ਕੈਨੇਡਾ ਭਰ ਵਿੱਚ ਕੋਵਿਡ-19 ਮਹਾਂਮਾਰੀ ਦੀ ਤੀਜੀ ਲਹਿਰ ਹੁਣ ਮੱਠੀ ਪੈਂਦੀ ਨਜ਼ਰ ਆ ਰਹੀ ਹੈ। ਹਾਲਾਂਕਿ ਵਾਇਰਸ ਦੇ ਮੁੜ ਸਿਰ ਚੁੱਕਣ ਕਾਰਨ ਕਈ ਇਲਾਕਿਆਂ ਨੂੰ ਅਜੇ ਵੀ ਕਾਫੀ ਸੰਘਰਸ਼ ਕਰਨਾ ਪੈ ਰਿਹਾ ਹੈ। ਇਹ ਖੁਲਾਸਾ ਨਵੀਂ ਫੈਡਰਲ ਮਹਾਂਮਾਰੀ ਮਾਡਲਿੰਗ ਦੇ ਆਧਾਰ ਉੱਤੇ ਕੀਤਾ ਗਿਆ ਹੈ।
ਚੀਫ ਪਬਲਿਕ ਹੈਲਥ ਅਫਸਰ ਡਾ• ਥੈਰੇਸਾ ਟੈਮ ਅਨੁਸਾਰ ਭਾਵੇਂ ਕੈਨੇਡਾ ਦੀ ਤੀਜੀ ਲਹਿਰ ਵਿੱਚ ਕਮੀ ਦਰਜ ਕੀਤੀ ਗਈ ਹੈ ਅਤੇ ਨਵੇਂ ਕੇਸਾਂ ਦੇ ਮਾਮਲਿਆਂ ਵਿੱਚ ਵੀ ਲਗਾਤਾਰ ਕਮੀ ਆ ਰਹੀ ਹੈ। ਪਰ ਪਬਲਿਕ ਹੈਲਥ ਪਾਬੰਦੀਆਂ ਵਿੱਚ ਢਿੱਲ ਦੇਣ ਦਾ ਸਮਾਂ ਅਜੇ ਨਹੀਂ ਆਇਆ ਹੈ।
ਮੈਨੀਟੋਬਾ ਵਿੱਚ ਵਾਇਰਸ ਨਾਲ ਜੁੜੇ ਮਾਮਲਿਆਂ ਵਿੱਚ ਅਜੇ ਵੀ ਵਾਧਾ ਹੋ ਰਿਹਾ ਹੈ। ਮਾਡਲਿੰਗ ਤੋਂ ਸਾਹਮਣੇ ਆਇਆ ਹੈ ਕਿ ਪ੍ਰੋਵਿੰਸ ਵਿੱਚ ਕੋਰੋਨਾ ਵਾਇਰਸ ਨੂੰ ਠੱਲ੍ਹ ਪਾਉਣ ਲਈ ਅਜੇ ਕਾਫੀ ਕੁੱਝ ਕੀਤਾ ਜਾਣਾ ਬਾਕੀ ਹੈ।ਅਪਰੈਲ ਦੇ ਮੱਧ ਵਿੱਚ ਤੀਜੀ ਲਹਿਰ ਦੇ ਸਿਖਰ ਉੱਤੇ ਜਿੰਨੇ ਮਾਮਲੇ ਸਾਹਮਣੇ ਆਏ ਸਨ ਉਸ ਨਾਲੋਂ ਹੁਣ ਅੱਧੇ ਤੋਂ ਵੀ ਘੱਟ ਰਹਿ ਗਏ ਹਨ। ਪਿਛਲੇ 7 ਦਿਨਾਂ ਵਿੱਚ 3400 ਤੋਂ ਘੱਟ ਕੇਸ ਰੋਜ਼ਾਨਾ ਰਿਪੋਰਟ ਕੀਤੇ ਗਏ। ਇਹ ਸੰਕੇਤ ਮਿਲ ਰਹੇ ਹਨ ਕਿ ਕੈਨੇਡਾ ਭਰ ਵਿੱਚ ਕਈ ਤਰ੍ਹਾਂ ਦੀਆਂ ਲਾਈਆਂ ਗਈਆਂ ਪਾਬੰਦੀਆਂ ਤੇ ਟੀਕਾਕਰਣ ਵਿੱਚ ਆਈ ਤੇਜ਼ੀ ਕਾਫੀ ਪ੍ਰਭਾਵਸ਼ਾਲੀ ਸਿੱਧ ਹੋ ਰਹੀ ਹੈ।