ਅਵਤਾਰ ਸਿੰਘ
ਨਿਊਜ਼ ਡੈਸਕ : ਸਾਬਕਾ ਕ੍ਰਿਕਟਰ, ਕਰਤਾਰਪੁਰ ਕੋਰੀਡੋਰ ਖੁਲਵਾਉਣ ਦਾ ਸੇਹਰਾ ਲੈਣ ਵਾਲੇ ਤੇ ਸਾਬਕਾ ਲੋਕ ਸਭਾ ਮੈਂਬਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਪੰਜਾਬ ਸਰਕਾਰ ਵਿਚੋਂ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਪਾਸੇ ਬੈਠਣ ਵਾਲੇ ਨਵਜੋਤ ਸਿੰਘ ਸਿੱਧੂ ਨੂੰ ਸਾਰੀਆਂ ਰਾਜਨੀਤਕ ਪਾਰਟੀਆਂ ਵਲੋਂ ਆਪਣੇ ਵੱਲ ਖਿੱਚਣ ਦੀਆਂ ਘੜੀਆਂ ਜਾ ਰਹੀਆਂ ਵਿਉਂਤਾਂ ਗੰਭੀਰਤਾ ਨਾਲ ਸੋਚਣ ਦਾ ਵਿਸ਼ਾ ਹੈ। ਉਹ ਕਾਫੀ ਲੰਮਾ ਸਮਾਂ ਭਾਰਤੀ ਜਨਤਾ ਪਾਰਟੀ ਵਿੱਚ ਨੁਮਾਇੰਦਗੀ ਵੀ ਕਰਦੇ ਰਹੇ। ਉਸ ਤੋਂ ਬਾਅਦ ਆਲ ਇੰਡੀਆ ਕਾਂਗਰਸ ਪਾਰਟੀ ਨੇ ਉਹਨਾਂ ਨੂੰ ਪਹੁੰਚ ਕੀਤੀ ਤੇ ਕੁਝ ਵਾਅਦੇ ਕਰਨ ਮਗਰੋਂ ਉਹਨਾਂ ਨੂੰ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ। ਨਵਜੋਤ ਸਿੱਧੂ ਦੇ ਕਾਂਗਰਸ ਵਿਚ ਸ਼ਾਮਿਲ ਹੋਣ ਸਮੇਂ ਲਾਮਿਸਾਲ ਇਕੱਠ ਸੀ।
ਪੰਜਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬਣਨ ਵਾਲੀ ਸਰਕਾਰ ਵਿਚ ਉਹਨਾਂ ਨੂੰ ਕੈਬਨਿਟ ਮੰਤਰੀ ਵੀ ਬਣਾਇਆ ਗਿਆ। ਪਰ ਸਿਆਸਤ ਦੀਆਂ ਕੁਝ ਚਲਾਕੀਆਂ ਤੋਂ ਅਣਭਿੱਜ ਹੋਣ ਕਾਰਨ ਉਹਨਾਂ ਦੀ ਦਾਲ ਨਾ ਗਲਣ ਕਾਰਨ ਉਹਨਾਂ ਅਸਤੀਫਾ ਦੇ ਕੇ ਘਰ ਬੈਠਣਾ ਬੇਹਤਰ ਸਮਝਿਆ।
ਤਿੰਨ ਸਾਲ ਪਹਿਲਾਂ ਪੰਜਾਬ ਵਿੱਚ ਇਹ ਹਾਲਾਤ ਬਣੇ ਸੀ ਕਿ ਸੂਬੇ ਵਿੱਚ ਤੀਜੀ ਧਿਰ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ। ਪਰ ਐਨ ਮੌਕੇ ‘ਤੇ ਉਹਨਾਂ ਦੇ ਘਰ ਕਿਸੇ ਨੇ ਐਸਾ ਸੇਹ ਦਾ ਤੱਕਲਾ ਗੱਡਿਆ ਕਿ ਪਾਰਟੀ ਆਗੂਆਂ ‘ਚ ਕਲੇਸ਼ ਪੈ ਗਿਆ ਪਾਰਟੀ ਜਿੱਤ ਵੱਲ ਜਾਂਦੀ ਹਾਰ ਗਈ ਤੇ ਕਾਂਗਰਸ ਦੀ ਸਰਕਾਰ ਬਣਨ ‘ਤੇ ਆਪ ਵਿਰੋਧੀ ਧਿਰ ਵਜੋਂ ਬਣ ਗਈ। ਪਰ ਅਕਾਲੀਆਂ ਨੇ ਆਪ ਨੂੰ ਵਿਰੋਧੀ ਧਿਰ ਦੀ ਭੂਮਿਕਾ ਵੀ ਨਾ ਨਿਭਾਉਣ ਦਿੱਤੀ। ਹੁਣ ਅਕਾਲੀ ਦਲ ਪਾਟੋਧਾੜ ਹੋ ਗਿਆ ਹੈ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਨਜ਼ਦੀਕੀ ਰਹੇ ਸੁਖਦੇਵ ਸਿੰਘ ਢੀਂਡਸਾ ਅਤੇ ਉਹਨਾਂ ਦੇ ਪੁੱਤਰ ਤੇ ਸਾਬਕਾ ਖ਼ਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੇ ਹੋਰ ਸਮਰਥਕਾਂ ਨੇ ਵੱਖਰਾ ਝੰਡਾ ਚੁੱਕਿਆ ਹੋਇਆ ਹੈ। ਟਕਸਾਲੀ ਅਕਾਲੀਆਂ ਨੇ ਪਹਿਲਾਂ ਹੀ ਸਿਆਸੀ ਸਰਗਰਮੀ ਸ਼ੁਰੂ ਕੀਤੀ ਹੋਈ ਹੈ। ਸੱਤਾਧਾਰੀ ਪਾਰਟੀ ਕਾਂਗਰਸ ਵਿੱਚ ਵੀ ਹਾਲਾਤ ਬਹੁਤੇ ਚੰਗੇ ਨਹੀਂ ਹਨ। ਪੰਜਾਬ ਦੀ ਸਿਆਸਤ ਵਿੱਚ ਅੱਜ ਕੱਲ੍ਹ ਇਸ ਕਦਰ ਉਥਲ ਪੁਥਲ ਹੋ ਰਹੀ ਕਿ ਸਿਆਸੀ ਆਗੂਆਂ ਨੂੰ ਵੀ ਸਮਝ ਨਹੀਂ ਆ ਰਹੀ ਕਿ ਕਿਧਰ ਜਾਣ।
ਹੁਣ ਟਕਸਾਲੀ ਅਕਾਲੀ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਨਵਜੋਤ ਸਿੱਧੂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਦਾ ਲਾਲਚ ਦੇ ਰਹੇ ਹਨ। ਉਹਨਾਂ ਨੇ ਸੁਖਦੇਵ ਸਿੰਘ ਢੀਂਡਸਾ ਅਤੇ ਪਰਮਿੰਦਰ ਸਿੰਘ ਢੀਂਡਸਾ ਦੀ ਸ਼ਮੂਲੀਅਤ ਮਗਰੋਂ ਬਾਦਲ ਵਿਰੋਧੀ ਅਕਾਲੀ ਆਗੂਆਂ ਨੇ ਹੁਣ ਇਕ ਕਦਮ ਹੋਰ ਅਗਾਂਹ ਵਧਾਉਂਦਿਆਂ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਨਾਲ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ।
