ਮੇਰੇ ਖਿਲਾਫ਼ ਨਸ਼ਿਆਂ ਦੇ ਮਾਮਲੇ ’ਚ ਕੋਈ ਸਬੂਤ ਹੈ ਤਾਂ ਕਰੋ‌ ਪੇਸ਼ : ਮਜੀਠੀਆ

TeamGlobalPunjab
4 Min Read

ਚੰਡੀਗੜ੍ਹ : ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਵੀਰਵਾਰ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਹਨਾਂ ਖਿਲਾਫ ਝੂਠੇ ਦੋਸ਼ ਲਗਾਉਣ ਦੀ ਨਿਖੇਧੀ ਕੀਤੀ ਤੇ ਉਹਨਾਂ ਨੁੰ ਖੁੱਲ੍ਹੀ ਚੁਣੌਤੀ ਦਿੱਤੀ ਕਿ ਜੇਕਰ ਉਹਨਾਂ ਕੋਲ ਨਸ਼ਿਆਂ ਦੇ ਮਾਮਲੇ ਵਿਚ ਉਹਨਾਂ ਖਿਲਾਫ ਕੋਈ ਵੀ ਗਲਤ ਕੰਮ ਕਰਨ ਦਾ ਸਬੁਤ ਹੈ ਤਾਂ ਉਹ ਪੇਸ਼ ਕਰਨ ਅਤੇ ਉਹਨਾਂ ਕਿਹਾ ਕਿ ਕਾਂਗਰਸ ਸਰਕਾਰ ਹੁਣ ਇਕ ਨਵੇਂ ਕੇਸ ਵਿਚ ਉਹਨਾਂ ਨੁੰ ਫਸਾਉਣ ਦਾ ਯਤਨ ਕਰ ਰਹੀ ਹੈ।

ਮਜੀਠੀਆ ਅਕਾਲੀ ਦਲ ਦੇ ਵਿਧਾਇਕ ਦਲ ਦੇ ਆਗੂ ਸ਼ਰਨਜੀਤ ਸਿੰਘ ਢਿੱਲੋਂ ਸਮੇਤ ਵਿਧਾਇਕ ਦਲ ਦੇ ਮੈਂਬਰਾਂ ਨਾਲ ਪ੍ਰੈੱਸ ਕਾਨਫਰੰਸ ਨੁੰ ਸੰਬੋਧਨ ਕਰ ਰਹੇ ਸਨ। ਵਿਧਾਇਕ ਦਲ ਨੇ ਮਜੀਠੀਆ ਖਿਲਾਫ ਬੇਹੂਦਾ ਤੇ ਅਪਮਾਨਯੋਗ ਸ਼ਬਦਾਵਲੀ ਵਰਤਣ ’ਤੇ ਮੁੱਖ ਮੰਤਰੀ ਦੀ ਨਿਖੇਧੀ ਕੀਤੀ।

ਬਿਕਰਮ ਮਜੀਠੀਆ ਨੇ ਇਹ ਵੀ ਉਜਾਗਰ ਕੀਤਾ ਕਿ ਕਿਵੇਂ ਕਾਂਗਰਸ ਸਰਕਾਰ ਪਹਿਲਾਂ ਦੇ ਐਨ ਡੀ ਪੀ ਐਸ ਕੇਸਾਂ ਵਿਚ ਉਹਨਾਂ ਖਿਲਾਫ ਕੋਈ ਮਾਮਲਾ ਨਾ ਬਣਦਾ ਹੋਣ ਕਾਰਨ ਨਮੋਸ਼ੀ ਵਿਚ ਘਿਰ ਗਈ ਹੈ ਕਿਉਂਕਿ ਇਹਨਾਂ ਕੇਸਾਂ ਦਾ ਫੈਸਲਾ ਤਿੰਨ ਸਾਲ ਪਹਿਲਾਂ ਹੋ ਚੁੱਕਾ ਹੈ। ਉਹਨਾਂ ਕਿਹਾ ਕਿ ਸਰਕਾਰ ਹੁਣ ਉਹਨਾਂ ਨੁੰ ਨਵੇਂ ਕੇਸ ਵਿਚ ਫਸਾਉਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਨੇ ਉਹਨਾਂ ਖਿਲਾਫ ਦੋਸ਼ ਲਗਾਉਣ ਦਾ ਰਾਹ ਫੜਿਆ ਹੈ।

ਉਹਨਾਂ ਕਿਹਾ ਕਿ ਉਹ ਸਪਸ਼ਟ ਕਰਨਾ ਚਾਹੁੰਦੇ ਹਨ ਕਿ ਉਹ ਅਜਿਹੇ ਤਰੀਕਿਆਂ ਤੋਂ ਡਰਨ ਵਾਲੇ ਨਹੀਂ ਹਨ। ਉਹਨਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਉਹਨਾਂ ਨੇ ਵਿਸ਼ੇਸ਼ ਇਜਲਾਸ ਵਿਚ ਸਿਰਫ ਲੋਕਾਂ ਦੀਆਂ ਭਾਵਨਾਵਾਂ ਉਠਾਈਆਂ ਸਨ ਤੇ ਉਹਨਾਂ ਨੂੰ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਕੋਈ ਨਿੱਜੀ ਸ਼ਿਕਾਇਤ ਨਹੀਂ ਹੈ। ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਚੰਨੀ ਤਾਂ ਉਹਨਾਂ ਨੁੰ ਖੁਦ ਉਸ ਵੇਲੇ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਕੋਲ ਲੈ ਜਾਂਦੇ ਸਨ ਜਦੋਂ ਉਹਨਾਂ ਦੇ ਭਰਾ ਮਨਮੋਹਨ ਸਿੰਘ ਦਾ ਨਾਂ ਸਿਟੀ ਸੈਂਟਰ ਘੁਟਾਲੇ ਵਿਚ ਆ ਗਿਆ ਸੀ।

- Advertisement -

ਅਕਾਲੀ ਆਗੂ ਨੇ ਪਾਰਟੀ ਵਿਧਾਇਕਾਂ ਦੇ ਨਾਲ ਵੀ ਦੱਸਿਆ ਕਿ ਕਿਵੇਂ ਬ੍ਰਹਮ ਮਹਿੰਦਰਾ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਪਰਗਟ ਸਿੰਘ ਸਮੇਤ ਸੀਨੀਅਰ ਕਾਂਗਰਸੀ ਆਗੂਆਂ ਨੇ ਸਪੀਕਰ ਦੇ ਚੈਂਬਰ ਵਿਚ ਮੰਨਿਆ ਹੈ ਕਿ ਮੁੱਖ ਮੰਤਰੀ ਨੇ ਉਹਨਾਂ ਖਿਲਾਫ ਅਪਮਾਨਯੋਗ ਭਾਸ਼ਾ ਦੀ ਵਰਤੋਂ ਕੀਤੀ। ਉਹਨਾਂ ਕਿਹਾ ਕਿ ਕੁਲਦੀਪ ਜ਼ੀਰਾ ਜਿਸਨੇ ਅਕਾਲੀ ਵਿਧਾਇਕ ਪਵਨ ਟੀਨੁੰ ਨੂੰ ਧਮਕੀ ਵੀ ਦਿੱਤੀ, ਸਮੇਤ ਮੁੱਖ ਮੰਤਰੀ ਦੇ ਆਲੇ ਦੁਆਲੇ ਦੀ ਟੀਮ ਉਹਨਾਂ ਦੀ ਹਮਾਇਤ ਵਿਚ ਨਿੱਤਰੀ ਤੇ ਉਹਨਾਂ ’ਤੇ ਇੰਨੀ ਭਾਰੂ ਪੈ ਗਈ ਕਿ ਮੁੱਖ ਮੰਤਰੀ ਨੂੰ ਆਪਣੇ ਰਵੱਈਏ ਦੀ ਮੁਆਫੀ ਤੱਕ ਨਹੀਂ ਮੰਗਣ ਦਿੱਤੀ।

2013 ਦੀ ਕਾਂਟਰੈਕਟਰ ਫਾਰਮਿੰਗ ਐਕਟ ਜੋ ਪਿਛਲੀ ਅਕਾਲੀ ਦਲ ਤੇ ਭਾਜਪਾ ਗਠਜੋੜ ਸਰਕਾਰ ਨੇ ਪਾਸ ਕੀਤਾ ਸੀ, ਦੀ ਗੱਲ ਕਰਦਿਆਂ  ਮਜੀਠੀਆ ਨੇ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਉਸ ਵੇਲੇ ਦੀ ਸਰਕਾਰ ਵਿਚ ਮੁੱਖ ਪਾਰਲੀਮਾਨੀ ਸਕੱਤਰ ਵਜੋਂ ਇਸ ਬਿੱਲ ਦੀ ਹਮਾਇਤ ਕੀਤੀ ਸੀ ਤੇ ਇਹ ਸਰਬਸੰਮਤੀ ਨਾਲ ਪਾਸ ਹੋਇਆ ਸੀ।

ਇਸ ਦੌਰਾਨ ਅਕਾਲੀ ਦਲ ਵਿਧਾਇਕ ਦਲ ਨੇ ਕਾਂਗਰਸ ਸਰਕਾਰ ਵੱਲੋਂ ਵਿਧਾਨ ਸਭਾ ਸੈਸ਼ਨ ਨੂੰ ਸਿਰਫ ‘ਜੁਮਲੇ’ ਤੱਕ ਸੀਮਤ ਕਰਨ ਦੀ ਨਿਖੇਧੀ ਕੀਤੀ। ਸ਼ਰਨਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਾਰਟੀ ਵਿਧਾਇਕਾਂ ਨੇ ਕਾਂਗਰਸ ਸਰਕਾਰ ਨੇ ਬੀ ਐਸ ਐਫ ਦਾ ਪੰਜਾਬ ਵਿਚ ਅਧਿਕਾਰ ਖੇਤਰ ਵਧਾਏ ਜਾਣ ਅਤੇ ਤਿੰਨ ਖੇਤੀ ਕਾਨੂੰਨਾਂ ’ਤੇ ਮਤੇ ਪਾਸ ਕਰ ਕੇ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਯਤਨ ਕੀਤਾ ਹੈ।

Share this Article
Leave a comment