ਨਵੀਂ ਦਿੱਲੀ: ਨਿਰਭਿਆ ਦੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਅਜੇ ਤੱਕ ਨਵੇਂ ਡੈੱਥ ਵਾਰੰਟ ਜਾਰੀ ਨਹੀਂ ਹੋਏ। ਜਾਣਕਾਰੀ ਮੁਤਾਬਿਕ ਅਦਾਲਤ ਵੱਲੋਂ ਇਸ ਫੈਸਲੇ ‘ਤੇ ਕੱਲ੍ਹ ਸੁਣਵਾਈ ਕੀਤੀ ਜਾਣੀ ਹੈ। ਪਤਾ ਲੱਗਾ ਹੈ ਕਿ ਇਸ ਨੂੰ ਦੇਖ ਕੇ ਅੱਜ ਨਿਰਭਿਆ ਦੀ ਮਾਂ ਅਦਾਲਤ ਵਿੱਚ ਰੋ ਪਈ ਅਤੇ ਜੱਜ ਨੂੰ ਦੋਸ਼ੀਆਂ ਦੇ ਨਵੇਂ ਡੈੱਥ ਵਾਰੰਟ ਜਾਰੀ ਕਰਨ ਲਈ ਮੰਗ ਕਰਨ ਲੱਗੀ। ਇਸ ਮੌਕੇ ਨਿਰਭਿਆ ਦੀ ਮਾਂ ਨੇ ਬੋਲਦਿਆਂ ਕਿਹਾ ਕਿ, “ਮੈਂ ਹੱਥ ਜੋੜ ਕੇ ਖੜ੍ਹੀ ਹਾਂ ਕਿਰਪਾ ਕਰਕੇ ਦੋਸ਼ੀਆਂ ਨੂੰ ਫਾਂਸੀ ਦੇਣ ਲਈ ਨਵੀਂ ਤਾਰੀਖ ਨਿਰਧਾਰਿਤ ਕਰਦਿਆਂ ਨਵੇਂ ਡੈੱਥ ਵਾਰੰਟ ਜਾਰੀ ਕਰ ਦੇਵੋ। ਇਸ ਕੇਸ ਨੂੰ ਸੱਤ ਸਾਲ ਹੋ ਗਏ” ਅਤੇ ਇਹ ਕਹਿ ਕੇ ਉਹ ਰੋ ਪਈ।
ਦੱਸ ਦਈਏ ਕਿ ਇਸ ਤੋਂ ਬਾਅਦ ਸੁਣਵਾਈ ਕੱਲ੍ਹ ਤੱਕ ਮੁਲਤਵੀ ਹੋ ਜਾਣ ‘ਤੇ ਨਿਰਭਿਆ ਦੀ ਮਾਂ ਨੇ ਅਦਾਲਤ ਦੇ ਬਾਹਰ ਪ੍ਰਦਰਸ਼ਨ ਵੀ ਕੀਤਾ। ਉਨ੍ਹਾਂ ਨਾਅਰੇਬਾਜੀ ਕਰਦਿਆਂ ਇਨਸਾਫ ਦੀ ਮੰਗ ਕੀਤੀ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਫਾਂਸੀ ਦੇਣ ਲਈ ਅਪੀਲ ਕੀਤੀ। ਦੱਸਣਯੋਗ ਹੈ ਕਿ ਬੀਤੇ ਦਿਨੀਂ ਦੋਸ਼ੀ ਵਿਨੈ ਵੱਲੋਂ ਰਾਸ਼ਟਪਤੀ ਦੇ ਫੈਸਲੇ ਵਿਰੁੱਧ ਸੁਪਰੀਮ ਕੋਰਟ ਵਿੱਚ ਪਟੀਸ਼ਨ ਪਾਈ ਗਈ ਹੈ।