ਨਾ ਅਕਾਲੀ, ਨਾ ਕਾਂਗਰਸੀਆਂ ਦੀ ਸਰਕਾਰ ਨਸ਼ਾ ਅੱਜ ਵੀ ਬਰਕਰਾਰ, ਲੱਗਿਆ ਚੋਣ ਜ਼ਾਬਤਾ, ਫੜੇ 133 ਕਰੋੜ ਦੇ ਨਸ਼ੇ ‘ਚੋਂ 85 ਕਰੋੜ ਪੰਜਾਬ ਦਾ

ਚੰਡੀਗੜ੍ਹ : ਕੈਪਟਨ ਸਰਕਾਰ ਭਾਵੇਂ ਕੁਝ ਮਰਜ਼ੀ ਕਹੀ ਜਾਵੇ, ਭਾਰਤ ਦੇ ਚੋਣ ਕਮਿਸ਼ਨ ਵੱਲੋਂ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਦੇਸ਼ ਭਰ ਵਿੱਚੋਂ ਫੜੇ ਗਏ ਨਸ਼ੇ ਦੇ ਜਿਹੜੇ ਅੰਕੜੇ ਜ਼ਾਰੀ ਕੀਤੇ ਹਨ, ਉਸ ਨੇ ਜਿੱਥੇ ਪੰਜਾਬ ਸਰਕਾਰ ਦੀਆਂ ਵਿਰੋਧੀ ਧਿਰਾਂ ਨੂੰ ਸਟੇਜ਼ਾਂ ਤੋਂ ਬੋਲਣ ਦਾ ਮੁੱਦਾ ਦਿੱਤਾ ਹੈ, ਉੱਥੇ ਸੂਬਾ ਸਰਕਾਰ ਵੀ ਇਹ ਅੰਕੜੇ ਦੇਖ ਕੇ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਆਪਣੀ ਮੁਹਿੰਮ ‘ਤੇ ਇੱਕ ਵਾਰ ਫਿਰ ਨਜ਼ਰਸਾਨੀ ਜਰੂਰ ਕਰੇਗੀ। ਚੋਣ ਕਮਿਸ਼ਨ ਵੱਲੋਂ ਜਾਰੀ ਕਿਤੇ ਗਏ ਅੰਕੜਿਆਂ ਅਨੁਸਾਰ ਦੇਸ਼ ਭਰ ਵਿੱਚੋਂ ਜ਼ਾਬਤਾ ਲੱਗਣ ਤੋਂ ਬਾਅਦ 133.862 ਕਰੋੜ ਨਸ਼ਾ ਫੜਿਆ ਗਿਆ ਹੈ, ਤੇ ਇਸ ਅੰਕੜੇ ਵਿੱਚੋਂ 85 ਕਰੋੜ 56 ਲੱਖ ਦਾ ਨਸ਼ਾ ਸਿਰਫ ਪੰਜਾਬ ਵਿੱਚੋਂ ਹੀ ਬਰਾਮਦ ਕੀਤੇ ਜਾਣ ਦਾ ਦਾਅਵਾ ਕੀਤਾ ਗਿਆ ਹੈ, ਜੋ ਕਿ ਇਨ੍ਹਾਂ ਅੰਕੜਿਆਂ ਵਿੱਚ ਦੇਸ਼ ਭਰ ਅੰਦਰ ਨੰਬਰ ਇੱਕ ‘ਤੇ ਆਉਂਦਾ ਹੈ।

