ਮਾਨਸਾ : ਪੰਜਾਬ ਦੇ ਵਿਧਾਨ ਸਭਾ ਦੇ ਹਲਕਾ ਮਾਨਸਾ ਤੋਂ ਵਿਧਾਇਕ ਨਾਜਰ ਸਿੰਘ ਮਾਨਸ਼ਾਹੀਆ ਨੇ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਵੱਡਾ ਧਮਾਕਾ ਕਰਦਿਆਂ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਹੈ। ਜੀ ਹਾਂ, ਇਹ ਸੱਚ ਹੈ। 56 ਸਾਲਾ ਇੰਜਨੀਅਰ ਇਹ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਦੀ ਹਾਜਰੀ ਵਿੱਚ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਿਆ। ‘ਆਪ’ ਛੱਡਣ ਵਾਲੇ ਇਸ ਵਿਧਾਇਕ ਨੇ ਕਾਂਗਰਸ ਦਾ ਪੱਲਾ ਫੜਦਿਆਂ ਹੀ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ, ਇਸੇ ਲਈ ਉਹ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਕਿਉਂਕਿ ਆਮ ਆਦਮੀ ਪਾਰਟੀ ਨੇ ਸੂਬੇ ਵਿੱਚ ਆਪਣਾ ਅਧਾਰ ਗਵਾ ਲਿਆ ਹੈ।
ਇਸ ਸਬੰਧ ਵਿੱਚ ਜਿੱਥੇ ਕੈਪਟਨ ਅਮਰਿੰਦਰ ਸਿੰਘ ਨੇ ਨਾਜਰ ਸਿੰਘ ਮਾਨਸ਼ਾਹੀਆ ਦਾ ਕਾਂਗਰਸ ਪਾਰਟੀ ਵਿੱਚ ਸਵਾਗਤ ਕਰਦਿਆਂ ਇਹ ਕਿਹਾ ਹੈ ਕਿ ਉਨ੍ਹਾਂ ਦੀ ਸ਼ਮੂਲੀਅਤ ਨਾਲ ਪੰਜਾਬ ਵਿੱਚ ਕਾਂਗਰਸ ਨੂੰ ਵੱਡਾ ਬਲ ਮਿਲਿਆ ਹੈ, ਉੱਥੇ ਦੂਜੇ ਪਾਸੇ ਮਾਨਸਾ ਦੇ ਲੋਕ ਨਾਜਰ ਸਿੰਘ ਮਾਨਸ਼ਾਹੀਆ ਦੇ ਇਸ ਕਦਮ ਨੂੰ ਉਨ੍ਹਾਂ ਵੋਟਰਾਂ ਨਾਲ ਧੋਖਾ ਕਰਾਰ ਦੇ ਰਹੇ ਹਨ, ਜਿਨ੍ਹਾਂ ਨੇ ਮਾਨਸ਼ਾਹੀਆ ਨੂੰ ਆਮ ਆਦਮੀ ਪਾਰਟੀ ਦਾ ਉਮੀਦਵਾਰ ਦੇਖ ਕੇ ਵੋਟਾਂ ਪਾਈਆਂ ਸਨ।