ਇਨ੍ਹਾਂ ਆਗੂਆਂ ਵੱਲੋਂ ਜਲਦੀ ਹੀ ਇਸ ਸਬੰਧੀ ਸਿੱਧੂ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਜਾਵੇਗਾ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵੱਲੋਂ ਅਕਾਲੀ ਦਲ ਬਾਦਲ ਵਿਚਲੇ ਨਿਰਾਸ਼ ਤੇ ਨਾਰਾਜ਼ ਅਕਾਲੀ ਆਗੂਆਂ ਨੂੰ ਇਕਜੁਟ ਕਰਨ ਦੀ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਹੁਣ ਤਕ ਦੋਵੇਂ ਢੀਂਡਸਾ (ਪਿਤਾ ਅਤੇ ਪੁੱਤਰ) ਸਮੇਤ ਰਵੀਇੰਦਰ ਸਿੰਘ, ਬਲਵੰਤ ਸਿੰਘ ਰਾਮੂਵਾਲੀਆ, ਪਰਮਜੀਤ ਸਿੰਘ ਸਰਨਾ, ਮਨਜੀਤ ਸਿੰਘ ਜੀ ਕੇ ਤੇ ਹੋਰ ਇਕ ਮੰਚ ’ਤੇ ਇਕੱਠੇ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਅਕਾਲੀ ਦਲ ਟਕਸਾਲੀ ਵਿਚ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ, ਸੇਵਾ ਸਿੰਘ ਸੇਖਵਾਂ, ਰਣਜੀਤ ਸਿੰਘ ਬ੍ਰਹਮਪੁਰਾ, ਅਮਰਪਾਲ ਸਿੰਘ ਬੋਨੀ, ਮਨਮੋਹਨ ਸਿੰਘ ਸਠਿਆਲਾ, ਬੀਰ ਦਵਿੰਦਰ ਸਿੰਘ, ਜੋ ਸਾਰੇ ਹੀ ਅਕਾਲੀ ਦਲ ਬਾਦਲ ਨਾਲ ਸਬੰਧਤ ਰਹੇ ਹਨ, ਇਕ ਮੰਚ ’ਤੇ ਇਕੱਠੇ ਹੋ ਚੁੱਕੇ ਹਨ। ਇਨ੍ਹਾਂ ਤੋਂ ਇਲਾਵਾ ਫੈੱਡਰੇਸ਼ਨ ਤੋਂ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਹੋਰ ਫੈਡਰੇਸ਼ਨ ਆਗੂ ਵੀ ਇਨ੍ਹਾਂ ਨਾਲ ਸ਼ਾਮਲ ਹਨ। ਹਾਲ ਹੀ ਵਿਚ ਦਿੱਲੀ ’ਚ ਸਮਾਗਮ ‘ਸਫ਼ਰ-ਏ-ਅਕਾਲੀ ਲਹਿਰ’ ਵਿਚ ਇਹ ਸਾਰੇ ਇਕ ਮੰਚ ’ਤੇ ਪੁੱਜੇ ਹਨ।
ਅਕਾਲੀ ਦਲ ਟਕਸਾਲੀ ਦੇ ਸਕੱਤਰ ਜਨਰਲ ਤੇ ਬੁਲਾਰੇ ਸੇਵਾ ਸਿੰਘ ਸੇਖਵਾਂ ਨੇ ਆਖਿਆ ਕਿ ਲੋਕਾਂ ਕੋਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸੇ ਹੁੰਗਾਰੇ ਤਹਿਤ ਹੀ ਦਿੱਲੀ ’ਚ ਇਕ ਦੂਜੇ ਖ਼ਿਲਾਫ਼ ਚੋਣਾਂ ਲੜਨ ਵਾਲੇ ਪਰਮਜੀਤ ਸਿੰਘ ਸਰਨਾ ਅਤੇ ਮਨਜੀਤ ਸਿੰਘ ਜੀ ਕੇ ਵੀ ਇਕੱਠੇ ਹੋ ਗਏ ਹਨ। ਪਰ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਚੋਣਾਂ ਭਾਜਪਾ ਨਾਲ ਰਲ ਕੇ ਲੜਨ ਤੋਂ ਨਾਂਹ ਕਰ ਦਿੱਤੀ ਹੈ।
ਸੇਖਵਾਂ ਨੇ ਆਖਿਆ ਕਿ ਪੰਥਕ ਆਗੂਆਂ ਤੋਂ ਇਲਾਵਾ ਹੁਣ ਹੋਰ ਪੰਜਾਬ ਹਿਤੈਸ਼ੀ ਆਗੂਆਂ ਨੂੰ ਵੀ ਨਾਲ ਰਲ ਕੇ ਚੱਲਣ ਲਈ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਨਵਜੋਤ ਸਿੰਘ ਸਿੱਧੂ ਨੂੰ ਵੀ ਸੱਦਾ ਦਿਤਾ ਗਿਆ ਹੈ। ਉਨ੍ਹਾਂ ਆਖਿਆ ਕਿ ਜੇਕਰ ਉਹ ਸ਼ਮੂਲੀਅਤ ਲਈ ਆਉਂਦੇ ਹਨ ਤਾਂ ਪਾਰਟੀ ਆਗੂ ‘ਨੰਗੇ ਪੈਰੀਂ’ ਉਨ੍ਹਾਂ ਨੂੰ ਲੈਣ ਲਈ ਜਾਣਗੇ। ਉਨ੍ਹਾਂ ਆਖਿਆ ਕਿ ਸਿੱਧੂ ਨੂੰ ਪਾਰਟੀ ਵੱਲੋਂ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਮੁੱਖ ਮੰਤਰੀ ਦੇ ਉਮੀਦਵਾਰ ਵਜੋਂ ਸੱਦਾ ਦਿੱਤਾ ਗਿਆ ਹੈ। ਸਿੱਧੂ ਨਾਲ ਸੰਪਰਕ ਕਰਨ ਵਾਸਤੇ ਸਾਬਕਾ ਸੰਸਦ ਮੈਂਬਰ ਡਾ. ਰਤਨ ਸਿੰਘ ਅਜਨਾਲਾ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ। ਸੇਖਵਾਂ ਨੇ ਆਖਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਹੀ ਉਨ੍ਹਾਂ ਦਾ ਮੁੱਖ ਟੀਚਾ ਹੈ, ਜਿਸ ਤਹਿਤ ਲੋਕਾਂ ਨੂੰ ਇਕ ਨਵਾਂ ਸਿਆਸੀ ਬਦਲ ਦਿੱਤਾ ਜਾਵੇਗਾ।
ਪੰਜਾਬ ਦੇ ਬਹੁਗਿਣਤੀ ਲੋਕਾਂ ਵਿੱਚ ਨਵਜੋਤ ਸਿੰਘ ਪੰਜਾਬ ਤੇ ਲੋਕਾਂ ਦਾ ਹਿਤੈਸ਼ੀ ਅਤੇ ਹੇਠਲੀ ਪੱਧਰ ਦੀ ਸਿਆਸਤ ਤੋਂ ਅਭਿੱਜ ਵਾਲਾ ਅਕਸ ਬਰਕਰਾਰ ਹੈ। ਇਸ ਕਰਕੇ ਸਾਰੀਆਂ ਰਾਜਨੀਤਕ ਪਾਰਟੀਆਂ ਉਸ ਨੂੰ ਆਪਣੇ ਵਲ ਖਿੱਚਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਹਾਲ ਦੀ ਘੜੀ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨਵਜੋਤ ਸਿੰਘ ਸਿੱਧੂ ਨੂੰ ਆਪਣੇ ਵੱਲ ਲਿਜਾਉਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਜਾਂ ਕਰਨਗੀਆਂ ਪਰ ਇਹ ਸਮਾਂ ਹੀ ਦੱਸੇਗਾ ਕਿ ਉਹ ਕੀ ਫੈਸਲਾ ਕਰਦੇ।