ਚੋਣ ਕਮਿਸ਼ਨ ਦਾ ਇਹ ਦਾਅਵਾ ਹੈ ਕਿ ਫੜੇ ਗਏ ਇਸ ਨਸ਼ੇ ਦੀ ਖੇਪ ਵਿੱਚ ਦੂਜਾ ਨੰਬਰ ਮਣੀਪੁਰ ਦਾ ਆਇਆ ਹੈ, ਜਿੱਥੋਂ 21 ਕਰੋੜ 18 ਲੱਖ ਦਾ ਨਸ਼ਾ ਫੜਿਆ ਗਿਆ ਹੈ, ਪਰ ਇਸ ਦੇ ਬਾਵਜੂਦ ਮਣੀਪੁਰ ਵਿੱਚੋਂ ਫੜੇ ਗਏ ਇਸ ਨਸ਼ੇ ਦੀ ਤਦਾਦ  ਪੰਜਾਬ ‘ਚੋਂ ਫੜੇ ਗਏ ਨਸ਼ੇ ਦੀ ਇੱਕ ਤਿਹਾਈ ਵੀ ਨਹੀਂ ਬਣਦੀ। ਇਸੇ ਤਰ੍ਹਾਂ 15 ਕਰੋੜ 12 ਲੱਖ ਦਾ ਨਸ਼ਾ ਉੱਤਰ ਪ੍ਰਦੇਸ਼ ਤੋਂ ਫੜਿਆ ਗਿਆ, ਜਿਹੜਾ ਸੂਬਾ ਕੇਂਦਰ ਦੀ ਸਿਆਸਤ ਵਿੱਚ ਭਾਵੇਂ ਨੰਬਰ ਇੱਕ ‘ਤੇ ਆਉਂਦਾ ਹੋਵੇ, ਪਰ ਚੋਣ ਕਮਿਸ਼ਨ ਨਸ਼ਾ ਫੜੇ ਜਾਣ ਦੇ ਮਾਮਲੇ ‘ਚ ਯੂ.ਪੀ. ਦਾ ਨੰਬਰ ਤੀਜਾ ਆਇਆ ਹੈ। ਇਸੇ ਤਰ੍ਹਾਂ ਚੌਥਾ ਨੰਬਰ ਰਾਜਸਥਾਨ ਦਾ ਲੱਗਿਆ ਹੈ, ਜਿੱਥੋਂ 3 ਕਰੋੜ 45 ਲੱਖ ਦਾ ਨਸ਼ਾ ਫੜਿਆ ਗਿਆ ਹੈ। ਪੰਜਵਾਂ ਨੰਬਰ ਮਹਾਂਰਾਸਟਰ ਦਾ ਲੱਗਾ ਹੈ ਜਿੱਥੇ 3 ਕਰੋੜ 17 ਲੱਖ ਰੁਪਏ ਦਾ ਨਸ਼ਾ ਫੜੇ ਜਾਣ ਦਾ ਦਾਅਵਾ ਕੀਤਾ ਗਿਆ ਹੈ। ਇਸ ਮਾਮਲੇ ਵਿੱਚ ਸਭ ਤੋਂ ਹੈਰਾਨ ਕੀਤਾ ਹੈ ਭਾਰਤ ਦੇ ਜੰਮੂ ਕਸ਼ਮੀਰ ਸੂਬੇ ਨੇ, ਜਿਹੜਾ ਕਿ ਪਾਕਿਸਤਾਨ ਦੇ ਨਾਲ ਲਗਦੇ ਅਤੇ ਅੱਤਵਾਦ ਪ੍ਰਭਾਵਤ ਹੋਣ ਦੇ ਬਾਵਜੂਦ ਇੱਥੋਂ ਨਸ਼ਾ ਫੜੇ ਜਾਣ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਹੋ ਹਾਲ ਹਰਿਆਣਾ ਸੂਬਾ ਦਾ ਵੀ ਹੈ ਜਿੱਥੇ ਨਸ਼ਾ ਫੜੇ ਜਾਣ ਦੀ ਦਰ ਸਿਫਰ ਰਹੀ ਹੈ।

 

 

Check Also

38 ਸਾਲ ਬਾਅਦ ਘਰ ਪਹੁੰਚੇਗੀ ਸ਼ਹੀਦ ਦੀ ਮ੍ਰਿਤਕ ਦੇਹ

ਨਿਊਜ਼ ਡੈਸਕ: 1984 ‘ਚ ਸਿਆਚਿਨ ‘ਚ ਸ਼ਹੀਦ ਹੋਏ 19 ਕੁਮਾਉਂ ਰੈਜੀਮੈਂਟ ਦੇ ਜਵਾਨ ਚੰਦਰਸ਼ੇਖਰ ਹਰਬੋਲਾ …

Leave a Reply

Your email address will not be published.