ਨਵਜੋਤ ਸਿੱਧੂ – ਪਰਗਟ ਦੀ ਜੋੜੀ ਨੇ ਸੰਭਾਲੀ ਕਮਾਨ; 22 ਦੀਆਂ ਚੋਣਾਂ ਦੀ ਵੱਡੀ ਚੁਣੌਤੀ !

TeamGlobalPunjab
4 Min Read

-ਜਗਤਾਰ ਸਿੰਘ ਸਿੱਧੂ (ਐਡੀਟਰ);

ਪੰਜਾਬ ਕਾਂਗਰਸ ਵਲੋਂ ਆ ਰਹੀ ਵਿਧਾਨ ਸਭਾ ਚੋਣ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣ ਦੀ ਜ਼ਿੰਮੇਵਾਰੀ ਖੇਡ ਦੇ ਮੈਦਾਨ ਵਿੱਚੋਂ ਰਾਜਨੀਤੀ ਵਿਚ ਆਈ ਜੋੜੀ ਨੇ ਸੰਭਾਲ ਲਈ ਹੈ।ਕੁਝ ਦਿਨ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨਿਯੁਕਤ ਕੀਤੇ ਗਏ ਹਨ ਅਤੇ ਅੱਜ ਪਰਗਟ ਸਿੰਘ ਨੂੰ ਪੰਜਾਬ ਕਾਂਗਰਸ ਦਾ ਜਨਰਲ ਸਕੱਤਰ (ਜਥੇਬੰਦਕ) ਨਿਯੁਕਤ ਕਰ ਲਿਆ ਗਿਆ ਹੈ। ਇਸ ਬਾਰੇ ਕੋਈ ਦੋ ਰਾਇ ਨਹੀਂ ਹੈ ਕਿ ਸਿੱਧੂ ਅਤੇ ਪ੍ਰਗਟ ਸਿੰਘ ਰਾਜਨੀਤੀ ਵਿਚ ਸਾਫ ਸੁਥਰੇ ਅਕਸ ਵਾਲੇ ਨੇਤਾ ਵਜੋਂ ਜਾਣੇ ਜਾਂਦੇ ਹਨ ਪਰ ਇਸ ਬਾਰੇ ਵੀ ਕੋਈ ਦੋ ਰਾਇ ਨਹੀਂ ਹੈ ਕਿ ਜਿਸ ਤਰ੍ਹਾਂ ਕਾਂਗਰਸ ਦੇ ਅੰਦਰੂਨੀ ਘਮਸਾਨ ਵਿਚ ਦੋਹਾਂ ਆਗੂਆਂ ਨੇ ਪਾਰਟੀ ਦੀ ਜ਼ਿੰਮੇਵਾਰੀ ਸੰਭਾਲੀ ਹੈ, ਉਸ ਨਾਲ ਦੋਹਾਂ ਅੱਗੇ ਚੁਣੋਤੀਆਂ ਵੀ ਬਹੁਤ ਵੱਡੀਆਂ ਹਨ। ਪਾਰਟੀ ਹਾਈਕਮਾਂਡ ਨੇ ਸਿੱਧੂ ਨੂੰ ਪ੍ਰਧਾਨਗੀ ਦੇਣ ਤੋਂ ਪਹਿਲਾਂ ਪੰਜਾਬ ਦੇ ਪਾਰਟੀ ਆਗੂਆਂ ਅਤੇ ਮੰਤਰੀਆਂ ਨਾਲ ਕਈ ਗੇੜ ਦੀਆਂ ਮੁਲਤਕਾਤਾਂ ਕੀਤੀਆਂ ਸਨ।ਪਾਰਟੀ ਨੇ ਸੰਤੁਲਨ ਕਾਇਮ ਰੱਖਦੇ ਹੋਏ ਸਿੱਧੂ ਨੂੰ ਪਾਰਟੀ ਪ੍ਰਧਾਨ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਵਜੋਂ ਸਰਕਾਰ ਦੀ ਜ਼ਿੰਮੇਵਾਰੀ ਸੌਂਪੀ।

ਪਾਰਟੀ ਦੀ ਸਥਿਤੀ ਇਹ ਹੋ ਗਈ ਹੈ ਕਿ ਕੈਪਟਨ ਅਮਰਿੰਦਰ ਦੇ ਕੱਟੜ ਆਲੋਚਕ ਹੱਥ ਵੱਡੀ ਜ਼ਿੰਮੇਵਾਰੀ ਆ ਗਈ ਹੈ। ਇਸ ਤੋਂ ਇਹ ਵੀ ਸੰਕੇਤ ਜਾਂਦਾ ਹੈ ਕਿ ਪਾਰਟੀ ਹਾਈਕਮਾਂਡ ਨੇ ਵਿਧਾਨ ਸਭਾ ਚੋਣ ਜਿੱਤਣ ਲਈ ਪਾਰਟੀ ਦੇ ਜਥੇਬੰਦਕ ਢਾਂਚੇ ਵਿਚ ਨਵਜੋਤ ਸਿੱਧੂ ਦੀ ਪਸੰਦ ਨੂੰ ਪੂਰੀ ਅਹਿਮੀਅਤ ਦਿੱਤੀ ਹੈ। ਇਸ ਨਾਲ ਪਾਰਟੀ ਅੰਦਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਪ੍ਰੇਸ਼ਾਨੀਆਂ ਦੇ ਵਾਧੇ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ। ਹਾਲਾਂਕਿ ਪ੍ਰਗਟ ਸਿੰਘ ਦੀ ਨਿਯੁਕਤੀ ਉਸ ਤੋਂ ਇਕਦਮ ਬਾਅਦ ਉਦੋਂ ਕੀਤੀ ਗਈ ਹੈ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਰਟੀ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਨੂੰ ਦਿੱਲੀ ਮਿਲ ਕੇ ਆਏ ਹਨ। ਪਾਰਟੀ ਅੰਦਰ ਮੁੱਖ ਮੰਤਰੀ ਦੇ ਵਿਰੋਧੀਆਂ ਵੱਲੋਂ 15 ਅਗਸਤ ਤੋਂ ਪਹਿਲਾਂ ਇਕ ਹੀ ਦਿਨ ਵਿਚ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨ ਮੰਤਰੀ ਮੋਦੀ ਅਤੇ ਗ੍ਰਹਿ ਮੰਤਰੀ ਅਮਤਿ ਸ਼ਾਹ ਨਾਲ ਮੁਲਾਕਾਤ ਦੇ ਵੀ ਕਈ ਅਰਥ ਕੱਢੇ ਜਾ ਰਹੇ ਹਨ। ਇਸ ਮੁਲਾਕਾਤ ਨੂੰ ਪਾਰਟੀ ਹਾਈਕਮਾਂਡ ਨਾਲ ਨਰਾਜ਼ਗੀ ਦੇ ਨਜ਼ਰੀਏ ਤੋਂ ਵੀ ਦੇਖਿਆ ਜਾ ਰਿਹਾ ਹੈ। ਉਂਝ ਵੀ ਅਫਗਾਨਿਸਤਾਨ ਵਿਚ ਵਾਪਰੀਆਂ ਤਾਜ਼ਾ ਘਟਨਾਵਾਂ ਅਤੇ ਤਾਲਿਬਾਨ ਦੀ ਚੜ੍ਹਤ ਨੇ ਵੀ ਪੰਜਾਬ ਅਤੇ ਜੰਮੂ ਕਸ਼ਮੀਰ ਸੂਬਿਆਂ ਬਾਰੇਂ ਕੇਂਦਰ ਦੀ ਚਿੰਤਾ ਵਧਾ ਦਿੱਤੀ ਹੈ। ਇਨ੍ਹਾਂ ਪ੍ਰਸਥਿਤੀਆਂ ਵਿਚ ਕੌਮਾਂਤਰੀ ਸਥਿਤੀ ਬਾਰੇ ਵੀ ਕੇਂਦਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਰਾਇ ਇਕੋ ਜਿਹੀ ਹੈ। ਕਿਸੇ ਨੂੰ ਇਹ ਟਿੱਪਣੀ ਬੁਰੀ ਲੱਗੇ ਪਰ ਪੰਜਾਬ ਵਿਚ ਬਹੁਤੇ ਮੁੱਖ ਮੰਤਰੀ ਕੇਂਦਰ ਦੀ ਸਹਿਮਤੀ ਵਾਲੇ ਹੀ ਬਣੇ ਹਨ, ਬੇਸ਼ਕ ਰਾਜਸੀ ਸੋਚ ਵੱਖਰੀ ਰਹੀ ਹੋਵੇ।

