Home / ਸਿਆਸਤ / ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਾਂਗ ਚਾਰਜਸੀਟ ਲੀਕ ਹੋਣੋ ਬਚਾਉਣੀ ਸੀ, ਤਾਹੀਓਂ ਕਿਸੇ ਨੂੰ ਨਹੀਂ ਦੱਸਿਆ, ਪੇਸ਼ ਕੀਤੇ ਚਲਾਨ ਲਈ ਮੈਂ ਖੁਦ ਜਿੰਮੇਵਾਰ : ਕੁੰਵਰ ਵਿਜੇ

ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਵਾਂਗ ਚਾਰਜਸੀਟ ਲੀਕ ਹੋਣੋ ਬਚਾਉਣੀ ਸੀ, ਤਾਹੀਓਂ ਕਿਸੇ ਨੂੰ ਨਹੀਂ ਦੱਸਿਆ, ਪੇਸ਼ ਕੀਤੇ ਚਲਾਨ ਲਈ ਮੈਂ ਖੁਦ ਜਿੰਮੇਵਾਰ : ਕੁੰਵਰ ਵਿਜੇ

ਸਵਾਲ : ਕੀ ਕੁੰਵਰ ਵਿਜੇ ਨੂੰ ‘ਸਿੱਟ’ ਦੇ ਬਾਕੀ ਮੈਂਬਰਾਂ ‘ਤੇ ਸ਼ੱਕ ਸੀ ਕਿ ਇਹ ਚਾਰਜਸੀਟ ਉਹ ਲੀਕ ਕਰ ਸਕਦੇ ਨੇ?

ਫ਼ਰੀਦਕੋਟ : ਇੱਕ ਪਾਸੇ ਅੱਜ ਕੋਟਕਪੁਰਾ ਗੋਲੀ ਕਾਂਡ ਮਾਮਲੇ ਵਿੱਚ ਐਸਆਈਟੀ ਨੇ ਅਦਾਲਤ ਅੰਦਰ 68 ਪੰਨਿਆ ਦਾ ਦੂਜਾ ਚਲਾਨ ਦਾਇਰ ਕੀਤਾ ਹੈ, ਉੱਥੇ ਦੂਜੇ ਪਾਸੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਆਪਣੇ ਨਿੱਜੀ ਬਲਾਗ ‘ਤੇ ਐਸਆਈਟੀ ਦੇ ਮੈਂਬਰਾਂ ਨਾਲ ਉੱਠੇ ਵਿਵਾਦ, ਅਕਾਲੀਆਂ ਵੱਲੋਂ ਲਾਏ ਗਏ ਦੋਸ਼ਾਂ ਅਤੇ 28 ਮਈ ਨੂੰ ਪੇਸ਼ ਕੀਤੇ ਗਏ ਚਲਾਨ ਨੂੰ ਚੁੱਪ ਚਾਪ ਅਦਾਲਤ ਵਿੱਚ ਪੇਸ਼ ਕਰਨ ਦਾ ਸਪੱਸ਼ਟੀਕਰਨ ਪਾ ਕੇ ਨਵਾਂ ਧਮਾਕਾ ਕਰ ਦਿੱਤਾ ਹੈ। ਕੁੰਵਰ ਵਿਜੇ ਪ੍ਰਤਾਪ ਵੱਲੋਂ ਪਾਏ ਗਏ ਇਸ ਸਪੱਸ਼ਟੀਕਰਨ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ, “28 ਮਈ ਨੂੰ ਪੇਸ਼ ਕੀਤੇ ਗਏ ਚਲਾਨ ਦੇ ਇੱਕ ਇੱਕ ਅੱਖ਼ਰ ਦੀ ਜਿੰਮੇਵਾਰੀ ਉਹ ਉੱਪਰ ਲੈਂਦੇ ਹਨ। ਉਨ੍ਹਾਂ ਕਿਹਾ ਕਿ ਚਲਾਨ ਨੁੰ ਉਨ੍ਹਾਂ ਨੇ ਨਿਆਂ ਦੇ ਵੱਡੇ ਹਿੱਤ ਵਿੱਚ ਗੁਪਤ ਰੱਖਿਆ, ਕਿਉਂਕਿ ਉਨ੍ਹਾਂ ਨੇ ਇਸ ਚਲਾਨ ਨੂੰ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗ ਅਦਾਲਤ ਵਿੱਚ ਪੇਸ਼ ਹੋਣ ਤੋਂ ਪਹਿਲਾਂ ਹੀ ਲੀਕ ਹੋਣੋਂ ਬਚਾਉਣਾ ਸੀ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਬਿਨਾਂ ਲੀਕ ਹੋਇਆਂ ਅਦਾਲਤ ਵਿੱਚ ਦਾਇਰ ਕਰਕੇ ਅਸੀਂ ਪਹਿਲਾਂ ਵਾਲੇ ਕੌੜੇ ਤਜ਼ਰਬੇ ਤੋਂ ਬਚਦੇ ਹੋਏ ਇਸ ਕੰਮ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹ ਲਿਆ ਹੈ।” ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਨ੍ਹਾਂ ਸ਼ਬਦਾਂ ਨੂੰ ਪੜ੍ਹਨ ਤੋਂ ਬਾਅਦ ਚਾਰੇ ਪਾਸੇ ਇਸ ਗੱਲ ਦੇ ਸਵਾਲ ਖੜ੍ਹੇ ਹੋ ਗਏ ਹਨ ਕਿ, ਕੀ ਉਨ੍ਹਾਂ ਨੂੰ ਆਪਣੇ ਨਾਲ ਦੇ ਬਾਕੀ ਚਾਰਾਂ ਮੈਬਰਾਂ ‘ਤੇ ਚਾਰਜਸੀਟ ਲੀਕ ਕੀਤੇ ਜਾਣ ਦਾ ਸ਼ੱਕ ਸੀ, ਜਿਹੜਾ ਉਨ੍ਹਾਂ ਨੇ ਇਸ ਚਾਰਜਸੀਟ ਨੂੰ ਸਾਰਿਆਂ ਤੋਂ ਲੁਕੋ ਕੇ ਅਦਾਲਤ ਵਿੱਚ ਪੇਸ਼ ਕਰ ਦਿੱਤਾ? ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣੇ ਬਲਾਗ ‘ਤੇ ਲਿਖਿਆ ਗਿਆ ਹੈ ਕਿ ਉਨ੍ਹਾਂ ਨੇ ਕੋਟਕਪੁਰਾ ਗੋਲੀ ਕਾਂਡ ਦੇ ਮਾਮਲੇ ਵਿੱਚ ਫ਼ਰੀਦਕੋਟ ਦੀ ਅਦਾਲਤ ਅੰਦਰ ਦੂਜਾ ਚਲਾਨ ਪੇਸ਼ ਕਰ ਦਿੱਤਾ ਗਿਆ ਹੈ। ਜਿਸ ਵਿੱਚ ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਅਤੇ ਨਿਆ ਵਿਭਾਗ ਤੋਂ ਪੰਜ ਪੁਲਿਸ ਅਧਿਕਾਰੀਆਂ ਖਿਲਾਫ ਕੇਸ ਚਲਾਉਣ ਦੀ ਪ੍ਰਾਪਤ ਕੀਤੀ ਗਈ ਮਨਜੂਰੀ ਅਤੇ ਸਨਾਖਤੀ ਸੀਟ ਨੱਥੀ ਕੀਤੀ ਗਈ ਹੈ। ਕੁੰਵਰ ਵਿਜੇ ਨੇ ਲਿਖਿਆ ਹੈ ਕਿ ਇੰਝ ਜਾਂਚ ਦਾ ਪਹਿਲਾ ਅਧਿਆਇ ਖਤਮ ਹੁੰਦਾ ਹੈ ਤੇ ਅਗਲਾ ਅਧਿਆਇ ਸ਼ੁਰੂ ਹੁੰਦਾ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਅੱਗੇ ਲਿਖਿਆ ਹੈ ਕਿ ਕੋਟਕਪੁਰਾ ਫਾਇਰਿੰਗ ਕੇਸ ਵਿੱਚ ਜਿਹੜਾ ਚਲਾਨ ਅਸੀਂ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਹੈ, ਉਸ ਸਬੰਧੀ ਅਸੀਂ ਕਈ ਤਰ੍ਹਾਂ ਦੀਆਂ ਚਰਚਾਵਾਂ ਦੇਖੀਆਂ ਗਈਆਂ ਹਨ। ਇਸ ਚਾਰਜਸੀਟ ਦੇ ਕਨੂੰਨੀ ਪੱਖ ਅਤੇ ਮੰਨਣਯੋਗਤਾ ਦੇ ਸਬੰਧ ਵਿੱਚ ਉਨ੍ਹਾਂ ਕਿਹਾ ਹੈ ਕਿ ਇਸ ਸਬੰਧ ਵਿੱਚ ਸਾਰੇ ਤੱਥਾਂ ਨੂੰ ਸਿੱਧੇ ਸਬੂਤਾਂ, ਹਾਲਾਤ ਤੋਂ ਪੈਦਾ ਹੋਏ ਸਬੂਤਾਂ ਅਤੇ ਡੀਜੀਟਲ ਪ੍ਰਮਾਣਾ ਨਾਲ ਤਸਦੀਕ ਕੀਤਾ ਗਿਆ ਹੈ, ਇਸ ਲਈ ਉਹ (ਕੁੰਵਰ ਵਿਜੇ ਪ੍ਰਤਾਪ ਸਿੰਘ) ਇਸ ਚਲਾਨ ਦੇ ਹਰ ਇੱਕ ਵਾਕ ਨਾਲ ਖੜ੍ਹੇ ਹਨ ਤੇ ਉਹ ਇਸ ਬਾਰੇ ਹਰ ਇੱਕ ਨਾਗਰਿਕ ਲਈ ਕਿਸੇ ਕਿਸਮ ਦੇ ਸਪੱਸ਼ਟੀਕਰਨ ਲਈ ਅਸਾਨੀ ਨਾਲ ਮੁਹੱਈਆ ਹਨ। ਚਲਾਨ ਦੀ ਗੁਣਵੱਤਾ ਬਾਰੇ ਸਪੱਸ਼ਟੀਕਰਨ ਦਿੰਦਿਆਂ ਕੁੰਵਰ ਵਿਜੇ ਨੇ ਕਿਹਾ ਕਿ ਉਹ ਇਸ ਬਾਰੇ ਸਿਰਫ ਇਹ ਹੀ ਕਹਿ ਸਕਦੇ ਹਨ ਕਿ ਇਹ ਚਲਾਨ ਅੰਤਰਰਾਸ਼ਟਰੀ ਪੱਧਰ ਦਾ ਚਲਾਨ ਹੈ ਤੇ ਭਾਰਤ ਵਿੱਚ ਇਸ ਨੂੰ ਆਮ ਨਹੀਂ ਦੇਖਿਆ ਜਾ ਸਕਦਾ। ਉਨ੍ਹਾਂ ਕਿਹਾ ਇਹੋ ਜਿਹੇ ਚਲਾਨ ਸਿਰਫ ਅਮਰੀਕਾ, ਬਰਤਾਨੀਆਂ, ਜਾਂ ਕੁਝ ਮਾਮਲਿਆਂ ਵਿੱਚ ਫਰਾਂਸ ਅਤੇ ਜਰਮਨੀ ਵਿੱਚ ਹੀ ਦੇਖੇ ਜਾ ਸਕਦੇ ਹਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਉਸ ਚਲਾਨ ‘ਤੇ 23 ਤਾਰੀਖ਼ ਨੂੰ ਕੁੰਵਰ ਵਿਜੇ ਪ੍ਰਤਾਪ ਦੇ ਹਸਤਾਖਰ ਹੋਣ ਅਤੇ 27 ਤਾਰੀਖ਼ ਨੂੰ ਉਨ੍ਹਾਂ ਦੀ ਇਸ ਕੇਸ ਵਿੱਚ ਮੁੜ ਵਾਪਸੀ ‘ਤੇ ਚੁੱਕੇ ਗਏ ਸਵਾਲ ‘ਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਉਹ ਸਿਰਫ ਇਹ ਕਹਿ ਸਕਦੇ ਹਨ ਕਿ ਚਲਾਨ ਦਾ ਕਿਸੇ ਵੀ ਤਾਰੀਖ਼ ਨਾਲ ਕਿਸੇ ਵੀ ਢੰਗ ਨਾਲ ਕੋਈ ਸਬੰਧ ਨਹੀਂ। ਭਾਰਤੀ ਚੋਣ ਕਮਿਸ਼ਨ ਵੱਲੋਂ 5 ਅਪ੍ਰੈਲ ਨੂੰ ਭੇਜੀ ਗਈ ਜਿਸ ਚਿੱਠੀ ਵਿੱਚ ਕੁੰਵਰ ਵਿਜੇ ਪ੍ਰਤਾਪ ਦੇ ਤਬਾਦਲੇ ਦੀ ਗੱਲ ਆਉਂਦੀ ਹੈ ਉਸ ਸਬੰਧ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੇ ਇਸ ਸਵਿਧਾਨਿਕ ਸੰਸਥਾ ਲਈ ਬਹੁਤ ਸਤਿਕਾਰ ਅਤੇ ਸਨਮਾਨ ਦਿਖਾਇਆ ਹੈ। ਇਸ ਤੋਂ ਇਲਾਵਾ ਕੁੰਵਰ ਵਿਜੇ ਨੇ ਕਿਹਾ ਕਿ ਉਨ੍ਹਾਂ ਦਾ ਯਤਨ ਸੀ ਕਿ ਚਲਾਨ ਦੀ ਗੁਪਤਤਾ ਤੇ ਪਵਿੱਤਰਤਾ ਕਾਇਮ ਰਹੇ ਕਿਉਂਕਿ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਲੀਕ ਹੋਣ ਦਾ ਪਿਛਲਾ ਤਜਰਬਾ ਉਨ੍ਹਾਂ ਦੇ ਸਾਹਮਣੇ ਸੀ। ਇਸ ਲਈ ਉਨ੍ਹਾਂ ਨੇ ਨਿਆਂ ਦੇ ਵੱਡੇ ਹਿੱਤ ਵਿੱਚ ਇਸ ਚਲਾਨ ਨੂੰ ਸਫਲਤਾਪੂਰਵਕ ਬਿਨਾਂ ਕਿਸੇ ਲੀਕੇਜ਼ ਤੋਂ ਅਦਾਲਤ ਵਿੱਚ ਪੇਸ਼ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਕੇਸ ਦੌਰਾਨ ਅਸੀਂ ਨਿਰਪੱਖ ਅਤੇ ਨਿਰਪੱਖ ਜਾਂਚ ਦੀ ਪਵਿੱਤਰਤਾ ਤੇ ਪੇਸ਼ੇਵਰਤਾ ਨੂੰ ਬਣਾਈ ਰੱਖਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਕੁੰਵਰ ਵਿਜੇ ਪ੍ਰਤਾਪ ਸਿੰਘ ਅਨੁਸਾਰ, ” ਅਸੀਂ ਸ਼ੁਭ ਕਰਮਨ ‘ਤੇ ਕਬਹੂੰ ਨ ਟਰੋਂ ਦੇ ਰਾਹ ਨੂੰ ਅਪਣਾਇਆ ਹੈ ਜਿਹੜਾ ਕਿ ਮੁਸ਼ਕਲ ਤਾਂ ਜਰੂਰ ਹੈ ਪਰ ਅਸੰਭਵ ਨਹੀਂ ਲਗਦਾ।” ਉਨ੍ਹਾਂ ਕਿਹਾ ਕਿ ਅਸੀਂ ਇਸ ਪ੍ਰਕਿਰਿਆ ਤਹਿਤ ਭਾਰਤ ਦੇ ਨਿਆ ਵਿਧਾਨ ਦੀ ਪਾਲਣਾ ਕੀਤੀ ਹੈ। ਜਿਹੜਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਬਹੁਤ ਵਧੀਆ ਢੰਗ ਨਾਲ ਦਰਜ ਹੈ ਕਿ ਮੈਂ ਸੰਤਾਂ ਦਾ ਸਤਿਕਾਰ ਕਰਦਾ ਹਾਂ ਅਤੇ ਦੁਸ਼ਟ ਲੋਕਾਂ ਨੂੰ ਸਜ਼ਾ ਦਿੰਦਾ ਹਾਂ, ਪ੍ਰਮਾਤਮਾ ਦੀ ਪੁਲਿਸ ਵਜੋਂ ਇਹ ਮੇਰੀ ਡਿਊਟੀ ਹੈ। ਕੁੱਲ ਮਿਲਾ ਕੇ ਇਸ ਚਲਾਨ ਦੀ ਸਾਰੀ ਜਿੰਮੇਵਾਰੀ ਆਪਣੇ ‘ਤੇ ਲੈ ਕੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਜਿੱਥੇ ਐਸਆਈਟੀ ਦੇ ਉਨ੍ਹਾਂ ਮੈਂਬਰਾਂ ਨੂੰ ਜਵਾਬ ਦੇ ਦਿੱਤਾ ਹੈ ਜਿਨ੍ਹਾਂ ਨੇ ਡੀਜੀਪੀ ਨੂੰ ਲਿਖਤੀ ਸ਼ਿਕਾਇਤ ਦੇ ਕੇ ਕਿਹਾ ਸੀ, ਕਿ ਜੇਕਰ ਇਹ ਕੇਸ ਸਰਕਾਰ ਅਦਾਲਤ ਵਿੱਚ ਹਾਰਦੀ ਹੈ ਤਾਂ ਇਸ ਦੀ ਜਿੰਮੇਵਾਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਹੋਵੇਗੀ, ਉੱਥੇ ਦੂਜੇ ਪਾਸੇ ਮਾਹਰਾਂ ਅਨੁਸਾਰ ਗੱਲਾਂ ਹੀ ਗੱਲਾਂ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਆਪਣੇ ਬਾਕੀ ਦੇ ਚਾਰ ਮੈਂਬਰਾਂ ‘ਤੇ ਵੀ ਇਹ ਸ਼ੱਕ ਜਾਹਰ ਕਰ ਗਏ ਹਨ ਕਿ ਜੇਕਰ ਇਸ ਚਲਾਨ ਨੂੰ ਵੀ ਉਹ ਬਾਕੀਆਂ ਤੋਂ ਛੁਪਾ ਕੇ ਅਦਾਲਤ ਵਿੱਚ ਇਕੱਲਿਆਂ ਨਾ ਪੇਸ਼ ਕਰਦੇ ਤਾਂ ਇਹ ਚਲਾਨ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵਾਂਗ ਅਦਾਲਤ ਵਿੱਚ ਪੇਸ਼ ਹੋਣ ਤੋ ਪਹਿਲਾਂ ਹੀ ਲੀਕ ਹੋ ਸਕਦਾ ਸੀ। ਇਸ ਤੋਂ ਇਲਾਵਾ ਕੁੰਵਰ ਵਿਜੇ ਨੇ ਪੇਸ਼ ਕੀਤੇ ਗਏ ਚਲਾਨ ਨੂੰ ਵੀ ਦੁਨੀਆਂ ਦੇ ਬੇਹਤਰੀਨ ਚਲਾਨਾਂ ਵਿੱਚੋਂ ਇੱਕ ਕਰਾਰ ਦੇ ਕੇ ਆਪਣੀ ਜਾਂਚ ਨੂੰ ਵੀ ਸਰਵਉੱਤਮ ਦੱਸਿਆ ਹੈ। ਹੁਣ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਲਿਖਿਆ ਗਿਆ ਇਹ ਬਲਾਗ ਆਉਣ ਵਾਲੇ ਸਮੇਂ ਵਿੱਚ ਕੀ ਧਮਾਕਾ ਪਾਉਂਦਾ ਹੈ ਇਹ ਦੇਖਣਾ ਬੜਾ ਦਿਲਚਸਪ ਹੋਵੇਗਾ।  

Check Also

ਪੀ.ਏ. ਯੂ. ਵਿਚ ਫਲਾਂ ਬਾਰੇ 7ਵੀਂ ਵਿਚਾਰ-ਚਰਚਾ ਦਾ ਉਦਘਾਟਨ

ਲੁਧਿਆਣਾ: ਪੀ.ਏ. ਯੂ. ਦੇ ਫਲ ਵਿਗਿਆਨ ਵਿਭਾਗ ਵਲੋਂ ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਸਹਿਯੋਗ ਨਾਲ …

Leave a Reply

Your email address will not be published. Required fields are marked *