ਨਵਜੋਤ ਸਿੱਧੂ ਇੱਕ ਅਜਿਹਾ ਨਕਲਚੀ ਜਿਸ ਨੂੰ ਵੇਖ ਕੇ ਲੋਕ ਹੱਸਦੇ ਹਨ : ਪ੍ਰਕਾਸ਼ ਸਿੰਘ ਬਾਦਲ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਇੱਕ ਅਜਿਹਾ ਨਕਲਚੀ ਦੱਸਿਆ ਹੈ, ਜਿਸ ਨੂੰ ਦੇਖ ਕੇ ਲੋਕ ਹੱਸਦੇ ਹਨ। ਬਾਦਲ ਅਨੁਸਾਰ ਅਜਿਹੇ ਲੋਕਾਂ ਨੂੰ ਲੋਕ ਵੋਟਾਂ ਕਦੇ ਵੀ ਨਹੀਂ ਪਾਉਂਦੇ। ਪ੍ਰਕਾਸ਼ ਸਿੰਘ ਬਾਦਲ ਇੱਥੇ ਹਲਕਾ ਲੰਬੀ ਵਿੱਚ ਚੋਣ ਪ੍ਰਚਾਰ ਕਰਨ ਲਈ ਪਹੁੰਚੇ ਸਨ।

ਇਸ ਦੌਰਾਨ ਵੱਡੇ ਬਾਦਲ ਨੇ ਕਿਹਾ ਕਿ ਉਹ ਇੱਥੇ ਚੋਣ ਪ੍ਰਚਾਰ ਕਰਨ ਲਈ ਨਹੀਂ ਆਏ ਕਿਉਂਕਿ ਇਹ ਇਲਾਕਾ ਉਨ੍ਹਾਂ ਦਾ ਆਪਣਾ ਹੈ, ਤੇ ਚੋਣ ਪ੍ਰਚਾਰ ਬੇਗਾਨੀ ਥਾਂ ਕੀਤਾ ਜਾਂਦਾ ਹੈ। ਇੱਥੇ ਤਾਂ ਉਹ ਆਪਣਿਆਂ ਦੇ ਦਰਸ਼ਨ ਕਰਨ ਆਏ ਹਨ।  ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਕਾਂਗਰਸ ਪਾਰਟੀ ਨੇ ਸੂਬੇ ਨੂੰ ਵੱਡੇ ਪੱਧਰ ‘ਤੇ ਨੁਕਸਾਨ ਪਹੁੰਚਾਇਆ ਹੈ ਕਿਉਂਕਿ ਇਹ ਪਾਰਟੀ ਸੂਬੇ ਦੀ ਨੰਬਰ ਇੱਕ ਦੁਸ਼ਮਣ ਪਾਰਟੀ ਹੈ, ਜਿਸ ਨੇ ਸੂਬੇ ਨੂੰ ਆਰਥਿਕ, ਸਿਆਸੀ ਤੇ ਧਾਰਮਿਕ ਤੌਰ ‘ਤੇ ਨੁਕਸਾਨ ਪਹੁੰਚਾਇਆ ਹੈ। ਪੱਤਰਕਾਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਸਬੰਧੀ ਸਵਾਲ ਪੁੱਛੇ ਜਾਣ ‘ਤੇ ਵੱਡੇ ਬਾਦਲ ਨੇ ਉਲਟਾ ਪੱਤਰਕਾਰਾਂ ਨੂੰ ਹੀ ਪੁੱਛ ਲਿਆ ਕਿ ਨਵਜੋਤ ਸਿੱਧੂ ਕੀ ਚੀਜ਼ ਹੈ? ਉਨ੍ਹਾਂ ਕਿਹਾ ਕਿ ਜੇਕਰ ਪਿੰਡ ਵਿੱਚ ਕੋਈ ਨਕਲਚੀ ਆ ਜਾਵੇ ਤਾਂ ਲੋਕ ਉਸ ਨੂੰ ਵੇਖ ਕੇ ਹੱਸਦੇ ਜਰੂਰ ਹਨ, ਵੋਟਾਂ ਨਹੀਂ ਪਾਉਂਦੇ। ਸਿੱਧੂ ਇੱਕ ਨਕਲਚੀ ਹੈ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਬਾਦਲਾਂ ਤੇ ਨਵਜੋਤ ਸਿੰਘ ਸਿੱਧੂ ਦਰਮਿਆਨ ਇੰਨੀ ਦਿਨੀਂ 36 ਦਾ ਅੰਕੜਾ ਚੱਲ ਰਿਹਾ ਹੈ। ਵੱਡੇ ਬਾਦਲ ਵੱਲੋਂ ਸਿੱਧੂ ਨੂੰ ਨਕਲਚੀ ਕਹਿਣ ਨਾਲ ਸੁਣਨ ਵਾਲੇ ਲੋਕਾਂ ਨੂੰ ਮੌਕੇ ‘ਤੇ ਵੱਡੇ ਬਾਦਲ ਦੀ ਗੱਲ ‘ਤੇ ਵੀ ਹਾਸਾ ਜਰੂਰ ਆਇਆ ਹੋਣੈ। ਹੁਣ ਵੇਖਣਾ ਇਹ ਹੋਵੇਗਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਵੱਡੇ ਬਾਦਲ ਦੇ ਇਸ ਬਿਆਨ ਦਾ ਜਵਾਬ ਦੇਣਗੇ ਤਾਂ ਉਸ ਵੇਲੇ ਕਿਸ ਕਿਸ ਨੂੰ ਹਾਸਾ ਆਵੇਗਾ ਤੇ ਕਿਸ ਕਿਸ ਨੂੰ ਗੁੱਸਾ?

Share this Article
Leave a comment