ਪੰਜਾਬ ਦੇ ਵੱਡੇ ਮੁੱਦਿਆਂ ਦੇ ਮਾਮਲੇ ਵਿਚ ਨਵਜੋਤ ਸਿੱਧੂ ਅਤੇ ਪ੍ਰਗਟ ਸਿੰਘ ਨੇ ਜਿਥੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੇ ਤੌਰ ‘ਤੇ ਨਿਸ਼ਾਨੇ ‘ਤੇ ਲਿਆ ਹੈ ਉੱਥੇ ਪੰਜਾਬੀਆਂ ਅੰਦਰ ਆਪਣੀ ਥਾਂ ਵੀ ਬਣਾਈ ਹੈ। ਇਨ੍ਹਾਂ ਦੋਹਾਂ ਆਗੂਆਂ ਨੇ ਪਾਰਟੀ ਅੰਦਰ ਇਕ ਨਵੀਂ ਉਮੀਦ ਜਗਾਈ ਹੈ ਅਤੇ ਪੰਜਾਬੀਆਂ ਨੂੰ ਰਵਾਇਤੀ ਆਗੂਆਂ ਦੀ ਥਾਂ ਬਦਲਵੀ ਰਾਜਨੀਤੀ ਦੀ ਝਲਕ ਵੀ ਵਿਖਾਈ ਹੈ ਜਦੋਂਕਿ ਦੂਜੇ ਪਾਸੇ 15 ਅਗਸਤ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਅੰਮ੍ਰਿਤਸਰ ਵਿਖੇ ਵਿਖੇ ਸੂਬਾ ਪੱਧਰੀ ਸਮਾਗਮ ਮੁੱਖ ਤੌਰ ਉੱਤੇ ਸਰਕਾਰ ਦੀਆਂ ਪ੍ਰਾਪਤੀਆਂ ਦੁਆਲੇ ਹੀ ਸੀਮਤ ਰਿਹਾ। ਇਸ ਭਾਸ਼ਨ ਵਿਚੋਂ ਉਹ ਉਤਸਾਹ ਦੀ ਝਲਕ ਗਾਇਬ ਸੀ ਜਿਹੜੀ ਕਿ ਵਿਰੋਧੀਆਂ ਲਈ ਪ੍ਰੇਸ਼ਾਨੀ ਖੜੀ ਕਰਦੀ ਹੈ। ਪਾਰਟੀ ਇਹ ਆਪ ਹੀ ਕਹਿਣ ਲਗ ਪਈ ਹੈ ਕਿ ਪਾਰਟੀ ਅੰਦਰ ਹੀ ਹਾਕਮ ਧਿਰ ਅਤੇ ਵਿਰੋਧੀ ਧਿਰ ਦੀ ਭੂਮਿਕਾ ਨਿਭਾਈ ਜਾ ਰਹੀ ਹੈ। ਕਾਂਗਰਸ ਦੇ ਵਿਰੋਧੀਆ ਵਲੋਂ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਜਾਣ ਬੁੱਝ ਕੇ ਅਜਿਹੀ ਦੂਹਰੀ ਭੂਮਿਕਾ ਨਿਭਾ ਰਹੀ ਹੈ। ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਆ ਰਹੇ ਮਹੀਨਿਆਂ ਵਿਚ ਨਵੀਂ ਟੀਮ ਕੋਈ ਠੋਸ ਨਤੀਜੇ ਸਾਹਮਣੇ ਲਿਆ ਸਕੇਗੀ? ਬਹੁਤ ਕੁਝ ਠੋਸ ਹਕੀਕਤਾਂ ‘ਤੇ ਹੀ ਨਿਰਭਰ ਕਰੇਗਾ?

- Advertisement -

ਸੰਪਰਕ: 9814002186

Share this Article
Leave a comment