹ ਮਹਾਰਾਣੀ ਪ੍ਰਨੀਤ ਕੌਰ ਦੇ ਨਾਲ ਜਾ ਕੇ ਲੋਕਾਂ ਕੋਲ ਕਾਂਗਰਸ ਪਾਰਟੀ ਨੂੰ ਵੋਟ ਪਾਉਣ ਦੀ ਅਪੀਲ ਕਰਦੇ ਹਨ, ਤਾਂ ਉਨ੍ਹਾਂ ਦਾ ਅੱਗੋਂ ਠੋਕਵਾਂ ਜਵਾਬ ਹੁੰਦਾ ਹੈ ਕਿ, “ਉਸ ਵੇਲੇ ਤਾਂ ਤੁਸੀਂ ਸਾਨੂੰ ਵਿਧਾਇਕਾਂ ਕੋਲ ਭੇਜਦੇ ਸੀ, ਤੇ ਹੋਇਆ ਇਹ ਕਿ ਉਦੋਂ ਨਾ ਸਾਡੀ ਉਦੋਂ ਵਿਧਾਇਕਾਂ ਨੇ ਸੁਣੀ ਤੇ ਨਾ ਤੁਸੀਂ। ਹੁਣ ਤੁਸੀਂ ਕਿਸ ਅਧਾਰ ‘ਤੇ ਸਾਡੇ ਕੋਲ ਵੋਟਾਂ ਮੰਗਣ ਆ ਰਹੇ ਹੋ, ਕੀ ਹੁਣ ਤੁਹਾਨੂੰ ਵੀ ਵਿਧਾਇਕਾਂ ਕੋਲ ਨਹੀਂ ਜਾਣਾ ਚਾਹੀਦਾ?” ਇਸ ਤੋਂ ਇਲਾਵਾ ਪਟਿਆਲਾ ਦਿਹਾਤੀ ਦੇ ਕੁਝ ਸੂਤਰਾਂ ਦੀ ਨਰਾਜ਼ਗੀ ਮਹਾਰਾਣੀ ਪ੍ਰਨੀਤ ਕੌਰ ਦੇ ਮਹਿਲਾਂ ਵਿੱਚ ਬੈਠੇ ਨਿੱਜੀ ਸਟਾਫ ਨਾਲ ਵੀ ਹੈ। ਜਿਨ੍ਹਾਂ ਸੂਤਰਾਂ ਦਾ ਇਹ ਕਹਿਣਾ ਹੈ, ਕਿ ਉਹ ਆਪਣਾ ਨਿੱਜੀ ਕੰਮ ਲੈ ਕੇ ਮਹਾਰਾਣੀ ਪ੍ਰਨੀਤ ਕੌਰ ਨੂੰ ਮਿਲਣ ਉਨ੍ਹਾਂ ਦੇ ਪਟਿਆਲਾ ਸਥਿਤ ਨਿੱਜੀ ਨਿਵਾਸ ‘ਤੇ ਕਈ ਵਾਰ ਗਏ ਸਨ, ਪਰ ਉਨ੍ਹਾਂ ਦੇ ਉਸ ਨਿੱਜੀ ਅਮਲੇ ਨੇ ਮਹਾਰਾਣੀ ਪ੍ਰਨੀਤ ਕੌਰ ਨਾਲ ਉਨ੍ਹਾਂ ਦੀ ਮੁਲਾਕਾਤ ਤਾਂ ਕੀ ਕਰਵਾਉਣੀ ਸੀ ਉਲਟਾ ਉਨ੍ਹਾਂ ਨੂੰ ਬੈਠਣ ਲਈ ਵੀ ਨਹੀਂ ਪੁੱਛਿਆ ਗਿਆ ਤੇ ਇਹ ਕਹਿ ਕੇ ਵਾਪਸ ਤੋਰ ਦਿੱਤਾ ਕਿ ਤੁਹਾਡਾ ਕੰਮ ਤਾਂ ਤੁਹਾਡੇ ਹਲਕੇ ਦਾ ਵਿਧਾਇਕ ਹੀ ਕਰਵਾ ਸਕਦਾ ਹੈ। ਆਪਣਿਆਂ ਦੀਆਂ ਕਰਨੀਆਂ, ਪੈਣਗੀਆਂ ਪ੍ਰਨੀਤ ਕੌਰ ਨੂੰ ਭਰਨੀਆਂ ਜਿਹੜੇ ਲੋਕ ਮਹਾਰਾਣੀ ਪ੍ਰਨੀਤ ਕੌਰ ਨਾਲ ਇੰਨੀ ਦਿਨੀਂ ਚੋਣ ਪ੍ਰਚਾਰ ਜਾਂ ਵੋਟਾਂ ਦੀ ਮੰਗ ਕਰਨ ਜਾ ਰਹੇ ਹਨ, ਉਨ੍ਹਾਂ ਲੋਕਾਂ ਦਾ ਇਹ ਦਾਅਵਾ ਹੈ, ਕਿ ਮਹਾਰਾਣੀ ਪ੍ਰਨੀਤ ਕੌਰ ਵਧੀਆ ਆਗੂ ਹੋਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਇਨਸਾਨ ਵੀ ਹਨ ਜਿਨ੍ਹਾਂ ਦੇ ਮਨ ਅੰਦਰ ਆਪਣੇ ਹਲਕੇ ਦੇ ਲੋਕਾਂ ਲਈ ਉਂਨਾ ਹੀ ਦਰਦ ਹੈ, ਜਿਨ੍ਹਾਂ ਕਿਸੇ ਬੇਹੱਦ ਨਜਦੀਕੀ ਦੇ ਲਈ ਹੁੰਦਾ ਹੈ। ਇਹ ਲੋਕ ਕਹਿੰਦੇ ਹਨ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਪਟਿਆਲਾ ਦੇ ਲੋਕਾਂ ਲਈ ਦਿਨ ਰਾਤ ਇੱਕ ਕਰਕੇ ਕਈ ਪ੍ਰੋਜੈਕਟ ਲਿਆਂਦੇ ਹਨ ਜਿਨ੍ਹਾਂ ਵਿੱਚੋਂ ਇੱਕ ਡੇਢ ਸੌ ਕਰੋੜ ਰੁਪਏ ਲਾ ਕੇ ਰਜਿੰਦਰਾ ਹਸਪਤਾਲ ਦਾ ਆਧੁਨੀਕਰਨ ਕਰਨਾ ਹੈ। ਜਿਸ ਨਾਲ ਪੰਜਾਬ ਹੀ ਨਹੀਂ ਹਰਿਆਣਾ ਤੇ ਰਾਜਸਥਾਨ ਦੇ ਲੋਕਾਂ ਨੂੰ ਵੀ ਸਿਹਤ ਸੁਵੀਧਾਵਾਂ ਪੱਖੋਂ ਫਾਇਦਾ ਹੋਵੇਗਾ। ਵਰਕਰ ਦੁਖੀ, ਕਿ ਮਹਾਰਾਣੀ ਅਜੇ ਵੀ ਨਹੀਂ ਸਮਝੇ ਆਪਣਾ ਕੌਣ ਤੇ ਬੇਗਾਨਾਂ ਕੌਣ? ਇਹ ਸੂਤਰ ਇਸ ਦੇ ਬਾਵਜੂਦ ਬੜੇ ਦੁੱਖ ਨਾਲ ਕਹਿੰਦੇ ਹਨ, ਕਿ ਪ੍ਰਨੀਤ ਕੌਰ ਆਪਣੇ ਨਿੱਜੀ ਅਮਲੇ ਅਤੇ ਵਿਧਾਇਕਾਂ ‘ਤੇ ਇੰਨਾ ਭਰੋਸਾ ਕਰਦੇ ਹਨ, ਕਿ ਉਨ੍ਹਾਂ ਨੂੰ ਜ਼ਮੀਨੀ ਹਕੀਕਤ ਨਜ਼ਰ ਹੀ ਨਹੀਂ ਆ ਰਹੀ। ਇਹ ਸੂਤਰ ਕਹਿੰਦੇ ਹਨ ਕਿ,” ਕੀ ਕਰੀਏ ਪਾਰਟੀ ਨਾਲ ਜੁੜੇ ਹੋਏ ਹਾਂ, ਕਾਂਗਰਸ ਪਾਰਟੀ, ਮਹਾਰਾਣੀ ਪ੍ਰਨੀਤ ਕੌਰ ਤੇ ਕੈਪਟਨ ਅਮਰਿੰਦਰ ਸਿੰਘ ਪਰਿਵਾਰ ਦੇ ਵਫਾਦਾਰ ਹਾਂ, ਲਿਹਾਜਾ ਨਾ ਤਾਂ ਉਨ੍ਹਾਂ ਸਾਹਮਣੇ ਕੁਝ ਬੋਲ ਸਕਦੇ ਹਾਂ, ਤੇ ਨਾ ਹੀ ਪਾਰਟੀ ਦਾ ਗ੍ਰਾਫ ਥੱਲੇ ਗਿਰਦਾ ਵੇਖ ਜਰਿਆ ਜਾਂਦਾ ਹੈ, ਕੋਈ ਗੱਲ ਨਹੀਂ ਅਸੀਂ ਆਪਣੇ ਵੱਲੋਂ ਪੂਰਾ ਜੋਰ ਲਾਵਾਂਗੇ, ਹੋ ਸਕਦਾ ਹੈ ਮਹਾਰਾਣੀ ਸਾਹਿਬਾ ਨੂੰ ਕੁਝ ਦਿਨਾਂ ਬਾਅਦ ਹਕੀਕਤ ਸਮਝ ਆ ਜਾਵੇ, ਤੇ ਉਹ ਸਾਰਾ ਕੁਝ ਠੀਕ ਕਰ ਲੈਣ, ਕਿਉਂਕਿ ਕਾਂਗਰਸ ਦੀ ਪੰਜਾਬ ਵਿੱਚ ਸੱਤਾ ਦੇ ਅਜੇ ਵੀ 3 ਸਾਲ ਪਏ ਹਨ।” ਇੱਧਰ ਦੂਜੇ ਪਾਸੇ ਮਹਾਰਾਣੀ ਪ੍ਰਨੀਤ ਕੌਰ ਦੇ ਮੁਕਾਬਲੇ ਮੌਜੂਦਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਤੇ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਨੀਨਾ ਮਿੱਤਲ ਚੋਣ ਮੈਦਾਨ ਵਿੱਚ ਹਨ। ਜਿਨ੍ਹਾਂ ਵਿੱਚੋਂ ਡਾ. ਗਾਂਧੀ ਪ੍ਰਨੀਤ ਕੌਰ ਨੂੰ ਪੂਰੀ ਟੱਕਰ ਦਿੰਦੇ ਪ੍ਰਤੀਤ ਹੁੰਦੇ ਹਨ। ਮਹਾਰਾਣੀ ਪ੍ਰਨੀਤ ਕੌਰ ਭਾਵੇਂ ਕਿ 1999, 2004 ਅਤੇ 2009 ਦੀਆਂ ਲੋਕ ਸਭਾ ਚੋਣਾਂ ਦੌਰਾਨ ਲਗਾਤਾਰ 3 ਵਾਰ ਪਟਿਆਲਾ ਹਲਕੇ ਤੋਂ ਜਿੱਤ ਚੁਕੇ ਹਨ ਤੇ ਡਾ. ਮਨਮੋਹਨ ਸਿੰਘ ਦੀ ਸਰਕਾਰ ਵਿੱਚ ਕੇਂਦਰੀ ਵਿਦੇਸ਼ ਰਾਜ ਮੰਤਰੀ ਵੀ ਰਹੇ ਹਨ, ਪਰ ਇਸ ਦੇ ਬਾਵਜੂਦ ਵੀ ਸਿਰਫ ਇੱਕ ਵਾਰ ਆਮ ਆਦਮੀ ਪਾਰਟੀ ਦੀ ਹਵਾ ਦੌਰਾਨ ਜਿੱਤੇ ਡਾ. ਧਰਮਵੀਰ ਗਾਂਧੀ ਨੇ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਲੋਕ ਹਿੱਤ ਵਿੱਚ ਅਜਿਹੇ ਕੰਮ ਕੀਤੇ ਜਿਸ ਨਾਲ ਉਹ ਲੋਕਾਂ ਦੇ ਮਨਾਂ ਅੰਦਰ ਜਗ੍ਹਾ ਬਣਾਉਣ ਵਿੱਚ ਕਾਫੀ ਹੱਦ ਤੱਕ ਕਾਮਯਾਬ ਰਹੇ। ਡਾ. ਗਾਂਧੀ ਦੀ ਜਿਹੜੀ ਗੱਲ ਲੋਕਾਂ ਨੂੰ ਸਭ ਤੋਂ ਵੱਧ ਪਸੰਦ ਆਈ ਹੈ, ਉਹ ਹੈ ਉਨ੍ਹਾਂ ਦੀ ਸਾਦਗੀ, ਤੇ ਇੱਕ ਆਮ ਆਦਮੀ ਜਿਹਾ ਵਰਤਾਰਾ। ਡਾ. ਧਰਮਵੀਰ ਗਾਂਧੀ ਪੇਸ਼ੇ ਤੋਂ ਦਿਲ ਦੇ ਰੋਗਾਂ ਦੇ ਡਾਕਟਰ ਹਨ ਤੇ ਸੰਸਦ ਮੈਂਬਰ ਹੋਣ ਦੇ ਨਾਲ ਨਾਲ ਉਹ ਅੱਜ ਵੀ ਬਿਮਾਰ ਲੋਕਾਂ ਦਾ ਇਲਾਜ ਕਰਦੇ ਆਮ ਦੇਖੇ ਜਾ ਸਕਦੇ ਹਨ। ਜਿਸ ਬਾਰੇ ਉਨ੍ਹਾਂ ਦੇ ਮਰੀਜ਼ ਦਸਦੇ ਹਨ ਕਿ ਨਾ ਉਹ ਫੀਸ ਦਾ ਲਾਲਚ ਕਰਦੇ ਹਨ, ਨਾ ਲੈਬੋਰਟਰੀਆਂ ਤੋਂ ਕਮਿਸ਼ਨ ਦਾ, ਤੇ ਨਾ ਹੀ ਮਹਿੰਗੀਆਂ ਦਵਾਈਆਂ ਲਿਖ ਕੇ ਮਰੀਜਾ ਸਿਰ ਬੋਝ ਪਾਉਂਦੇ ਹਨ। ਇੱਥੋਂ ਤੱਕ ਕਿ ਡਾ. ਗਾਂਧੀ ਗਰੀਬ ਮਰੀਜਾਂ ਨੂੰ ਦਵਾਈਆਂ ਵੀ ਆਪਣੇ ਪੱਲਿਓਂ ਦਿੰਦੇ ਹਨ। ਇਹੋ ਗੱਲ ਲੋਕਾਂ ਨੂੰ ਡਾ. ਗਾਂਧੀ ਦੇ ਹੋਰ ਨੇੜੇ ਕਰ ਰਹੀ ਹੈ। ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਰਹਿ ਚੁਕੇ ਹਨ ਤੇ ਇੱਕ ਬੇਹੱਦ ਨਰਮ ਸੁਭਾਅ ਦੇ ਸਿਆਸਤਦਾਨ ਮੰਨੇ ਜਾਂਦੇ ਹਨ। ਜਿਨ੍ਹਾਂ ਦੇ ਭਰਾ ਦਰਸ਼ਨ ਸਿੰਘ ਧਾਲੀਵਾਲ ਅਮਰੀਕਾ ਦੇ ਇੱਕ ਬਹੁਤ ਵੱਡੇ ਵਪਾਰੀ ਹਨ, ਤੇ ਸਿਆਸੀ ਤੇ ਸਮਾਜਕ ਹਲਕਿਆਂ ਵਿੱਚ ਉਨ੍ਹਾਂ ਦਾ ਵੱਡਾ ਸਤਿਕਾਰ ਹੈ। ਸੁਰਜੀਤ ਸਿੰਘ ਰੱਖੜਾ ਨੇ ਪਿਛਲੇ ਸਮੇਂ ਦੌਰਾਨ ਲੋਕ ਸਭਾ ਹਲਕਾ ਪਟਿਆਲਾ ਵਿੱਚ ਆਪਣਾ ਵੱਡਾ ਅਧਾਰ ਬਣਾਇਆ ਸੀ, ਪਰ ਸਾਲ 2014 ਦੌਰਾਨ ਆਮ ਆਦਮੀ ਪਾਰਟੀ ਦੀ ਚੱਲੀ ਹਵਾ ਕਾਰਨ ਉਹ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਵਾਉਣ ਵਿੱਚ ਨਾਕਾਮ ਰਹੇ। ਸਾਲ 2015 ਦੌਰਾਨ ਪੰਜਾਬ ‘ਚ ਵਾਪਰੀਆਂ ਬੇਅਦਬੀ ਤੇ ਗੋਲੀ ਕਾਂਡ ਦੀਆਂ ਘਟਨਾਵਾਂ ਨੇ ਅਜਿਹਾ ਅਸਰ ਕੀਤਾ, ਕਿ ਉਸ ਤੋਂ ਬਾਅਦ ਜਦੋਂ ਸਾਲ 2017 ‘ਚ ਵਿਧਾਨ ਸਭਾ ਚੋਣਾਂ ਹੋਈਆਂ ਤਾਂ ਰੱਖੜਾ ਆਪਣੀ ਸੀਟ ਵੀ ਨਹੀਂ ਬਚਾ ਸਕੇ। ਉਹ ਵੀ ਉਸ ਦੌਰਾਨ ਜਦੋਂ ਅਜੇ ਨਾ ਤਾਂ ਬੇਅਦਬੀ ਅਤੇ ਗੋਲੀ ਕਾਂਡ ਦੀ ਸਿੱਟ ਵੱਲੋਂ ਕੋਈ ਵੱਡੇ ਖੁਲਾਸੇ ਕੀਤੇ ਗਏ ਸਨ ਤੇ ਨਾ ਹੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਬਾਹਰ ਆ ਕੇ ਉਸ ‘ਤੇ ਵਿਧਾਨ ਸਭਾ ‘ਚ ਕੋਈ ਬਹਿਸ ਹੋਈ ਸੀ। ਲਿਹਾਜਾ ਇਹ ਮੰਨਿਆ ਜਾ ਰਿਹਾ ਹੈ ਕਿ ਅਕਾਲੀ ਦਲ ਦੀ ਹਾਲਤ ਇਸ ਵੇਲੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਵਾਲੇ ਮਹੌਲ ਤੋਂ ਵੀ ਮਾੜੀ ਹੈ। ਸਾਰਾ ਹਾਲ ਤੁਹਾਡੇ ਸਾਹਮਣੇ ਹੈ। ਆਮ ਆਦਮੀ ਪਾਰਟੀ ਆਪਸ ‘ਚ ਪਾਟੋ ਧਾੜ ਹੈ, ਨੀਨਾ ਮਿੱਤਲ ਪਟਿਆਲਵੀਆਂ ਲਈ ਬਿਲਕੁਲ ਨਵਾਂ ਚਿਹਰਾ ਹਨ। ‘ਆਪ’ ਦੀ ਵੰਡ ਨੇ ਵੀ ਇਸ ਪਾਰਟੀ ਦਾ ਗ੍ਰਾਫ ਹੇਠਾਂ ਸੁੱਟਿਆ ਹੈ। ਲਿਹਾਜਾ ਮੁੱਖ ਮੁਕਾਬਲਾ ਕਿਹੜੀ ਧਿਰ ਵਿੱਚ ਹੋ ਰਿਹਾ ਹੈ ਇਹ ਫੈਸਲਾ ਤੁਸੀਂ ਆਪ ਕਰਨਾ ਹੈ, ਪਰ ਇੰਨਾ ਜਰੂਰ ਹੈ ਕਿ ਜਿਸ ਕਾਂਗਰਸ ਪਾਰਟੀ ਨੂੰ ਪੰਜਾਬ ਦੀ ਸੱਤਾ ਵਿੱਚ ਹੋਣ ਦਾ ਫਾਇਦਾ ਮਿਲ ਸਕਦਾ ਸੀ, ਉਹ ਫਾਇਦਾ ਪ੍ਰਨੀਤ ਕੌਰ ਦੇ ਆਪਣਿਆਂ ਦੀਆਂ ਕਾਰਗੁਜਾਰੀਆਂ ਉਨ੍ਹਾਂ ਨੂੰ ਹੋਣ ਦੇਣਗੀਆਂ, ਇਸ ਉੱਤੇ ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ। ਅਜਿਹੇ ਵਿੱਚ ਜੇਕਰ ਆਉਣ ਵਾਲੇ ਸਮੇਂ ਦੌਰਾਨ ਪ੍ਰਨੀਤ ਕੌਰ ਇਸ ਸੀਟ ‘ਤੇ ਜਿੱਤ ਹਾਸਲ ਕਰਨ ਵਿੱਚ ਨਾਕਾਮ ਰਹਿੰਦੇ ਹਨ, ਤਾਂ ਇਸ ਦਾ ਸਿੱਧਾ ਅਸਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਿਆਸਤ ‘ਤੇ ਪਏਗਾ। ਜਿਨ੍ਹਾਂ ਬਾਰੇ ਕਿਹਾ ਜਾਂਦਾ ,ਹੈ ਕਿ ਉਨ੍ਹਾਂ ਨੇ ਇਸ ਵਾਰ ਅੜ ਕੇ ਆਪਣੇ ਚਹੇਤਿਆਂ ਨੂੰ ਟਿਕਟਾਂ ਦਵਾਈਆਂ ਹਨ ਤੇ ਜੇਕਰ ਉਹ ਆਪਣਾ ਘਰ ਹੀ ਨਹੀਂ ਬਚਾ ਸਕੇ ਤਾਂ ਰਾਹੁਲ ਗਾਂਧੀ ਦੀ ਨਿਗ੍ਹਾ ਵਿੱਚ ਉਨ੍ਹਾਂ ਦੇ ਨੰਬਰ ਨਹੀਂ ਘਟਣਗੇ ਇਹ ਝੂਠ ਹੋਵੇਗਾ।

Check Also

ਕਿਸਾਨੀ ਮੰਗਾਂ ਦੇ ਸਮਰਥਨ ਵਿੱਚ ਨਾਟਕਕਾਰ, ਰੰਗਕਰਮੀ, ਲੇਖਕ ਤੇ ਬੁੱਧੀਜੀਵੀ ਗਵਰਨਰ ਨੂੰ ਦੇਣਗੇ ਮੰਗ ਪੱਤਰ

ਚੰਡੀਗੜ੍ਹ, (ਅਵਤਾਰ ਸਿੰਘ): ਇਪਟਾ, ਪੰਜਾਬ ਦੇ ਕਾਰਕੁਨ, ਲੇਖਕ ਤੇ ਰੰਗਕਰਮੀ 24 ਜਨਵਰੀ ਨੂੰ ਕਿਸਾਨ ਸੰਘਰਸ਼ …

Leave a Reply

Your email address will not be published. Required fields are marked *